Home Political ਬਟਾਲਾ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ ਆਜ਼ਾਦੀ ਦਿਵਸ ਸਮਾਗਮ

ਬਟਾਲਾ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ ਆਜ਼ਾਦੀ ਦਿਵਸ ਸਮਾਗਮ

23
0


“ਪੰਜਾਬ ਪੁਲਿਸ, ਹੋਮਗਾਰਡ ਤੇ ਐਨ.ਸੀ.ਸੀ. ਕੈਡਿਟਾਂ ਵੱਲੋਂ ਮਾਰਚ ਪਾਸਟ ਤੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵਲੋਂ ਦੇਸ਼ ਭਗਤੀ ’ਤੇ ਆਧਾਰਿਤ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ”
ਬਟਾਲਾ, 15 ਅਗਸਤ (ਭਗਵਾਨ ਭੰਗੂ-ਲਿਕੇਸ਼ ਸ਼ਰਮਾ) : ਆਜ਼ਾਦੀ ਦਿਵਸ ਸਮਾਗਮ ਬਟਾਲਾ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਸਰਕਾਰੀ ਬਹੁ-ਤਕਨੀਕੀ ਕਾਲਜ ਬਟਾਲਾ ਦੇ ਰਾਜੀਵ ਗਾਂਧੀ ਸਟੇਡੀਅਮ ਵਿਖੇ ਆਜ਼ਾਦੀ ਦਿਵਸ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਡਾ. ਸ਼ਾਇਰੀ ਭੰਡਾਰੀ, ਐੱਸ.ਡੀ.ਐੱਮ-ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ ਨੇ ਅਦਾ ਕੀਤੀ। ਤਿਰੰਗਾ ਝੰਡਾ ਲਹਿਰਾਉਣ ਤੋਂ ਬਾਅਦ ਮੁੱਖ ਮਹਿਮਾਨ ਡਾ. ਸ਼ਾਇਰੀ ਭੰਡਾਰੀ ਨੇ ਪਰੇਡ ਦਾ ਮੁਆਇਨਾ ਕੀਤਾ। ਇਸ ਉਪਰੰਤ ਐੱਸ.ਆਈ. ਗੁਰਮੁੱਖ ਸਿੰਘ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੇ ਜਵਾਨਾਂ, ਮਹਿਲਾ ਪੁਲਿਸ, ਪੰਜਾਬ ਹੋਮਗਾਰਡ ਦੇ ਜਵਾਨਾਂ ਅਤੇ ਐਨ.ਸੀ.ਸੀ. ਕੈਡਿਟਾਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ।ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਮੁੱਖ ਮਹਿਮਾਨ ਐੱਸ.ਡੀ.ਐੱਮ. ਬਟਾਲਾ ਡਾ. ਸ਼ਾਇਰੀ ਭੰਡਾਰੀ ਨੇ ਆਪਣੇ ਸੰਦੇਸ਼ ’ਚ ਬਟਾਲਾ ਵਾਸੀਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਕੁਰਬਾਨੀਆਂ ਦੇਣ ਵਾਲੇ ਦੇਸ਼ ਭਗਤਾਂ, ਆਜ਼ਾਦੀ ਘੁਲਾਟੀਆਂ, ਵੱਖ-ਵੱਖ ਸੈਨਾਵਾਂ ਅਤੇ ਪੁਲਿਸ ਫੋਰਸਾਂ ਦੇ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਕਿਹਾ ਕਿ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਸਾਰਾ ਦੇਸ਼ ਆਜ਼ਾਦੀ ਦਾ ਨਿੱਘ ਮਾਣ ਰਿਹਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਹਰ ਦੇਸ਼ ਦਾ ਵੱਡਾ ਸਰਮਾਇਆ ਹੈ ਅਤੇ ਭਾਰਤੀ ਨੌਜਵਾਨਾਂ ਨੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਆਪਣੀ ਪ੍ਰਤਿਭਾ ਦੀ ਅਮਿੱਟ ਛਾਪ ਛੱਡੀ ਹੈ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਸੱਦਾ ਦਿੱਤਾ ਕਿ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਵਿਚ ਹੋਰ ਵੀ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਂਦਿਆਂ ਉਹ ਸਮਾਜਿਕ ਬੁਰਾਈਆਂ ਦੇ ਖਾਤਮੇ ਦਾ ਅਹਿਦ ਲੈਣ।ਐਸ.ਡੀ.ਐਮ ਬਟਾਲਾ ਨੇ ਦੇਸ਼ ਦੀ ਆਜ਼ਾਦੀ ਲਈ ਚੱਲੀਆਂ ਵੱਖ-ਵੱਖ ਲਹਿਰਾਂ ਅਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ, ਸਰਦਾਰ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ, ਦੀਵਾਨ ਸਿੰਘ ਕਾਲੇਪਾਣੀ ਅਤੇ ਹੋਰ ਆਜ਼ਾਦੀ ਘੁਲਾਟੀਆਂ ਵੱਲੋਂ ਸਮੇਂ-ਸਮੇਂ ’ਤੇ ਆਰੰਭੇ ਗਏ ਸੰਘਰਸ਼ਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਮਹਾਨ ਸ਼ਹੀਦਾਂ ਦੇ ਸੰਜੋਏ ਸੁਪਨੇ ਪੂਰੇ ਕਰਨ ਲਈ ਸਾਂਝੇ ਹੰਭਲੇ ਮਾਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਦੇਸ਼ ਦੇ ਆਜ਼ਾਦੀ ਸੰਗਰਾਮ ਵਿਚ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ।ਪੰਜਾਬ ਦੀ ਹੋਰ ਤਰੱਕੀ ਦੀ ਕਾਮਨਾ ਕਰਦਿਆਂ ਉਨਾਂ ਨੇ ਕਿਹਾ ਕਿ ਪੰਜਾਬੀਆਂ ਨੇ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿਚ ਤਰੱਕੀ ਦੀਆਂ ਲਾਮਿਸਾਲ ਲੀਹਾਂ ਸਥਾਪਿਤ ਕੀਤੀਆਂ ਹਨ ਅਤੇ ਪੰਜਾਬ ਨੇ ਦੇਸ਼ ਦੇ ਅੰਨ ਭੰਡਾਰ ਭਰਨ ਤੋਂ ਇਲਾਵਾ ਦੇਸ਼ ਨੂੰ ਅੰਦਰੂਨੀ ਅਤੇ ਬਾਹਰੀ ਖਤਰਿਆਂ ਤੋਂ ਵੀ ਪੂਰੀ ਤਰ੍ਹਾਂ ਸੁਰੱਖਿਅਤ ਰੱਖਣ ਵਿਚ ਅਹਿਮ ਭੂਮਿਕਾ ਨਿਭਾਈ ਹੈ।ਸਿਹਤ ਸੇਵਾਵਾਂ ਦੇ ਖੇਤਰ ਵਿਚ ਆਮ ਆਦਮੀ ਕਲੀਨਿਕ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਚੱਲ ਰਹੇ ਆਮ ਆਦਮੀ ਕਲੀਨਿਕ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਪਾਰਦਰਸ਼ੀ ਢੰਗ ਨਾਲ ਲੋੜੀਂਦੀਆਂ ਸੇਵਾਵਾਂ ਅਤੇ ਸਕੀਮਾਂ ਦਾ ਲਾਭ ਦਿੱਤਾ ਜਾ ਰਿਹਾ ਹੈ ਅਤੇ ਭ੍ਰਿਸ਼ਟਾਚਾਰ ਕਿਸੇ ਵੀ ਕੀਮਤ ’ਤੇ ਬਰਦਾਸ਼ਤਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਬੱਚਿਆਂ ਨੂੰ ਪੜ੍ਹਾਉਣਾ ਅਤਿ ਲਾਜ਼ਮੀ ਹੈ ਜਿਸ ਮਕਸਦ ਲਈ ਸਿੱਖਿਆ ਦੇ ਖੇਤਰ ਵਿਚ ਵੱਡੇ ਪੱਧਰ ’ਤੇ ਕੰਮ ਕੀਤਾ ਗਿਆ ਹੈ ਅਤੇ ਸਕੂਲ ਆਫ ਐਮੀਨੈਂਸ ਦੀ ਸਥਾਪਤੀ ਵੀ ਹੋਈ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪ੍ਰਿੰਸੀਪਲਾਂ ਨੂੰ ਸਿਖਲਾਈ ਲਈ ਵਿਦੇਸ਼ ਵੀ ਭੇਜਿਆ ਜਾ ਰਿਹਾ ਹੈ ਤਾਂ ਜੋ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕੌਮੀ ਅਤੇ ਕੁਮਾਂਤਰੀ ਮੁਕਾਬਲੇਬਾਜੀ ਦੀਆਂ ਪ੍ਰੀਖਿਆਵਾਂ ਲਈ ਤਿਆਰ ਕੀਤਾ ਜਾ ਸਕੇ।ਉਨਾਂ ਨਾਗਰਿਕਾਂ ਨੂੰ ਸੱਦਾ ਦਿੱਤਾ ਕਿ ਉਹ ਅਜ਼ਾਦੀ ਪਰਵਾਨਿਆਂ ਦੇ ਸੁਪਨਿਆਂ ਦਾ ਦੇਸ਼ ਸਿਰਜਣ ਵਿੱਚ ਆਪਣਾ ਯੋਗਦਾਨ ਪਾਉਣ।
ਆਜ਼ਾਦੀ ਦਿਵਸ ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇਸ਼ ਭਗਤੀ ਤੇ ਆਧਾਰਿਤ ਖੂਬਸੂਰਤ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਉਪਰੰਤ ਪਰੇਡ, ਸੱਭਿਆਚਾਰਕ ਟੀਮਾਂ ਤੇ ਵੱਖ-ਵੱਖ ਖੇਤਰਾਂ ਵਿੱਚ ਉਪਲੱਬਧੀਆਂ ਹਾਸਲ ਕਰਨ ਵਾਲੀਆਂ ਸਖਸ਼ੀਅਤਾਂ ਨੂੰ ਮੁੱਖ ਮਹਿਮਾਨ ਵਲੋਂ ਸਨਾਮਨਿਤ ਕੀਤਾ ਗਿਆ। ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਡਾ. ਸ਼ਾਇਰੀ ਭੰਡਾਰੀ ਜੀ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸ.ਡੀ.ਐਮ ਦਫਤਰ ਬਟਾਲਾ ਵਲੋਂ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ ਅਤੇ ਸਹਾਰਾ ਕਲੱਬ ਬਟਾਲਾ ਵਲੋਂ ਵੀ ਛਬੀਲ ਵਰਤਾਈ ਗਈ।ਆਜ਼ਾਦੀ ਦਿਵਸ ਸਮਾਗਮ ਵਿੱਚ ਮੈਡਮ ਵਨੀਤਾ ਲੂਥਰਾ, ਸਿਵਲ ਜੱਜ ਸੀਨੀਅਰ ਡਵੀਜ਼ਨ ਬਟਾਲਾ,ਰਾਜਬੀਰ ਕੋਰ ਕਲਸੀ ਧਰਮਪਤਨੀ ਵਿਧਾਇਕ ਸ਼ੈਰੀ ਕਲਸੀ, ਅਭਿਸ਼ੇਕ ਵਰਮਾ ਤਹਿਸੀਲਦਾਰ ਬਟਾਲਾ,ਚੇਅਰਮੈਨ ਨਰੇਸ਼ ਗੋਇਲ, ਐੱਸ.ਪੀ. ਡੀ ਗੁਰਪ੍ਰੀਤ ਸਿੰਘ, ਡੀ.ਐੱਸ.ਪੀ. ਲਲਿਤ ਕੁਮਾਰ, ਐਡਵੋਕੈਟ ਪ੍ਰਵੇਜ਼ ਇੰਦਰ ਸਿੰਘ, ਪ੍ਰਧਾਨ ਬਾਰ ਐਸੋਸੀਏਸ਼ਨ ਬਟਾਲਾ, ਸਮਾਜ ਸੇਵੀ ਯਸ਼ਪਾਲ ਚੋਹਾਨ, ਗੁਰਪ੍ਰੀਤ ਸਿੰਘ ਰਾਜੂ ਗਿੱਲ, ਸ਼ਸ਼ੀ ਭੂਸ਼ਨ ਵਰਮਾ, ਹਰਪ੍ਰੀਤ ਸਿੰਘ ਮਾਨ, ਮਨੋਹਰ ਲਾਲ ਸ਼ਰਮਾ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਜਤਿੰਦਰ ਸਿੰਘ ਬਾਜਵਾ, ਲੈਕਚਰਾਰ ਜਸਬੀਰ ਸਿੰਘ, ਡਾ. ਸਤਿੰਦਰਜੀਤ ਕੋਰ, ਮੈਡਮ ਰੀਟਾ ਭਾਟੀਆ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here