ਦੇਸ਼ ਵਿਚ ਵੈਸੇ ਤਾਂ ਲੋਕ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ ਪਰ ਉਸਤੋਂ ਪਹਿਲਾਂ ਦੇਸ਼ ਦੇ ਪੰਜ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਦੇ ਨਤੀਜੇ ਦੇਸ਼ ਦੇ ਅਗਲੇ ਰਾਜਨੀਤਿਕ ਭਵਿੱਖ ਦੀ ਰੂਪ ਰੇਖਾ ਵੀ ਤੈਅ ਕਰਨਗੇ। ਇਨ੍ਹਾਂ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਦੇਸ਼ ਦੀ ਲੋਕ ਸਭਾ ਚੋਣਾਂ ਹੋਣਗੀਆਂ। ਇਸ ਲਈ ਇਨ੍ਹਾਂ ਦੇ ਚੋਣ ਨਤੀਜੇ ਲੋਕ ਸਭਾ ਚੋਣਾਂ ਨੂੰ ਹਰ ਹਾਲਤ ਵਿਚ ਪ੍ਰਭਾਵਿਤ ਕਰਨਗੇ। ਚੋਣ ਕਮਿਸ਼ਨ ਵਲੋਂ ਮੱਧ ਪ੍ਰਦੇਸ਼, ਰਾਜਸਥਾਨ, ਤੇਲੰਗਾਨਾ, ਮਿਜ਼ੋਰਮ ਅਤੇ ਛੱਤੀਸਗੜ੍ਹ ਵਿਚ ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਦੇ ਐਲਾਣ ਕਰ ਦਿਤਾ ਹੈ। ਹੁਣ ਸਭ ਪਾਰਟੀਆਂ ਦਾ ਫੋਕਸ ਇਨ੍ਹਾਂ ਰਾਜਾਂ ਦੀਆਂ ਚੋਣਾਂ ਵੱਲ ਹੋ ਜਾਵੇਗਾ। ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਣ ਵਾਲੀਆਂ ਚੋਣਾਂ ਨੂੰ ਕੇਂਦਰ ਦੀ ਰਾਜਨੀਤੀ ਲਈ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਇਨ੍ਹਾਂ ਚੋਣਾਂ ਵਿੱਚ ਜਿੱਤ ਹਾਰ ਦੇਸ਼ ਦੀ ਕੇਂਦਰੀ ਰਾਜਨੀਤੀ ਦਾ ਭਵਿੱਖ ਹੈ। ਪਿਛਲੀ ਵਾਰ 2018 ਵਿਚ ਇਨ੍ਹਾਂ ਰਾਜਾਂ ਦੀਆਂ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਸਫਲ ਹੋ ਗਈ ਸੀ। ਪਰ ਬਾਅਦ ਵਿਚ ਨੱਧ ਪ੍ਰਦੇਸ ਦੇ ਵੱਡੇ ਕਾਂਗਰਸੀ ਨੇਤਾ ਜਿਓਤੀਰਾਜੇ ਸਿੰਧੀਆ ਪਾਰਟੀ ਨਾਲ ਬਗਾਵਤ ਕਰਕੇ ਆਪਣੇ ਧੜ੍ਹੇ ਸਮੇਤ ਭਾਜਪਾ ਵਿਚ ਸ਼ਾਨਲ ਹੋ ਗਏ ਸਨ ਤਾਂ ਉਥੇ ਕਾਂਗਰਸ ਹੱਥੋਂ ਸੱਤਾ ਖੁੱਸ ਗਈ ਅਤੇ ਭਾਜਪਾ ਆਪਣੀ ਸਰਕਾਰ ਬਨਾਉਣ ਵਿਚ ਸਫਲ ਹੋ ਗਈ। ਮਿਜ਼ੋਰਮ ਅਤੇ ਤੇਲੰਗਾਨਾ ਵਿਚ ਉਥੋਂ ਦੀਆਂ ਖੇਤਰੀ ਪਾਰਟੀਆਂ ਦੀ ਸਰਕਾਰ ਹੈ। ਰਾਜਸਥਾਨ ਵਿੱਚ ਅਸ਼ੋਕ ਗਹਿਲੋਤ ਦੀ ਸਰਕਾਰ ਨੂੰ ਆਪਣੀ ਹੀ ਪਾਰਟੀ ਦੇ ਵੱਡੇ ਨੇਤਾ ਸਚਿਨ ਪਾਇਲਟ ਨਾਲ ਜੂਝਣਾ ਪੈ ਰਿਹਾ ਹੈ। ਗਹਿਲੋਤ ਅਤੇ ਸਚਿਨ ਪਾਇਲਟ ਦੀ ਲੜਾਈ ਕਾਂਗਰਸ ਲਈ ਮਹਿੰਗੀ ਸਾਬਤ ਹੋ ਸਕਦੀ ਹੈ। ਇਨ੍ਹਾਂ ਚੋਣਾਂ ਵਿਚ ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿੱਚ ਕਾਂਗਰਸ ਅਤੇ ਭਾਜਪਾ ਦਾ ਸਿੱਧਾ ਮੁਕਾਬਲਾ ਹੈ। ਉਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਲੜਾਈ ਨੂੰ ਕਿਸੇ ਵੀ ਕੀਮਤ ’ਤੇ ਜਿੱਤਣ ਦੀ ਕੋਸ਼ਿਸ਼ ਕਰਨਗੇ। ਇਹ ਤਾਂ ਸਮਾਂ ਹੀ ਦੱਸੇਗਾ ਕਿ ਇਥੇ ਕਿਸਦੇ ਸੁਪਨੇ ਪੂਰੇ ਹੋਣਗੇ। ਪਰ ਸਮੱੁਚੇ ਦੇਸ਼ ਵਾਸੀਆਂ ਦੀ ਨਜ਼ਰ ਇਨ੍ਹਾਂ ਪੰਜ ਰਾਜਾਂ ਦੇ ਚੋਣ ਨਤੀਜੀਆਂ ਤੇ ਲੱਗੀ ਰਹੇਗੀ ਕਿਉਂਕਿ ਇਨ੍ਹਾਂ ਰਾਜਾਂ ਦੀਆਂ ਚੋਣਾਂ ਤੋਂ ਬਾਅਦ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਇਸ ਦੇ ਇਸ ਦਾ ਅਸਰ ਲੋਕ ਸਭਾ ਚੋਣਾਂ ’ਚ ਵੀ ਸਾਫ਼ ਨਜ਼ਰ ਆਵੇਗਾ। ਕਾਂਗਰਸ ਅਤੇ ਇੰਡੀਆ ਗਠਜੋੜ ਦਾ ਭਵਿੱਖ ਵੀ ਇਨ੍ਹਾਂ ਚੋਣਾਂ ਤੇ ਹੀ ਕਿਸੇ ਹੱਦ ਤੱਕ ਨਿਰਭਰ ਹੋਵੇਗਾ। ਜੇਕਰ ਇਨ੍ਹਾਂ ਸੂਬਿਆਂ ’ਚ ਕਾਂਗਰਸ ਚੰਗਾ ਪ੍ਰਦਰਸ਼ਨ ਕਰਦੀ ਹੈ ਅਤੇ ਆਪਣੀ ਸਰਕਾਰ ਬਣਾਉਣ ’ਚ ਸਫਲ ਰਹਿੰਦੀ ਹੈ ਤਾਂ ਨਿਸ਼ਚਿਤ ਤੌਰ ’ਤੇ ਇੰਡੀਆ ਸੰਗਠਨ ’ਚ ਕਾਂਗਰਸ ਦਾ ਦਬਦਬਾ ਹੋਰ ਵਧੇਗਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਕਾਂਗਰਸ ਦਾ ਦਾਅਵਾ ਵੀ ਮਜ਼ਬੂਤ ਹੋਵੇਗਾ ਅਤੇ ਇਸ ਨਾਲ ਭਾਜਪਾ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਜੇਕਰ ਭਾਜਪਾ ਇਨ੍ਹਾਂ ਚੋਣਾਂ ਵਿਚ ਦੁਬਾਰਾ ਵਾਪਸੀ ਕਰਨ ’ਚ ਕਾਮਯਾਬ ਹੁੰਦੀ ਹੈ ਤਾਂ ਇੰਡੀਆ ਗਠਜੋੜ ਸਮੇਂ ਤੋਂ ਪਹਿਲਾਂ ਹੀ ਬਿਖਰਣ ਵਾਲੇ ਪਾਸੇ ਤੁਰ ਪਏਗਾ। ਉਸਤੋਂ ਬਾਅਦ ਹੁਣ ਤੱਕ ਇੰਡੀਆ ਸੰਗ’ਨ ਦੀ ਅਗਵਾਈ ਕਰ ਰਹੀ ਅਤੇ ਇਸਨੂੰ ਮਜ਼ਬੂਤ ਅਤੇ ਇਕਜੁੱਟ ਰੱਖਣ ਲਈ ਪੂਰਕਾ ਜ਼ੋਰ ਲਗਾ ਰਹੀ ਕਾਂਗਰਸ ਇਸਨੂੰ ਕਿਸ ਤਰ੍ਹੰ ਸੰਭਲ ਪਾਏਗੀ ? ਅਜਿਹੇ ਹਾਲਾਤਾਂ ਵਿਚ ਭਾਜਪਾ ਦੀ ਤੀਜੀ ਵਾਰ ਵਾਪਸੀ ਲਈ ਜ਼ਮੀਨ ਯਕੀਨੀ ਤੌਰ ’ਤੇ ਤਿਆਰ ਹੋ ਸਕਦੀ ਹੈ। ਇਸ ਲਈ ਇਨ੍ਹਾਂ ਪੰਜ ਰਾਜਾਂ ਦੀਆਂ ਚੋਣਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਲਈ ਬਹੁਤ ਮਹੱਤਵ ਰੱਖਦੀਆਂ ਹਨ। ਇਹੀ ਕਾਰਨ ਹੈ ਕਿ ਭਾਜਪਾ ਇਨ੍ਹਾਂ ਰਾਜਾਂ ਵਿੱਚ ਆਪਣੀ ਪਾਰਟੀ ਦੇ ਵੱਡੇ ਚਿਹਰਿਆਂ ਨੂੰ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰ ਰਹੀ ਹੈ। ਇਥੋਂ ਤੱਕ ਕਿ ਭਾਜਪਾ ਲੀਡਰਸ਼ਿਪ ਨੇ ਆਪਣੇ ਮੌਜੂਦਾ ਕਈ ਸੰਸਦ ਮੈਂਬਰਾਂ ਨੂੰ ਵੀ ਬਤੌਰ ਵਿਧਾਇਕ ਮੈਦਾਨ ਵਿਚ ਉਤਾਰ ਦਿਤਾ ਹੈ ਤਾਂ ਕਿ ਵੱਡੇ ਚਿਹਰਿਆਂ ਕਾਰਨ ਪਾਰਟੀ ਉਮੀਦਵਾਰਾਂ ਦੀ ਜਿੱਤ ਹੋ ਸਕੇ। ਪਰ ਇਹ ਸਮਾਂ ਹੀ ਦੱਸੇਗਾ ਕਿ ਰਾਜਨੀਤੀ ਦਾ ਊੰਠ ਕਿਸ ਕਰਵਟ ਬੈਠੇਗਾ। ਇਹ ਗੱਲ ਪੱਕੀ ਹੈ ਕਿ ਇਨ੍ਹਾਂ ਪੰਜ ਰਾਜਾਂ ਦੀਆਂ ਚੋਣਾਂ ਦੇਸ਼ ਦੇ ਅਗਲੇ ਰਾਜਨੀਤਿਕ ਭਵਿੱਖ ਦੀ ਤਸਵੀਰ ਸਾਫ ਕਰ ਦੇਣਗੀਆਂ ਅਤੇ ਇਸਦੇ ਨਾਲ ਹੀ ਕਾਂਗਰਸ ਅਤੇ ਭਾਜਪਾ ਨੂੰ ਵੀ ਦੇਸ਼ ਦੇ ਮੂਡ ਦੀ ਜਾਣਕਾਰੀ ਹਾਸਿਲ ਹੋ ਸਕੇਗੀ ਕਿ ਦੇਸ਼ ਵਾਸੀ ਕੀ ਚਾਹੁੰਦੇ ਹਨ। ਇਸ ਲਈ ਇਨਾਂ ਪੰਜ ਰਾਜਾਂ ਦੇ ਚੋਣ ਨਤੀਜਿਆਂ ਤੇ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਦੀ ਵੀ ਤਿੱਖੀ ਨਜ਼ਰ ਹੋਵੇਗੀ।
ਹਰਵਿੰਦਰ ਸਿੰਘ ਸੱਗੂ।