ਜਗਰਾਉਂ , 5 ਸਤੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਜਤਿੰਦਰਪਾਲ ਪ੍ਰਧਾਨ ਅਤੇ ਸੁਖਦੇਵ ਸਿੰਘ ਰੰਧਾਵਾ ਕਾਰਜ ਸਾਧਕ ਅਫਸਰ ਦੀ ਰਹਿਨੁਮਾਈ ਹੇਠ ਸ਼ਹਿਰ ਵਾਸੀਆਂ ਨੂੰ ਕੂੜੇ ਕਰਕਟ ਦੀ ਸਮੱਸਿਆ ਤੋਂ ਨਿਜਾਤ ਦੁਆਉਣ ਲਈ ਲਗਾਤਾਰ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੱਜ ਨਗਰ ਕੌਂਸਲ ਜਗਰਾਉਂ ਵਲੋਂ 05 ਹੋਰ ਨਵੀਆਂ ਟਾਟਾ ਏਸ ਗੱਡੀਆਂ ਜਗਰਾਉਂ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਪ੍ਰਧਾਨ ਜਤਿੰਦਰਪਾਲ ਵਲੋਂ ਆਪਣੇ ਸਾਥੀ ਕੌਂਸਲਰਾਂ ਸਮੇਤ, ਅਧਿਕਾਰੀਆਂ, ਕਰਮਚਾਰੀਆਂ ਅਤੇ ਸ਼ਹਿਰ ਦੇ ਪਤਵੰਤੇ ਲੋਕਾਂ ਦੀ ਹਾਜਰੀ ਵਿੱਚ ਕੂੜਾ ਕਰਕਟ ਚੁੱਕਣ ਦੇ ਕੰਮਕਾਜ ਲਈ ਰਵਾਨਾ ਕੀਤੀਆਂ ਗਈਆਂ। ਇਸ ਮੌਕੇ ਜਤਿੰਦਰਪਾਲ ਪ੍ਰਧਾਨ ਵੱਲੋਂ ਦੱਸਿਆ ਗਿਆ ਕਿ ਸ਼ਹਿਰ ਵਾਸੀਆਂ ਨੂੰ ਕੂੜੇ ਦੀ ਸਮੱਸਿਆ ਤੋਂ ਨਿਜਾਤ ਦੁਆਉਣ ਲਈ ਕੁਝ ਸਮਾਂ ਪਹਿਲਾਂ 03 ਨਵੀਆਂ ਟਾਟਾ ਏਸ ਗੱਡੀਆਂ ਖ੍ਰੀਦ ਕਰਕੇ ਸ਼ਹਿਰ ਅੰਦਰ ਕੂੜੇ ਕਰਕਟ ਨੂੰ ਚੁੱਕਣ ਦੇ ਕੰਮ ਲਈ ਲਗਾਈਆਂ ਗਈਆਂ ਸਨ। ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ 05 ਹੋਰ ਨਵੀਆਂ ਟਾਟਾ ਏਸ ਗੱਡੀਆਂ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ ਜਿਹਨਾਂ ਵਲੋਂ ਸ਼ਹਿਰ ਅੰਦਰ ਵੱਖ^ਵੱਖ ਵਾਰਡਾਂ ਦੀਆਂ ਗਲੀਆਂ-ਮੁਹੱਲਿਆਂ ਵਿੱਚ ਜਾ ਕੇ ਕੂੜਾ ਕਰਕਟ ਚੁੱਕਿਆ ਜਾਵੇਗਾ ਜਿਸ ਨਾਲ ਜਿਥੇ ਸਫਾਈ ਦੇ ਕੰਮ ਵਿੱਚ ਤੇਜੀ ਆਵੇਗੀ ਉਥੇ ਹੀ ਕੂੜੇ ਦੀ ਸੰਭਾਲ ਵੀ ਸਹੀ ਢੰਗ ਨਾਲ ਹੋ ਸਕੇਗੀ।ਇਸ ਮੌਕੇ ਉਹਨਾਂ ਸ਼ਹਿਰ ਵਾਸੀਆਂ ਨੂੰ ਦੁਬਾਰਾ ਫਿਰ ਅਪੀਲ ਕੀਤੀ ਕਿ ਆਪਣੇ ਘਰਾਂ ਅਤੇ ਦੁਕਾਨਾਂ ਵਿੱਚ ਗਿੱਲੇ ਅਤੇ ਸੁੱਕੇ ਕੂੜੇ ਲਈ ਵੱਖਰੇ-ਵੱਖਰੇ ਡੱਸਟਬਿਨ ਲਗਾਏ ਜਾਣ ਅਤੇ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਕਰਕੇ ਹੀ ਦਿੱਤਾ ਜਾਵੇ ਅਤੇ ਇਹਨਾਂ ਗੱਡੀਆਂ ਵਿੱਚ ਵੀ ਗਿੱਲੇ ਅਤੇ ਸੁੱਕੇ ਕੂੜੇ ਲਈ ਵੱਖਰੇ-ਵੱਖਰੇ ਖਾਨੇ ਬਣੇ ਹੋਏ ਹਨ ਇਸ ਲਈ ਇਹਨਾਂ ਵਿੱਚ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਕਰਕੇ ਹੀ ਪਾਇਆ ਜਾਵੇ। ਪ੍ਰਧਾਨ ਜਤਿੰਦਰਪਾਲ ਵਲੋਂ ਕਿਹਾ ਗਿਆ ਕਿ ਉਹਨਾਂ ਵਲੋਂ ਇਹ ਪ੍ਰਣ ਕੀਤਾ ਹੋਇਆ ਹੈ ਕਿ ਉਹ ਆਪਣੇ ਸਾਥੀ ਕੌਂਸਲਰਾਂ ਦੀ ਮਦਦ ਨਾਲ ਜਗਰਾਉਂ ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਜਿਵੇਂ ਕਿ ਪੀਣ ਵਾਲਾ ਸਾਫ ਪਾਣੀ, ਸੀਵਰੇਜ਼, ਸਫਾਈ, ਕੂੜੇ ਕਰਕਟ ਦਾ ਸਹੀ ਢੰਗ ਨਾਲ ਨਿਪਟਾਰਾ ਅਤੇ ਸਟਰੀਟ ਲਾਈਟ ਆਦਿ ਸੁਵਿਧਾਵਾਂ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡਣਗੇ। ਪ੍ਰਧਾਨ ਜਤਿੰਦਰਪਾਲ ਵਲੋਂ ਸ਼ਹਿਰ ਵਾਸੀਆਂ ਨੂੰ ਜਗਰਾਉਂ ਸ਼ਹਿਰ ਨੂੰ ਸਾਫ ਸੁਥਰਾ ਅਤੇ ਸਵੱਛ ਰੱਖਣ ਲਈ ਨਗਰ ਕੌਂਸਲ ਦਾ ਪੂਰਨ ਸਹਿਯੋਗ ਕਰਨ ਦੀ ਫਿਰ ਤੋਂ ਅਪੀਲ ਵੀ ਕੀਤੀ ਗਈ।ਇਸ ਮੌਕੇ ਤੇ ਰਵਿੰਦਰਪਾਲ ਸਿੰਘ ਕੌਂਸਲਰ, ਜਰਨੈਲ ਸਿੰਘ ਕੌਂਸਲਰ, ਵਿਕਰਮ ਜੱਸੀ ਕੌਂਸਲਰ, ਸਤਿੰਦਰ ਸਿੰਘ ਤੱਤਲਾ, ਰੋਹਿਤ ਗੋਇਲ, ਮਾਸਟਰ ਹਰਦੀਪ ਜੱਸੀ, ਗੁਰਦੀਪ ਸਿੰਘ ਸੈਨਟਰੀ ਇੰਸਪੈਕਟਰ, ਹਰੀਸ਼ ਕੁਮਾਰ, ਅਰੁਣ ਗਿੱਲ, ਗੁਰਮੀਤ ਸਿੰਘ ਸਰਨਾਂ, ਅਸ਼ਵਨੀ ਬੱਲੂ ਸ਼ਰਮਾਂ ਆਦਿ ਹਾਜਰ ਸਨ। ਦਰਸ਼ਨਾਂ ਦੇਵੀ ਕੌਂਸਲਰ, ਹਿਮਾਂਸ਼ੂ ਮਲਿਕ ਕੌਂਸਲਰ, ਅਮਨ ਕਪੂਰ ਕੌਂਸਲਰ ਵਲੋਂ ਇਸ ਕੰਮ ਦੀ ਭਰਪੂਰ ਸ਼ਲਾਘਾ ਕੀਤੀ ਗਈ।