ਗੁਜਰਾਤ/ਭਰੂਚ , 11 ਅਪ੍ਰੈਲ ( ਬਿਊਰੋ)-ਗੁਜਰਾਤ ਦੇ ਭਰੂਚ ਜ਼ਿਲ੍ਹੇ ਦੇ ਉਦਯੋਗਿਕ ਖੇਤਰ ’ਚ ਐਤਵਾਰ ਦੇਰ ਰਾਤ ਕੈਮੀਕਲ ਫੈਕਟਰੀ ’ਚ ਹੋਏ ਧਮਾਕੇ ਨਾਲ ਛੇ ਮਜ਼ਦੂਰਾਂ ਦੀ ਦਰਦਨਾਕ ਮੌਤ ਹੋ ਗਈ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਆਰਗੈਨਿਕ ਕੈਮੀਕਲ ਫੈਕਟਰੀ ਸੀ। ਧਮਾਕੇ ਦੇ ਕਾਰਨਾਂ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ।ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬਿ੍ਰਗੇਡ ਅਤੇ ਪੁਲਸ ਵਿਭਾਗ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਇਸ ਮਾਮਲੇ ’ਚ ਹੋਰ ਜਾਣਕਾਰੀ ਦੀ ਅਜੇ ਉਡੀਕ ਹੈ।ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵਡੋਦਰਾ ਦੇ ਝਗਡੀਆ ਨੇੜੇ ਗੁਜਰਾਤ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਪੇਸ਼ਨ ਖੇਤਰ ’ਚ ਇਕ ਕੈਮੀਕਲ ਫੈਕਟਰੀ ਵਿਚ ਜ਼ੋਰਦਾਰ ਧਮਾਕੇ ਤੋਂ ਬਾਅਦ ਅੱਗ ਲੱਗ ਗਈ ਸੀ।ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਨਾਲ ਆਸ-ਪਾਸ ਦੇ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਇਸ ਹਾਦਸੇ ’ਚ 24 ਮਜ਼ਦੂਰ ਜ਼ਖ਼ਮੀਂ ਹੋ ਗਏ ਸਨ, ਜਿਨ੍ਹਾਂ ਨੂੰ ਇਲਾਜ ਲਈ ਵਡੋਦਰਾ ਅਤੇ ਅੰਕਲੇਸ਼ਵਰ ਦੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ। ਯੂਪੀਐੱਲ ਕੰਪਨੀ ਦੀ ਇਸ ਫੈਕਟਰੀ ’ਚ ਧਮਾਕਾ ਹੋਣ ਤੋਂ ਬਾਅਦ ਆਸ-ਪਾਸ ਦੇ ਲੋਕ ਵੱਡੀ ਗਿਣਤੀ ’ਚ ਇੱਥੇ ਇਕੱਠੇ ਹੋ ਗਏ ਸਨ।ਇਹ ਧਮਾਕਾ ਯੂਪੀਐੱਲ-5 ਪਲਾਂਟ ’ਚ ਦੇਰ ਰਾਤ 2 ਵਜੇ ਹੋਇਆ ਸੀ। ਧਮਾਕੇ ਨਾਲ ਲੱਗੀ ਅੱਗ ਫੈਲਣ ਕਾਰਨ 24 ਮਜ਼ਦੂਰ ਜ਼ਖ਼ਮੀ ਹੋ ਗਏ ਸਨ। ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਅਤੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਨਾਲ ਦੂਰ ਤਕ ਦਾ ਇਲਾਕਾ ਹਿੱਲ ਗਿਆ। ਆਵਾਜ਼ ਸੁਣ ਕੇ ਗੂੜ੍ਹੀ ਨੀਂਦ ’ਚ ਸੁੱਤੇ ਲੋਕ ਵੀ ਉੱਠ ਗਏ ਅਤੇ ਸਾਰੇ ਪਾਸੇ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ।
