ਦੇਸ਼ ਭਰ ਵਿਚ ਵਿਆਹ ਸ਼ਾਦੀ ਅਤੇ ਮਪਗ ਦੇ ਭੋਗ ਹੁਣ ਇਕ ਸਟੇਟਸਸਿੰਬਲ ਬਣ ਚੁੱਕੇ ਹਨ। ਹਰ ਕੋਈ ਆਪਣੇ ਦਾਇਰੇ ਤੋਂ ਬਾਹਰ ਜਾ ਕੇ ਇਨ੍ਹਾਂ ਦੋਵਾਂ ਹੀ ਕੰਮਾਂ ਵਿਚ ਬਿਹਤਰ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਸਹੀ ਸ਼ਬਦਾਂ ਵਿਚ ਹੁਣ ਵਿਆਹ ਅਤੇ ਮ੍ਰਿਤਕ ਦੇ ਭੋਗ ਦੋਵੇਂ ਹੀ ਵੱਡੀ ਫਜ਼ੂਲਖ਼ਰਚੀ ਦਾ ਕਾਰਨ ਬਣ ਗਏ ਹਨ। ਲੋਕ ਆਪਣੀ ਹੈਸੀਅਤ ਦਾ ਰੋਣਾ ਰੋ ਕੇ ਵਿਆਹਾਂ ਅਤੇ ਆਪਣੇ ਵਡੇਰਿਆਂ ਦੀ ਮੌਤ ਉਪਰੰਤ ਉਨ੍ਹਾਂ ਦੀ ਅੰਤਿਮ ਅਰਦਸਾ ਅਤੇ ਸ਼ਰਧਾਂਜ਼ਲੀ ਸਮਾਰੋਹ ਵਿੱਚ ਫਜ਼ੂਲ ਖਰਚੀ ਕਰਦੇ ਹਨ। ਇਹ ਖੁਸ਼ੀ ਗਮੀ ਦੇ ਦੋਵੇਂ ਪ੍ਰੋਗ੍ਰਾਮ ਵਧੇਰੇਤਰ ਕਰਜੇ ਦੀ ਪੰਡ ਸਿਰ ਤੇ ਰੱਖਣ ਦਾ ਕੰਮ ਕਰਦੇ ਹਨ। ਉੁਹੀ ਕਰਜ਼ਾ ਹੌਲੀ ਹੌਲੀ ਉਨ੍ਹਾਂ ਨੂੰ ਬਰਬਾਦੀ ਦੇ ਕਿਨਾਰੇ ਲੈ ਆਉਂਦਾ ਹੈ। ਹੋਰ ਕਿਧਰੇ ਨਾ ਜਾਂਦੇ ਹੋਏ ਗੱਲ ਜੇਕਰ ਪੰਜਾਬ ਦੀ ਹੀ ਕਰੀਏ ਤਾਂ ਪੰਜਾਬ ਇਨ੍ਹਾਂ ਦੋਵਾਂ ਕੰਮਾਂ ਵਿਚ ਹੀ ਪੂਰਾ ਸ਼ਕਤੀਪ੍ਰਦਸ਼ਨ ਕਰਨ ਵਿਚ ਮੋਬਰੀ ਬਣ ਗਿਆ ਹੈ। ਲੋਕ ਵਿਆਹ ਸ਼ਾਦੀ ਲਈ ਵੱਡੇ-ਵੱਡੇ ਮੰਹਿਗੇ ਪੈਲੇਸ ਬੁੱਕ ਕਰਵਾਉਂਦੇ ਹਨ। ਉਥੇ ਅਨੇਕਾਂ ਪ੍ਰਕਾਰ ਦੇ ਸ਼ਾਹੀ ਭੋਜਨ ਪਰੋਸੇ ਜਾਂਦੇ ਹਨ। ਸ਼ਰਾਬ ਅਤੇ ਮਾਸ ਹਰ ਵਿਆਹ ਦੀ ਸ਼ਾਨ ਹਨ। ਪਰ ਇਕ ਗੱਲ ਪੱਕੀ ਹੈ ਤੁਸੀਂ ਭਾਵੇਂ ਜਿੰਨਾਂ ਮਰਜ਼ੀ ਜੋਰ ਲਗਾ ਕੇ ਤੁਹਾਡੀ ਖੁਸ਼ੀ ਗਮੀ ਵਿਚ ਸ਼ਾਮਲ ਹੋਣ ਆਏ ਲੋਕਾਂ ਦੀ ਸੇਵਾ ਕਰਦੇ ਹੋ ਉਨ੍ਹਾਂ ਵਿਚੋਂ ਬਹੁਤੇ ਲੋਕ ਖਾਅ ਪੀਕੇ ਜਾਂਦੇ ਸਮੇਂ ਤੁਹਾਡੇ ਖਾਣੇ ਦੀ ਨਿੰਦਾ ਕਿਸੇ ਨਾ ਕਿਸੇ ਢੰਗ ਨਾਲ ਕਰ ਹੀ ਜਾਂਦੇ ਹਨ। ਇਸ ਲਈ ਅੱਜ ਸਮੇਂ ਦੀ ਲੋੜ ਹੈ ਕਿ ਵਿਆਹਾਂ ਅਤੇ ਭੋਗਾਂ ਤੇ ਬੇਫਜੂਲ ਖਰਚੇ ਕਰਨ ਦੀ ਬਜਾਏ ਸਾਦੇ ਕੀਤੇ ਜਾਣ। ਇਸ ਲਈ ਪੰਜਾਬ ਤੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਇਸ ਮਾਨਸੂਨ ਸੈਸ਼ਨ ਦੌਰਾਨ ਇਕ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤਾ ਜਿਸ ਵਿਚ ਉਨ੍ਹਾਂ ਨੇ ਸ਼ਾਦੀ ਸਮਾਰੋਹ ਵਿਚ 50 ਲੋਕਾਂ ਨੂੰ ਸ਼ਾਮਲ ਕਰਨ ਦਾ ਸੁਝਾਅ ਦਿੱਤਾ ਅਤੇ ਮਹਿਮਾਨਾਂ ਦੇ ਸੁਆਗਤ ਲਈ ਵੱਧ ਤੋਂ ਵੱਧ 10 ਪਕਵਾਨ ਤਿਆਰ ਕਰਨ ਦੀ ਗੱਲ ਕੀਤੀ ਅਤੇ ਲਿਖਿਆ ਕਿ 2500 ਰੁਪਏ ਤੋਂ ਵੱਧ ਸ਼ਗਨ ਜਾਂ ਤੋਹਫ਼ੇ ਵਜੋਂ ਨਾ ਦਿਤੇ ਜਾਣ। ਲੋਕ ਸਭਾ ’ਚ ਚਰਚਾ ਲਈ ਇਸ ਬਿਲ ’ਤੇ ਸਹਿਮਤੀ ਬਣਦੀ ਹੈ ਅਤੇ ਇਹ ਬਿੱਲ ਪਾਸ ਹੁੰਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਐਮ.ਪੀ ਡਿੰਪਾ ਵੱਲੋਂ ਸੁਧਾਰ ਅਤੇ ਆਮ ਮੱਧਵਰਗੀ ਪਰਿਵਾਰਾਂ ਨੂੰ ਬਚਾਉਣ ਲਈ ਕੀਤੀ ਗਈ ਪਹਿਲਕਦਮੀ ਕੀਤੀ ਹੈ ਉਹ ਖਾਸ ਕਰਕੇ ਪੰਜਾਬ ਲਈ ਬੇ-ਹੱਦ ਮਹੱਤਵਪੂਰਨ ਹੈ। ਕੋਰੋਨਾ ਦੇ ਸਮੇਂ ਦੌਰਾਨ ਲੱਖਾਂ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਅਤੇ ਲੱਖਾਂ ਲੋਕਾਂ ਦਾ ਰੁਜ਼ਗਾਰ ਠੱਪ ਹੋ ਗਿਆ ਹੈ। ਇਸ ਸਮੇਂ ਵੀ ਬਾਜਾਰ ਵਿਚ ਹਰ ਪਾਸੇ ਮੰਦੀ ਚੱਲ ਰਹੀ ਹੈ ਅਤੇ ਮਹਿੰਗਾਈ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਸਟੇਟਸ ਸਿੰਬਲ ਅਤੇ ਮਜ਼ਬੂਰੀ ਦੇ ਨਾਂ ’ਤੇ ਵਿਆਹ-ਮੌਤ ’ਤੇ ਹੋਣ ਵਾਲੇ ਖਰਚੇ ਨੂੰ ਹਕੀਕਤ ’ਚ ਬੰਦ ਕੀਤਾ ਜਾਵੇ। ਜੇਕਰ ਕਰੋਨਾ ਸਮੇਂ ਵਿਚ ਵਿਆਹ ਸ਼ਾਦੀ ਅਤੇ ਹੋਰ ਸਮਾਗਨ ਲਈ ਹਾਜਰੀ ਦੀ ਸੀਮਾ ਤੈਅ ਕਰ ਦਿਤੀ ਗਈ ਸੀ ਅਤੇ ਉਸ ਸਮੇਂ ਵੀ ਲੋਕ ਉਸੇ ਹਿਸਾਬ ਨਾਲ ਚੱਲਣ ਲੱਗੇ ਸਨ ਤਾਂ ਫਿਰ ਅੱਗੇ ਕਿਉਂ ਨਹੀਂ ਚੱਲ ਸਕਦੇ ? ਹੁਣ ਫਿਰ ਉਹੀ ਪਹਿਲਾਂ ਵਾਲਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਪੰਜਾਬ ਦਾ ਕਿਸਾਨ ਵਰਗ ਇਸ ਕੰਮ ਲਈ ਸਭ ਤੋਂ ਅੱਗੇ ਹੋ ਕੇ ਚੱਲਦਾ ਹੈ। ਭਾਵੇਂ ਕਿਸਾਨ ਆਪਣੇ ਆਪ ਨੂੰ ਖੇਤੀ ਦੇ ਧੰਦੇ ਵਿਚ ਡੱੁਬਿਆ ਹੋਇਆ ਕਰਾਰ ਦਿੰਦੇ ਹਨ ਪਰ ਜਦੋਂ ਵਿਆਹ ਅਤੇ ਭੋਗ ਦੇ ਖਰਚਿਆਂ ਦੀ ਗੱਲ ਆਉਂਦੀ ਹੈ ਤਾਂ ਉਹ ਖਰਚੇ ਦੀਆਂ ਸਾਰੀਆਂ ਹੱਦਾਂ ਪਾਰ ਕਰ ਜਾਂਦੇ ਹਨ। ਜਿਸ ਵਿੱਚ ਜ਼ਿਆਦਾਤਰ ਕਿਸਾਨ ਬੈਂਕਾਂ ਵਿੱਚੋਂ ਲਈਆਂ ਲਿਮਟਾਂ ਦੇ ਪੈਸੇ ਅਤੇ ਆੜ੍ਹਤੀਏ ਤੋਂ ਲਏ ਗਏ ਕਰਜ ਨੂੰ ਖਰਚ ਕਰ ਦਿੰਦੇ ਹਨ। ਉਸਤੋਂ ਬਾਅਦ ਉਨ੍ਹਾਂ ਦੇ ਕਰਜ਼ੇ ਵਿੱਚ ਡੁੱਬੇ ਹੋਣ ਦੀਆਂ ਚਰਚਾਵਾਂ ਸ਼ੁਰੂ ਹੋ ਜਾਂਦੀਆਂ ਹਨ। ਜਿਸ ਕਾਰੋਬਾਰ ਲਈ ਕਰਜ਼ਾ ਲਿਆ ਜਾਵੇ ਅਤੇ ਉਹ ਪੈਸਾ ਉਸੇ ਕਾਰੋਬਾਰ ਵਿੱਚ ਖਰਚ ਕੀਤਾ ਜਾਵੇ ਤਾਂ ਕਦੇ ਵੀ ਨੁਕਸਾਨ ਨਹੀਂ ਹੋਵੇਗਾ। ਇਸ ਲਈ ਹੁਣ ਸਮਾਂ ਹੈ ਕਿ ਵਿਆਹ ਸ਼ਾਦੀਆਂ ਅਤੇ ਭੋਗਾਂ ਤੇ ਕੀਤੇ ਜਾਣ ਵਾਲੇ ਫਜੂਲ ਖਰਚੇ ਨੂੰ ਪੂਰੀ ਤਰ੍ਹਾਂ ਨਾਲ ਕੰਟਰੋਲ ਕੀਤਾ ਜਾਵੇ। ਪਹਿਲੇ ਸਮੇਂ ਵਾਂਗ ਵਿਆਹ ਅਗਰ ਘਰਾਂ ਵਿਚ ਹੀ ਟੈਂਟ ਲਗਾ ਕੇ ਕੀਤੇ ਜਾਣੇ ਸ਼ੁਰੂ ਕਰ ਦਿਤੇ ਜਾਣ ਅਤੇ ਮਿ੍ਰਤਕ ਦੇ ਭੋਗ ਸਮੇਂ ਸਾਦਾ ਦਾਲ ਫੁਲਕਾ ਹੀ ਪਰੋਸਿਆ ਜਾਵੇ, ਉਹ ਵੀ ਮਿ੍ਰਤਕ ਪਰਿਵਾਰ ਦੇ ਰਿਸ਼ਤੇਦਾਰ ਹੀ ਖਾਣ। ਸ਼ਹਿਰ ਵਿਚੋਂ ਆਏ ਪਰਿਵਾਰਿਕ ਮਿੱਤਰ ਉਥੇ ਖਾਣਾ ਖਾਣ ਤੋਂ ਗੁਰੇਜ ਕਰਨ। ਇਸ ਕੰਮ ਲਈ ਜਿਥੇ ਮੈਂਬਰਪਾਰਲੀਮੈਂਟ ਵਲੋਂ ਕਰ ਦਿਤੀ ਗਈ ਹੈ ਹੁਣ ਉਸਨੂੰ ਅੱਗੇ ਲੈ ਕੇ ਜਾਣਾ ਸਮੇਂ ਦੀਆਂ ਸਰਕਾਰਾਂ ਅਤੇ ਹਰ ਇਲਾਕੇ ਵਿਚ ਸਰਗਰਮ ਸਮਾਜਸੇਵੀ ਜਥੇਬੰਦੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਇਸ ਲਈ ਬਕਾਇਦਾ ਜਾਗਰੂਕਤਾ ਮੁਹਿਮ ਹਰ ਪਿੰਡ ਅਤੇ ਸ਼ਹਿਰ ਤੋਂ ਸ਼ੁਰੂ ਕੀਤੀ ਜਾਵੇ। ਇਹ ਇੱਕ ਵੱਡੀ ਸਫਲਤਾ ਹੋ ਸਕਦੀ ਹੈ ਜੇਕਰ ਸਾਰੇ ਇਸਤੇ ਵਿਚਾਰ ਕਰਨ।
ਹਰਵਿੰਦਰ ਸਿੰਘ ਸੱਗੂ।