ਬਟਾਲਾ, 4 ਅਗਸਤ (ਵਿਕਾਸ ਮਠਾੜੂ – ਅਸ਼ਵਨੀ) ਡਾ. ਹਰਭਜਨ ਰਾਮ ਮਾਂਡੀ , ਸਿਵਲ ਸਰਜਨ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਸਾਤੀ ਮੌਸਮ ਵਿੱਚ ਜਲਦੀ ਫੈਲਣ ਵਾਲੀਆਂ ਬੀਮਾਰੀਆਂ ਵਿੱਚ ਅੱਖਾਂ ਦੀਆਂ ਬੀਮਾਰੀਆਂ ਵੀ ਆਮ ਹਨ, ਖਾਸ ਕਰਕੇ ਇਸ ਮੌਸਮ ਵਿੱਚ ‘ਆਈ ਫਲੂ’ ਬਹੁਤ ਤੇਜ਼ੀ ਨਾਲ ਫੈਲਣ ਵਾਲਾ ਰੋਗ ਹੈ। ਬਰਸਾਤੀ ਮੌਸਮ ਵਿੱਚ ਅੱਖਾਂ ਦੀਆਂ ਬੀਮਾਰੀਆਂ ਤੋਂ ਸੁਚੇਤ ਰਹਿਣ ਅਤੇ ਸਾਫ਼ ਸਫਾਈ ਦਾ ਵਿਸ਼ੇਸ ਧਿਆਨ ਰੱਖਣ ਦੀ ਲੋੜ ਹੈ।ਸਿਵਲ ਸਰਜਨ ਨੇ ਲੋਕਾਂ ਨੂੰ ਆਈ ਫਲੂ ਤੋਂ ਬਚਣ ਦੀਆਂ ਸਾਵਧਾਨੀਆਂ ਬਾਰੇ ਦੱਸਿਆ ਕਿ ਚੱਲ ਰਹੇ ਮੌਸਮ ਵਿੱਚ ਅੱਖਾਂ ਦੇ ਰੋਗਾਂ ਤੋਂ ਬਚਾਅ ਲਈ ਅਤੇ ਅੱਖਾਂ ਦੀ ਉਚਿਤ ਸਿਹਤ ਸੰਭਾਲ ਲਈ ਸਿਹਤ ਵਿਭਾਗ ਵੱਲੋਂ ਹੈਲਥ ਐਡਵਾਈਜਰੀ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਰਸਾਤੀ ਮੌਸਮ ਵਿੱਚ ਤੇਜੀ ਨਾਲ ਫੈਲਣ ਵਾਲੇ ਕੰਜਕਟਿਵਾਈਟਿਸ/ਆਈ ਫਲੂ ਤੋਂ ਚੌਕਸ ਰਹਿਣ ਦੀ ਲੋੜ ਹੈ।ਉਨਾਂ ਇਸ ਰੋਗ ਦੇ ਲੱਛਣਾਂ ਬਾਰੇ ਦੱਸਿਆ ਕਿ ਇਸ ਵਿੱਚ ਅੱਖਾਂ ਦਾ ਸੁਜਣਾਂ, ਲਾਲੀ, ਅੱਖਾਂ ਵਿੱਚ ਰੜਕ ਪੈਣੀ ਮੁੱਖ ਲੱਛਣ ਹਨ। ਅੱਖਾਂ ਵਿੱਚ ਵਧੇਰੇ ਗਿੱਡ ਆ ਸਕਦੀ ਹੈ ਅਤੇ ਬੱਚਿਆਂ ਵਿੱਚ ਬੁਖਾਰ ਵੀ ਹੋ ਸਕਦਾ ਹੈ। ਆਈ ਫਲੂ ਤੋਂ ਬਚਾਅ ਅਤੇ ਇਸ ਰੋਗ ਵਿੱਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਉਨਾਂ ਦੱਸਿਆ ਕਿ ਕਿ ਇਹ ਰੋਗ, ਪੀੜਿਤ ਵਿਅਕਤੀ ਦੀਆਂ ਅੱਖਾਂ ਵੱਲ ਦੇਖਣ ਨਾਲ ਨਹੀ ਫੈਲਦਾ ਸਗੋਂ ਪੀੜਿਤ ਵਿਅਕਤੀ ਨਾਲ ਤੌਲੀਆ, ਮੇਕਅਪ ਆਦਿ ਵਸਤਾਂ ਸਾਂਝੀਆ ਕਰਨ ਨਾਲ ਫੈਲ ਸਕਦਾ ਹੈ।ਉਨ੍ਹਾਂ ਕਿਹਾ ਕਿ ਇਸ ਰੋਗ ਤੋਂ ਬਚਾਅ ਲਈ ਹੱਥਾਂ ਨੂੰ ਸਮੇਂ ਸਮੇਂ ਤੇ ਸਾਬਣ ਪਾਣੀ ਨਾਲ ਚੰਗੀ ਤਰਾਂ ਸਾਫ ਕੀਤਾ ਜਾਵੇ, ਪੀੜਤ ਵਿਅਕਤੀ ਸਵਿੰਮਿਗ ਨਾ ਕਰੇ, ਅੱਖਾਂ ਨੂੰ ਦਿਨ ਵਿੱਚ ਦੋ ਤਿੰਨ ਵਾਰ ਸਾਫ਼ ਪਾਣੀ ਨਾਲ ਸਾਫ ਕੀਤਾ ਜਾਵੇ ਅਤੇ ਗਹਿਰੇ ਰੰਗ ਦੇ ਧੁੱਪ ਵਾਲੇ ਚਸ਼ਮੇ ਦਾ ਇਸਤੇਮਾਲ ਕਰਨ ਤੋਂ ਇਲਾਵਾ ਆਪਣੇ ਆਲੇ-ਦੁਆਲੇ ਅਤੇ ਨਿੱਜੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਬਹੁਤ ਹੀ ਮਹੱਤਵਪੂਰਨ ਹੈ ਕਿ ਬਿਨਾਂ ਡਾਕਟਰੀ ਸਲਾਹ ਤੋਂ ਅੱਖਾਂ ਲਈ ਕਿਸੇ ਵੀ ਦਵਾਈ ਦੀ ਵਰਤੋਂ ਨਾ ਕੀਤੀ ਜਾਵੇ।