Home ਸਭਿਆਚਾਰ ਸ਼ਹੀਦ ਸਰਦਾਰ ਊਧਮ ਸਿੰਘ ਜੀ ਨੂੰ ਯਾਦ ਕਰਦਿਆਂ

ਸ਼ਹੀਦ ਸਰਦਾਰ ਊਧਮ ਸਿੰਘ ਜੀ ਨੂੰ ਯਾਦ ਕਰਦਿਆਂ

30
0


ਪੰਜਾਬ ਦੇ ਪਿੰਡ ਸੁਨਾਮ,(ਸੰਗਰੂਰ) ਵਿਖੇ ਮਾਤਾ ਹਰਨਾਮ ਕੌਰ ਜੀ ਦੀ ਕੁੱਖੋਂ, ਪਿਤਾ ਸਰਦਾਰ ਟਹਿਲ ਸਿੰਘ ਜੀ ਦੇ ਘਰ 26 ਦਸੰਬਰ 1899 ਈਸਵੀ ਨੂੰ ਸਰਦਾਰ ਊਧਮ ਸਿੰਘ ਜੀ ਦਾ ਜਨਮ ਹੋਇਆ।ਅਜੇ ਆਪ ਲਗਭਗ ਦੋ ਸਾਲ ਦੇ ਹੀ ਸਨ ਕਿ ਆਪ ਹੱਥੋਂ ਮਾਂ ਦੀ ਮਮਤਾ ਭਰੀ ਗੋਦ ਖੁਸ ਗਈ।ਰੱਬ ਦੀ ਕਰਨੀ ਨੂੰ ਕੌਣ ਰੋਕ ਸਕਦਾ ਹੈ, 9 ਸਾਲ ਦੀ ਉਮਰ ਵਿੱਚ ਪਿਤਾ ਜੀ ਦਾ ਸਾਇਆ ਵੀ ਸਿਰ ਤੋਂ ਉੱਠ ਗਿਆ। ਮਜਬੂਰਨ ਆਪ ਜੀ ਨੂੰ ਯਤੀਮਖਾਨੇ ਅੰਮ੍ਰਿਤਸਰ ਵਿਖੇ ਬਚਪਨ ਬਿਤਾਉਣਾ ਪਿਆ, ਜਿਥੇ ਆਪ ਜੀ ਨੇ ਮੁਢਲੀ ਵਿਦਿਆ ਪ੍ਰਾਪਤ ਕੀਤੀ ਅਤੇ ਲੱਕੜੀ ਦੇ ਕੰਮ ਦਾ ਹੁਨਰ ਵੀ ਸਿੱਖਿਆ। ਆਪ ਨੇ ਵੇਖਿਆ ਕਿ ਹਾਕਮ ਅੰਗਰੇਜ਼ ਸਰਕਾਰ ਬਿਨਾਂ ਕਿਸੇ ਵਜ੍ਹਾ ਭਾਰਤੀਆਂ ਤੇ ਕਿਸੇ ਨਾ ਕਿਸੇ ਢੰਗ ਨਾਲ ਤਸ਼ੱਦਦ ਕਰ ਰਹੀ ਹੈ, ਇਸੇ ਸੋਚ ਅਧੀਨ ਅੰਗਰੇਜ਼ ਸਰਕਾਰ ਨੇ 1914 ਈਸਵੀ ਵਿੱਚ ਰੋਲਟ- ਐਕਟ ਪਾਸ ਕਰ ਦਿੱਤਾ,ਜਿਸ ਅਧੀਨ, ਬਿਨਾਂ ਵਜ੍ਹਾ, ਬਿਨਾਂ ਅਪੀਲ- ਦਲੀਲ, ਬਿਨਾਂ ਕਿਸੇ ਕਸੂਰ ਦੇ ਸਰਕਾਰ ਕਿਸੇ ਨੂੰ ਵੀ ਚੁੱਕ ਕੇ ਸਲਾਖਾਂ ਪਿੱਛੇ ਸੁੱਟ ਸਕਦੀ ਸੀ ਕਿਉਂ ਕਿ ਸਮੇਂ ਅਨੁਸਾਰ ਅਜ਼ਾਦੀ ਦੀ ਮੰਗ ਜ਼ੋਰਾਂ ਤੇ ਸੀ ਅਤੇ ਸਰਕਾਰ ਡਰੀ ਹੋਈ ਸੀ। ਰੋਲਟ ਐਕਟ ਤਹਿਤ ਕਾਂਗਰਸੀ ਲੀਡਰਾਂ ਦੀ ਫੜੋ ਫੜੀ ਜਾਰੀ ਸੀ, ਜਿਨ੍ਹਾਂ ਵਿੱਚ ਮੁੱਖ ਆਗੂ ਡਾਕਟਰ ਸਤਪਾਲ ਅਤੇ ਸੈਫ਼ ਉਦ-ਦੀਨ ਕਿਚਲੂ ਵੀ ਗਿਰਫ਼ਤਾਰ ਹੋ ਚੁੱਕੇ ਸਨ।ਇਨ੍ਹਾਂ ਲੀਡਰਾਂ ਦੀਆਂ ਗਿਰਫ਼ਤਾਰੀਆ ਦੇ ਵਿਰੋਧ ਵਿਚ 13 ਅਪ੍ਰੈਲ 1919 ਨੂੰ ਜਲਿਆਂ ਵਾਲੇ ਬਾਗ਼ ਵਿਖੇ , ਬਹੁਤ ਸਾਰੇ ਲੋਕ ਸ਼ਾਂਤਮਈ ਢੰਗ ਨਾਲ ਮੁਜ਼ਾਹਰਾ ਕਰ ਰਹੇ ਸਨ, ਜਿਨ੍ਹਾਂ ਵਿੱਚ ਸਰਦਾਰ ਊਧਮ ਸਿੰਘ ਵੀ ਸੀ,ਇਸ ਵਕ਼ਤ ਅੰਗਰੇਜ਼ ਅਫ਼ਸਰ ਜਨਰਲ ਡਾਇਰ ਨੇ, ਉਨ੍ਹਾਂ ਨਿਹੱਥੇ ਮੁਜ਼ਾਹਰਾ ਕਰ ਰਹੇ ਲੋਕਾਂ ਤੇ, ਹੁਕਮ ਦੇ ਕੇ ਅੰਨ੍ਹੇਵਾਹ ਗੋਲੀਆਂ ਚਲਵਾ ਦਿੱਤੀਆਂ।ਇਸ ਖ਼ੂਨੀ ਸਾਕੇ ਵਿੱਚ ਲਗਭਗ 1500 ਤੋਂ ਵੱਧ ਲੋਕ ਸ਼ਹੀਦ ਹੋ ਗਏ ਤੇ ਲਗਭਗ ਇੰਨੇ ਹੀ ਜ਼ਖ਼ਮੀ ਹੋ ਗਏ ਸਨ।ਉਸ ਸਮੇਂ ਪੰਜਾਬ ਦੇ ਸ਼ੇਰ ਸਰਦਾਰ ਊਧਮ ਸਿੰਘ ਦੇ ਮਨ ਤੇ ਬਹੁਤ ਹੀ ਡੂੰਘਾ ਅਸਰ ਪਿਆ।ਉਸੇ ਸਮੇਂ ਹੀ ਸਰਦਾਰ ਊਧਮ ਸਿੰਘ ਨੇ ਇਸ ਕਾਂਡ ਦਾ ਬਦਲਾ ਲੈਣ ਲਈ ਅਤੇ ਜਨਰਲ ਡਾਇਰ ਨੂੰ ਮਾਰਨ ਦੀ ਜ਼ਿੱਦ ਧਾਰ ਲਈ। ਆਪ ਕੁਝ ਸਮਾਂ ਕਸ਼ਮੀਰ ਵਿਚ ਰਹੇ, ਫ਼ਿਰ ਆਪ ਮਜ਼ਦੂਰ ਜਮਾਤ ਦੇ ਨਾਲ ਦੱਖਣੀ ਅਫ਼ਰੀਕਾ ਵਿਖੇ ਚਲੇ ਗਏ, ਦੱਖਣੀ ਅਫ਼ਰੀਕਾ ਤੋਂ ਸਮੁੰਦਰੀ ਜਹਾਜ਼ ਰਾਹੀਂ ਅਮਰੀਕਾ ਵਿਖੇ ਪਹੁੰਚ ਗਏ, ਜਿਥੇ ਉਹ ਗ਼ਦਰ ਪਾਰਟੀ ਦੇ ਆਗੂ ਲਾਲਾ ਹਰਦਿਆਲ ਜੀ ਦੇ ਸਪੰਰਕ ਵਿੱਚ ਰਹੇ ਅਤੇ ਹਥਿਆਰ ਚਲਾਉਣ ਲਈ ਟ੍ਰੇਨਿੰਗ ਲਈ ਅਤੇ ਆਪਣਾ ਨਿਸ਼ਾਨਾ ਪੱਕਾ ਕਰਨ ਦੀ ਖ਼ੂਬ ਪਰੈਕਟਿਸ ਕੀਤੀ ਤੇ ਪੱਕੇ ਨਿਸ਼ਾਨਚੀ ਬਣ ਗਏ।ਇਸ ਉਪਰੰਤ ਊਧਮ ਸਿੰਘ ਇੰਗਲੈਂਡ ਪਹੁੰਚ ਗਏ, ਜਿਥੇ ਰਿਟਾਇਰਮੈਂਟ ਤੋਂ ਬਾਅਦ, ਜਨਰਲ ਮਾਈਕਲ ਓਡਵਾਇਰ ਰਹਿ ਰਿਹਾ ਸੀ। ਫਿਰ 1923 ਈਸਵੀ ਵਿੱਚ ਸਰਦਾਰ ਭਗਤ ਸਿੰਘ ਜੀ ਨੇ ਆਪ ਨੂੰ ਭਾਰਤ ਪਰਤਣ ਦੀ ਸਲਾਹ ਦਿੱਤੀ ਤੇ ਆਪ ਵਾਪਸ ਆ ਗਏ, ਇਥੇ ਲਹੌਰ ਦੇ ਨੈਸ਼ਨਲ ਕਾਲਜ ਵਿੱਚ ਐਫ਼ ਏ ਦੀ ਪੜਾਈ ਪੂਰੀ ਕੀਤੀ। ਆਪ ਦੁਬਾਰਾ ਫਿਰ ਇੰਗਲੈਂਡ ਪਹੁੰਚ ਗਏ। ਇੰਗਲੈਂਡ ਵਿਚ ਰਹਿੰਦਿਆਂ ਗ਼ਦਰ ਪਾਰਟੀ ਦੇ ਝੰਡੇ ਹੇਠ ਸੰਘਰਸ਼ ਜਾਰੀ ਰੱਖਿਆ। ਫ਼ਿਰ ਦੁਬਾਰਾ ਆਪ 1927 ਈਸਵੀ ਨੂੰ ਇੰਗਲੈਂਡ ਤੋਂ ਵਾਪਸ ਭਾਰਤ ਪਰਤ ਆਏ। ਭਾਰਤ ਵਿੱਚ ਅਜ਼ਾਦੀ ਦੀ ਲਹਿਰ ਦਾ ਘਰ- ਘਰ ਹੋਕਾ ਦਿੱਤਾ। ਇਥੇ ਰਹਿੰਦਿਆਂ ਗੈਰ ਕਾਨੂੰਨੀ ਤੌਰ ਤੇ ਹਥਿਆਰ ਰੱਖਣ ਦੇ ਦੋਸ਼ ਹੇਠ ਆਪਨੂੰ ਅੰਗਰੇਜ਼ੀ ਹਕੂਮਤ ਨੇ ਫੜ੍ਹਕੇ ਪੰਜ ਸਾਲ ਦੀ ਸਜ਼ਾ ਅਧੀਨ ਜੇਲ੍ਹ ਵਿਚ ਸੁੱਟ ਦਿੱਤਾ।ਆਪ ਪੰਜ ਸਾਲ ਦੀ ਸਜ਼ਾ ਕੱਟ ਕੇ 1933 ਈਸਵੀ ਵਿੱਚ ਲੰਡਨ ਵਿਖੇ ਚਲੇ ਗਏ।ਆਪ ਲੰਡਨ ਵਿੱਚ ਰਹਿੰਦਿਆਂ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਸੇਵਾ ਅਤੇ ਸਿਮਰਨ ਵੀ ਕਰਦੇ ਰਹੇ। ਲੰਡਨ ਦੀ ਧਰਤੀ ਤੇ ਰਹਿੰਦਿਆਂ ਆਪ ਨੇ ਬਹੁਤ ਸਾਰੇ ਅਜ਼ਾਦੀ ਘੁਲਾਟੀਆਂ ਨਾਲ ਮੁਲਾਕਾਤ ਕੀਤੀ ਅਤੇ ਮਾਈਕਲ ਉਡਵਾਇਰ ਨੂੰ ਮਾਰਨ ਦੀ ਵਿਉਂਤ ਵੀ ਬਣਾਈ। ਲੰਡਨ ਵਿੱਚ ਰਹਿੰਦਿਆਂ ਮਾਈਕਲ ਉਡਵਾਇਰ ਦਾ ਟਿਕਾਣਾ ਲੱਭ ਲਿਆ । ਉਡਵਾਇਰ ਨੂੰ ਮਾਰਨ ਲਈ ਆਪ ਨੂੰ ਬਹੁਤ ਮੌਕੇ ਮਿਲੇ,ਪਰ ਆਪ ਉਸਨੂੰ ਅਜਿਹੀ ਜਗ੍ਹਾ ਮਾਰਨਾ ਚਾਹੁੰਦੇ ਸਨ ਜਿਥੋਂ ਸਾਰੀ ਦੁਨੀਆਂ ਨੂੰ ਇਹ ਪਤਾ ਲੱਗ ਸਕੇ ਕਿ ਕਿਵੇਂ ਦਲੇਰੀ ਨਾਲ ਜਲਿਆਂ ਵਾਲੇ ਬਾਗ਼ ਦੇ ਕਾਤਲ ਨੂੰ ਸਜ਼ਾ ਦਿੱਤੀ ਗਈ ਹੈ। ਅਜਿਹਾ ਮੌਕਾ ਮਿਲ ਹੀ ਗਿਆ ,13 ਮਾਰਚ 1940 ਈਸਵੀ ਨੂੰ ਈਸਟ ਇੰਡੀਆ ਐਸੋਸੀਏਸ਼ਨ ਅਤੇ ਸੈਂਟਰਲ ਏਸ਼ੀਅਨ ਸੁਸਾਇਟੀ ਦੀ ਮੀਟਿੰਗ ਕੈਕਸਟਨ ਹਾਲ ਲੰਡਨ ਵਿਖੇ ਚਲ ਰਹੀ ਸੀ,ਜਿਸ ਵਿੱਚ ਜਲਿਆਂ ਵਾਲੇ ਬਾਗ਼ ਦੇ ਮੁੱਖ ਦੋਸ਼ੀ ਮਾਈਕਲ ਉਡਵਾਇਰ ਨੇ ਭਾਸ਼ਣ ਦੇਣਾ ਸੀ।ਇਸ ਮੌਕੇ ਆਪ ਇਕ ਕਿਤਾਬ ਦੇ ਸਾਂਚੇ ਵਿੱਚ ਪਿਸਤੌਲ ਲੁਕੋ ਕੇ ਅੰਦਰ ਲੈਜਾਣ ਵਿੱਚ ਸਫ਼ਲ ਹੋ ਗਏ।ਹੁਣ ਉਡਵਾਇਰ ਦੇ ਭਾਸ਼ਣ ਦੇਣ ਦੀ ਵਾਰੀ ਸੀ,ਉਹ ਆਪਣੀ ਕੁਰਸੀ ਤੋਂ ਉੱਠਿਆ ਅਤੇ ਭਾਸ਼ਣ ਦੇਣ ਲੱਗ ਗਿਆ, ਇਸੇ ਦੌਰਾਨ ਸਰਦਾਰ ਊਧਮ ਸਿੰਘ ਨੇ ਕਿਤਾਬ, ਚੋਂ ਪਿਸਤੌਲ ਕੱਢ ਕੇ ਠਾਹ ਠਾਹ ਗੋਲੀਆਂ ਮਾਈਕਲ ਉਡਵਾਇਰ ਦਾ ਸੀਨੇ,ਚ ਮਾਰੀਆਂ ਅਤੇ ਉਸਨੂੰ ਛੱਲਨੀ ਛੱਲਨੀ ਕਰ ਦਿੱਤਾ।ਉਹ ਥਾਂ ਤੇ ਹੀ ਢੇਰੀ ਹੋ ਗਿਆ।ਇਸ ਘਟਨਾ ਸਦਕਾ ਉਸਦੀ ਜ਼ਿੱਦ ਅਤੇ ਇੰਤਕਾਮ ਪੂਰਾ ਹੋ ਗਿਆ ਜਿਸਨੇ ਭਾਰਤੀਆਂ ਦਾ ਸਿਰ ਅਣਖ ਨਾਲ ਉੱਚਾ ਕਰ ਦਿੱਤਾ।ਆਪ ਉਥੋਂ ਬਿਲਕੁਲ ਵੀ ਨਹੀਂ ਹਿੱਲੇ ਤੇ ਇੰਨਕਲਾਬ ਜਿੰਦਾਬਾਦ ਦੇ ਨਾਅਰੇ ਲਾਉਂਦੇ ਰਹੇ।ਇਸ ਉਪਰੰਤ ਆਪ ਨੂੰ ਫ਼ੜ ਕੇ ਆਪ ਉਪਰ ਕੇਸ ਚਲਾ ਕੇ ਫਾਂਸੀ ਦੀ ਸਜ਼ਾ ਸੁਣਾਈ ਗਈ ਅਤੇ ਇਸੇ ਇਵਜ ਵਿੱਚ 31 ਜੁਲਾਈ 1940 ਈਸਵੀ ਨੂੰ ਭਾਰਤ ਦੇ ਇਸ ਮਹਾਨ ਸਪੂਤ ਨੂੰ ਪੈਟੋਨਵਿਲੇ ਜੇਲ੍ਹ (ਲੰਡਨ) ਵਿਖੇ ਫਾਂਸੀ ਲਾ ਦਿੱਤੀ ਗਈ । ਸਾਰੇ ਭਾਰਤ ਵਾਸੀ, ਇਸ ਮਹਾਨ ਸਪੂਤ ਦੀ ਕੁਰਬਾਨੀ ਤੇ ਮਾਣ ਮਹਿਸੂਸ ਕਰਦੇ ਹਨ ਤੇ ਕਰਦੇ ਰਹਿਣਗੇ।

ਬਲਦੇਵ ਜਗਰਾਓਂ (ਲੈਕਚਰਾਰ)
ਸ,ਸ,ਸ, ਸਕੂਲ ਸ਼ੇਰਪੁਰ ਕਲਾਂ (ਲੁਧਿਆਣਾ)

LEAVE A REPLY

Please enter your comment!
Please enter your name here