ਜਗਰਾਉਂ, 29 ਸਤੰਬਰ ( ਧਰਮਿੰਦਰ )-ਭੁੱਲਥ ਵਿਧਾਨ ਸਭਾ ਹਲਕੇ ਦੇ ਲੋਕਾਂ ਵੱਲੋਂ ਭਾਰੀ ਵੋਟਾਂ ਨਾਲ ਚੁਣੇ ਗਏ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਪੁਲਿਸ ਨੇ ਚੰਡੀਗੜ੍ਹ ਸਥਿਤ ਉਨ੍ਹਾਂ ਦੇ ਘਰੋਂ ਵੱਡੇ ਅਪਰਾਧੀ ਵਾਂਗ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਵਿੱਚ ਇਸ ਸਮੇਂ ਕੋਈ ਵੀ ਸਰਕਾਰ ਨਹੀਂ ਚੱਲ ਰਹੀ ਸਗੋਂ ਸਿਰਫ਼ ਬਦਲੇ ਦੀ ਨੀਤੀ ਚੱਲ ਰਹੀ ਹੈ। ਇਹ ਦੋਸ਼ ਲਾਉਂਦਿਆਂ ਸੀਨੀਅਰ ਕਾਂਗਰਸੀ ਆਗੂ ਅਤੇ ਐਸ.ਸੀ.ਬੀ.ਸੀ ਵੈੱਲਫੇਅਰ ਕੌਂਸਲ ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਦੇਸ਼ ਭਗਤ ਨੇ ਕਿਹਾ ਕਿ ਇਹ ਸਭ ਨੂੰ ਪਤਾ ਹੈ ਕਿ ਸੁਖਪਾਲ ਖਹਿਰਾ ਲਗਾਤਾਰ ਤੱਥਾਂ ਦੇ ਆਧਾਰ ’ਤੇ ਭਗਵੰਤ ਮਾਨ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਲੁੱਟ-ਖਸੁੱਟ ਦੀ ਆਲੋਚਨਾ ਕਰ ਰਹੇ ਹਨ। ਹੁਣ ਜਿਸ ਕੇਸ ਵਿੱਚ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਸ ਵਿੱਚ ਵੀ ਉਸ ਨੂੰ ਪੰਜਾਬ ਸਰਕਾਰ ਵੱਲੋਂ ਪਹਿਲਾਂ ਬਣਾਈ ਗਈ ਐਸਆਈਟੀ ਵੱਲੋਂ ਜਾਂਚ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਅਤੇ ਵੱਡੀ ਗੱਲ ਇਹ ਹੈ ਕਿ ਸੁਖਪਾਲ ਖਹਿਰਾ ਨੂੰ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਪਹਿਲਾਂ ਹੀ ਰਾਹਤ ਦਿੱਤੀ ਜਾ ਚੁੱਕੀ ਹੈ। ਦੇਸ਼ ਭਗਤ ਨੇ ਕਿਹਾ ਕਿ ਇਸ ਵੇਲੇ ਪੰਜਾਬ ਕਰਜ਼ੇ ਵਿੱਚ ਡੁੱਬ ਰਿਹਾ ਹੈ। ਸੂਬੇ ਭਰ ਵਿੱਚ ਵਿਕਾਸ ਕਾਰਜ ਠੱਪ ਹਨ ਪਰ ਸਰਕਾਰ ਸਿਰਫ਼ ਮੀਡੀਆ ਵਿੱਚ ਜਾ ਕੇ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਜਿਸ ਦੀ ਮਿਸਾਲ ਉਨ੍ਹਾਂ ਪੇਸ਼ ਕੀਤੀ ਕਿ ਜਗਰਾਉਂ ਰਾਏਕੋਟ ਰੋਡ ’ਤੇ ਡਾ: ਭੀਮ ਰਾਓ ਅੰਬੇਡਕਰ ਜੀ ਦੇ ਚੌਂਕ ਦਾ ਉਦਘਾਟਨ ਕਰਨ ਦੇ ਇੱਕ ਸਾਲ ਬਾਅਦ ਵੀ ਉੱਥੇ ਕੋਈ ਕੰਮ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਅਜਿਹੀ ਹੀ ਸਥਿਤੀ ਹੈ। ਸਰਕਾਰ ਦੇ ਵਿਧਾਇਕ ਤੇ ਮੰਤਰੀ ਸਿਰਫ਼ ਉਦਘਾਟਨ ਕਰਦੇ ਹਨ, ਕੰਮ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬਦਲੇ ਦੀ ਨੀਤੀ ’ਤੇ ਚੱਲਣ ਦੀ ਬਜਾਏ ਸੂਬੇ ਦੇ ਵਿਕਾਸ ਅਤੇ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਨੂੰ ਸੁਧਾਰਨ ਲਈ ਕੰਮ ਕਰਨਾ ਚਾਹੀਦਾ ਹੈ।