ਲੁਧਿਆਣਾ, 23 ਸਤੰਬਰ ( ਵਿਕਾਸ ਮਠਾੜੂ) -ਪੰਜਾਬੀ ਸੁਗਮ ਸੰਗੀਤ ਦੇ ਗੂੜ੍ਹ ਗਿਆਤਾ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪੁਰਾਣੇ ਵਿਦਿਆਰਥੀ ਡਾ ਸੁਖਨੈਨ ਨੇ ਅੱਜ ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਇਲਾਕੇ ਵਿੱਚ ਚੋਣਵੇ ਸਭਿਆਚਾਰਕ ਕਾਮਿਆਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਹੈ ਕਿ ਪੰਜਾਬ ਸੁਰੀਲੇ ਲੋਕਾਂ ਦੀ ਧਰਤੀ ਹੈ ਜਿਸ ਨੂੰ ਸ਼ੋਰ ਤੋਂ ਬਚਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸੇ ਲੋੜ ਨੂੰ ਮਹਿਸੂਸ ਕਰਦਿਆਂ ਮੈ ਪਹਿਲਾਂ ਪ੍ਰੋ ਚਮਨ ਲਾਲ ਭੱਲਾ, ਪ੍ਰੋਃ ਰਣਜੀਤ ਸਿੰਘ ਰਾਣਾ, ਉਸਤਾਦ ਜਸਵੰਤ ਭੰਵਰਾ ਤੇ ਓਮ ਪ੍ਰਕਾਸ਼ ਜਲੰਧਰ ਵਾਲਿਆਂ ਪਾਸੋ ਸ਼ਾਸਤਰੀ ਤੇ ਸੁਗਮ ਸੰਗੀਤ ਸਿੱਖਿਆ ਹਾਸਲ ਕੀਤੀ ਤੇ ਬਾਦ ਵਿੱਚ ਗਾਇਆ। ਉਨ੍ਹਾਂ ਨੇ 1985 ਵਿੱਚ ਪਹਿਲੀ ਵਾਰ ਪੰਜਾਬ ਖੇਤੀ ਯੂਨੀਵਰਸਿਟੀ ਵੱਲੋਂ ਤਿਆਰ ਵਿਗਿਆਨਕ ਕੈਸਿਟ “ ਬੱਲੀਏ ਕਣਕ ਦੀਏ” ਲਈ ਪ੍ਰੋ ਗੁਰਭਜਨ ਗਿੱਲ ਦੇ ਗੀਤ ਲਈ ਆਵਾਜ਼ ਦਿੱਤੀ ਤੇ ਮਗਰੋਂ ਨਰਿੰਦਰ ਬੀਬਾ ਜੀ ਨਾਲ “ਸੱਸੀ ਪੁੰਨੂੰ ਦੋ ਜਣੇ “ ਕੈਸਿਟ ਰੀਕਾਰਡ ਕੀਤੀ। ਪ੍ਰੋ ਮੋਹਨ ਸਿੰਘ ਜੀ ਦੀਆਂ ਲਿਖੀਆਂ ਗ਼ਜ਼ਲਾਂ ਨੂੰ ਪ੍ਰੋ ਮੋਹਨ ਸਿੰਘ ਫਾਉਂਡੇਸ਼ਨ ਲਈ 1988 ਵਿੱਚ “ਪਿਆਲਾ ਇਸ਼ਕ ਦਾ” ਨਾਮ ਹੇਠ ਰੀਕਾਰਡ ਕੀਤਾ। ਦੋ ਵਪਾਰਕ ਕੈਸਿਟਾਂ “ਗੋਰਾ ਚਿੱਟਾ ਮੁੱਖ” ਤੇ “ਲੱਛੀ” ਵਿੱਚ ਬਾਬੂ ਸਿੰਘ ਮਾਨ, ਸੁਖਵਿੰਦਰ ਅੰਮ੍ਰਿਤ ਤੇ ਇੰਦਰਜੀਤ ਹਸਨਪੁਰੀ ਜੀ ਦੇ ਗੀਤ ਰੀਕਾਰਡ ਕੀਤੇ। ਜਲੰਧਰ ਵੱਸਦੇ ਕਿੱਤੇ ਵਜੋਂ ਵੈਟਰਨਰੀ ਡਾਕਟਰ ਤੇ ਰੇਡੀਉ ਟੀ ਵੀ ਦੇ ਪ੍ਰਵਾਨਤ ਕਲਾਕਾਰ ਡਾ ਸੁਖਨੈਨ ਦਾ ਨਵਾਂ ਗੀਤ “ਸਾਂਝ” ਤਰੁਣ ਰਿਸ਼ੀ ਦੇ ਸੰਗੀਤ ਵਿੱਚ ਅਗਲੇ ਦਿਨੀਂ ਰਿਲੀਜ਼ ਹੋ ਰਿਹੈ ਜਿਸ ਨੂੰ ਪ੍ਰਸਿੱਧ ਗੀਤਕਾਰ ਪਰਮਪਾਲ ਸੰਧੂ(ਟੋਰੰਟੋ) ਨੇ ਲਿਖਿਆ ਹੈ। ਡਾ ਸੁਖਨੈਨ ਨੇ ਦੱਸਿਆ ਕਿ ਅੱਜ ਉਹ ਆਪਣੇ ਅਧਿਆਪਕ ਪ੍ਰੋਃ ਗੁਰਭਜਨ ਗਿੱਲ ਜੀ ਪਾਸੋਂ ਆਸ਼ੀਰਵਾਦ ਲੈਣ ਆਏ ਸਨ। ਉਨ੍ਹਾਂ ਪ੍ਰੋ ਗਿੱਲ ਦੀ ਪੋਤਰੀ ਅਸੀਸ ਕੌਰ ਗਿੱਲ ਨੂੰ ਉਸ ਦੇ ਜਨਮ ਦਿਨ ਤੋਹਫੇ ਵਜੋਂ ਹਾਰਮੋਨੀਅਮ ਭੇਠ ਕੀਤਾ ਤੇ ਉਸ ਦੇ ਪੋਟੇ ਸਰਗਮ ਨਾਲ ਛੁਹਾਏ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਜਿਸ ਧਰਤੀ ਦਾ ਸਵੇਰਾ ਹੀ ਸੂਹੀ ਰਾਗ ਵਿੱਚ ਆਸਾ ਜੀ ਦੀ ਵਾਰ ਨਾਲ ਚੜ੍ਹਦਾ ਹੋਵੇ ਉਸ ਸੁਰਾਂਗਲੀ ਧਰਤੀ ਦੇ ਜੀਆਂ ਨੂੰ ਬੇਸੁਰਾ ਸ਼ੋਰੀਲਾ ਸੰਗੀਤ ਨਹੀਂ ਸੁਣਨਾ ਚਾਹੀਦਾ। ਉਨ੍ਹਾਂ ਕਿਹਾ ਕਿ ਪੰਜਾਬ ਧਰਤੀ ਦਾ ਇੱਕੋ ਇੱਕ ਖਿੱਤਾ ਹੈ ਜਿੱਥੇ ਚੌਵੀ ਘੰਟੇ ਸੰਗੀਤ ਦੀ ਨਿਰੰਤਰ ਨਿਰਮਲ ਧਾਰਾ ਵਹਿੰਦੀ ਹੈ। ਉਨ੍ਹਾਂ ਕਿਹਾ ਕਿ ਇਸ ਧਰਤੀ ਤੇ ਪੈਦਾ ਹੋਣ ਵਾਲੇ ਗੁਰੂ ਪੀਰ ਸਭ ਸਿਰਜਕ ਸਨ। ਉਨ੍ਹਾਂ ਚੋਂ ਬਹੁਤੇ ਸ਼ਾਇਰ ਤੇ ਸੁਰ ਸਾਧਕ ਸਨ।
ਉਨ੍ਹਾਂ ਡਾ ਸੁਖਨੈਨ ਵੱਲੋਂ ਕਮਰਕੱਸਾ ਕਰਕੇ ਮੁੜ ਸੁਗਮ ਸੰਗੀਤ ਦੇ ਖੇਤਰ ਵਿੱਚ ਸਰਗਰਮ ਹੋਣ ਦੀ ਸ਼ਲਾਘਾ ਕੀਤੀ ਅਤੇ ਸਭ ਸਾਹਿੱਤਕ ਸੱਭਿਆਚਾਰਕ ਸੰਸਥਾਵਾਂ ਵੱਲੋਂ ਸਹਿਯੋਗ ਦਾ ਪ੍ਰਣ ਕੀਤਾ। ਉਨ੍ਹਾਂ ਆਖਿਆ ਕਿ 20 ਅਕਤੂਬਰ ਨੂੰ ਪ੍ਰੋ ਮੋਹਨ ਸਿੰਘ ਦੇ 118ਵੇਂ ਜਨਮ ਉਤਸਵ ਤੇ ਉਹ ਪ੍ਰੋਫੈਸਰ ਸਾਹਿਬ ਦਾ ਕਲਾਮ ਪੰਜਾਬੀ ਭਵਨ ਵਿੱਚ ਸਰੋਤਿਆ ਨਾਲ ਸਾਂਝਾ ਕਰਨ ਤਾਂ ਜੋ ਇਸ ਸੁਰਵੰਤੇ ਕਾਫ਼ਲੇ ਨੂੰ ਅੱਗੇ ਵਧਾਇਆ ਜਾ ਸਕੇ। ਵਰਨਣ ਯੋਗ ਇਹ ਗੱਲ ਵੀ ਹੈ ਕਿ ਡਾ ਸੁਖਨੈਨ ਆਪਣੇ ਸਹਿਪਾਠੀਆਂ ਜਸਵਿੰਦਰ ਭੱਲਾ ਤੇ ਬਾਲ ਮੁਕੰਦ ਸ਼ਰਮਾ ਨਾਲ ਮਿਲ ਕੇ ਜਗਦੇਵ ਸਿੰਘ ਜੱਸੋਵਾਲ ਦੀ ਅਗਵਾਈ ਹੇਠ ਪ੍ਰੋ ਮੋਹਨ ਸਿੰਘ ਮੇਲਾ ਪ੍ਰਬੰਧ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਰਹੇ ਹਨ