ਜਗਰਾਓਂ, 4 ਅਗਸਤ ( ਬਲਦੇਵ ਸਿੰਘ)-ਕੰਨਜਕਟਇਵਾਇਟਿਸ ਆਈ ਫਲੂ ਇਕ ਲਾਗ ਦੀ ਬਿਮਾਰੀ ਹੈ ਜੋ ਕਿ ਵਾਇਰਸ ਜਾਂ ਬੈਕਟੀਰੀਆ ਅਤੇ ਮੌਸਮ ਦੇ ਬਦਲਣ ਨਾਲ ਜਾਂ ਹੜਾਂ ਕਾਰਨ ਵੀ ਹੋ ਸਕਦੀ ਹੈ। ਇਸਦੇ ਫਲੂ ਦੇ ਕਾਰਨ ਅੱਖਾਂ ਵਿੱਚ ਲਾਲੀ ਆਉਣਾ, ਅੱਖਾਂ ਵਿੱਚ ਸੋਜ਼ ਆਉਣਾ, ਅੱਖਾਂ ਵਿੱਚੋਂ ਚਿੱਟਾ ਪਦਾਰਥ ਨਿਕਲਣਾ, ਅੱਖਾਂ ਦਾ ਚਿਪਕਣਾ,ਆਮ ਨਾਲੋਂ ਵੱਧ ਹੰਝੂ ਆਉਣੇ ਆਦਿ ਹਨ ।ਪਰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਆਈ ਫਲੂ ਦਾ ਇਲਾਜ ਬਿਲਕੁਲ ਹੀ ਮੁਫ਼ਤ ਹੈ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਇਸਦੀ ਰੋਕਥਾਮ ਲਈ ਕੀਮਤੀ ਸੁਝਾਅ ਦਿੱਤੇ ਹਨ, ਜਿਵੇਂ ਕਿ ਸਾਬਣ ਅਤੇ ਪਾਣੀ ਨਾਲ ਵਾਰ ਵਾਰ ਹੱਥ ਧੋਵੋ। ਅੱਖਾਂ ਨੂੰ ਛੂਹਣ ਤੋਂ ਬਚੋ। ਅੱਖਾਂ ਨੂੰ ਸਾਫ਼ ਪਾਣੀ ਨਾਲ ਧੋਵੋ। ਸੰਕ੍ਰਮਿਤ ਵਿਅਕਤੀ ਦੇ ਤੌਲੀਏ, ਰੁਮਾਲ ਜਾਂ ਬਿਸਤਰਾ ਨਾ ਵਰਤੋ।ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਪਰਹੇਜ਼ ਕਰੋ। ਇਸਦੀ ਰੋਕਥਾਮ ਲਈ ਅੱਖਾਂ ਨੂੰ ਸਾਫ਼ ਕਰਨ ਲਈ ਸਾਫ਼ ਸੁਥਰੇ ਰੁਮਾਲ ਦੀ ਵਰਤੋਂ ਕਰੋ। ਅੱਖਾਂ ਨੂੰ ਹੱਥਾਂ ਨਾਲ ਰਗੜਿਆ ਨਾ ਜਾਵੇ। ਅੱਖਾਂ ਵਿੱਚ ਲਾਲੀ ਹੋਵੇ ਤਾਂ ਕਾਲੀਆਂ ਐਨਕਾਂ ਲਗਾ ਲਵੋ। ਕਾਂਟੈਕਟ ਲੈਂਜ ਦੀ ਵਰਤੋਂ ਨਾ ਕਰੋ। ਆਪਣੀ ਮਰਜ਼ੀ ਨਾਲ ਘਰੇਲੂ ਉਪਚਾਰਾਂ ਤੋਂ ਪਰਹੇਜ਼ ਕਰੋ। ਜੇਕਰ ਤੁਹਾਨੂੰ ਅੱਖਾਂ ਵਿੱਚ ਧੁੰਦਲਾਪਣ ਮਹਿਸੂਸ ਹੁੰਦਾ ਹੈ ਜਾਂ ਕਿਸੇ ਅੱਖ ਦੇ ਆਪ੍ਰੇਸ਼ਨ ਤੋਂ ਬਾਅਦ ਫਲੂ ਹੋ ਜਾਵੇ ਤਾਂ ਅੱਖਾਂ ਦੇ ਮਾਹਿਰ ਡਾਕਟਰ ਦੀ ਸਲਾਹ ਜ਼ਰੂਰ ਲਵੋ ਅਤੇ ਅੱਖਾਂ ਵਿੱਚ ਕੋਈ ਵੀ ਦਵਾਈ ਪਾਉਣ ਤੋਂ ਪਹਿਲਾਂ ਵੀ ਡਾਕਟਰ ਦੀ ਸਲਾਹ ਜ਼ਰੂਰ ਲਵੋ। ਪੰਜਾਬ ਸਰਕਾਰ ਤੁਹਾਡੀ ਸਿਹਤ ਲਈ ਵਚਨਬੱਧ ਹੈ।