ਪੰਜਾਬ ਵਿੱਚ ਕਾਂਗਰਸ ਸਰਕਾਰ ਦੇ ਰਾਜ ਦੌਰਾਨ ਕੈਪਟਨ ਨਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰਨ ਤੋਂ ਬਾਅਦ ਸਿਆਸੀ ਉਥਲ-ਪੁਥਲ ਮਚ ਗਈ ਸੀ। ਪੂਰੀ ਜਿੰਦਗੀ ਕਾਂਗਰਸ ਵਲੋਂ ਦਿਤੇ ਗਏ ਵੱਡੇ ਵੱਡੇ ਅਹੁਦਿਆਂ ਤੇ ਰਹਿ ਕੇ ਸੱਤਾ ਦਾ ਸੁੱਖ ਮਾਨਣ ਵਾਲੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਤਾਂ ਉਨ੍ਹਾਂ ਦੇ ਨਜ਼ਦੀਕੀ ਸਾਥੀ, ਜੋ ਉਨ੍ਹਾਂ ਦੀ ਸਰਕਾਰ ਵਿੱਚ ਮੰਤਰੀ ਰਹੇ ਅਤੇ ਅਹਿਮ ਅਹੁਦਿਆਂ ’ਤੇ ਰਹੇ ਇੱਕ-ਇੱਕ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਵਫਾਦਾਰੀ ਵਿਭਾਉਂਦੇ ਹੋਏ ਭਾਜਪਾ ਲਿਚ ਸ਼ਾਮਲ ਹੋ ਗਏ ਸਨ। ਇਸ ਤੋਂ ਇਲਾਵਾ ਪੰਜਾਬ ਕਾਂਗਰਸ ਦਾ ਇਕ ਇੱਕ ਵੱਡਾ ਚਿਹਰਾ ਸੁਨੀਲ ਜਾਖੜ ਵੀ ਭਾਜਪਾ ਵਿੱਚ ਸ਼ਾਮਲ ਹੋਏ। ਰੈਪਟਨ ਦੇ ਭਾਜਪਾਈ ਹੋਣ ਤੋਂ ਬਾਅਦ ਉਨ੍ਹਾਂ ਦੇ ਪੂਰੇ ਧੜੇ ਨੂੰ ਉਮੀਦ ਸੀ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ, ਜਿਸ ਕਾਰਨ ਉਹ ਭਾਜਪਾ ਵਿਚ ਜਾ ਕੇ ਆਪਣਾ ਰਾਜਸੀ ਕੱਦ ਹੋਰ ਵੱਡਾ ਕਰ ਸਕਣਗੇ। ਪਰ ਹੋਇਆ ਇਸ ਦੇ ਉਲਟ। ਭਾਰਤੀ ਜਨਤਾ ਪਾਰਟੀ ਵੱਲੋਂ ਸਿਰਫ਼ ਸੁਨੀਲ ਜਾਖੜ ਨੂੰ ਹੀ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਇਆ ਗਿਆ ਅਤੇ ਬਾਕੀ ਕਾਂਗਰਸੀ ਜੋ ਭਾਜਪਾ ਵਿਚ ਸ਼ਾਮਲ ਹੋਏ ਸਨ ਉਨ੍ਹਾਂ ਨੂੰ ਜਥੇਬੰਦਕ ਢਾਂਚੇ ਵਿੱਚ ਸ਼ਾਮਲ ਕਰਕੇ ਗੱਲ ਨਿਬੇੜ ਦਿਤੀ ਗਈ ਸੀ। ਕੈਪਟਨ ਧੜੇ ਦੇ ਆਗੂਆਂ ਨੂੰ ਆਸ ਸੀ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਨਿਯੁਕਤ ਕਰੇਗੀ ਕਿਉਂਕਿ ਭਾਜਪਾ ਪੰਜਾਬ ਵਿੱਚ ਆਪਣੇ ਪੈਰ ਜਮਾਉਣ ਲਈ ਇਕ ਪ੍ਰਭਾਵਸ਼ਾਲੀ ਸਿੱਖ ਚੇਹਰੇ ਦੀ ਤਲਾਸ਼ ਵਿਚ ਸੀ ਤਾਂ ਜੋ ਭਾਜਪਾ ਨੂੰ ਪਿੰਡ ਪੱਧਰ ਤੱਕ ਪਹਿਚਾਣ ਮਿਲ ਸਕੇ। ਉਸ ਲਈ ਕੀਤੇ ਗਏ ਮੁਲਾਂਕਣ ਵਿੱਚ ਭਾਜਪਾ ਨੇ ਕੈਪਟਨ ਦੀ ਥਾਂ ਤੇ ਸੁਨੀਲ ਜਾਖੜ ਨੂੰ ਇੱਕ ਮਜ਼ਬੂਤ ਚਿਹਰਾ ਪਾਇਆ ਅਤੇ ਜਾਖੜ ਨੂੰ ਪ੍ਰਧਾਨ ਬਣਾ ਦਿਤਾ। ਉਸਤੋਂ ਬਾਅਦ ਫਿਰ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਸ਼ਾਇਦ ਭਾਜਪਾ ਕੈਪਟਨ ਅਮਰਿੰਦਰ ਸਿੰਘ ਨੂੰ ਕਿਸੇ ਵੱਡੇ ਸੂਬੇ ਦਾ ਰਾਜਪਾਲ ਨਿਯੁਕਤ ਕਰੇਗੀ ਪਰ ਉਥੇ ਵੀ ਗੱਲ ਨਹੀਂ ਬਣ ਸਕੀ। ਸਮੇਂ-ਸਮੇਂ ’ਤੇ ਹੋਣ ਵਾਲੇ ਕਿਸੇ ਵੀ ਸਿਆਸੀ ਘਟਨਾਕ੍ਰਮ ’ਚ ਕੈਪਟਨ ਸਮਰਥਕਾਂ ਦੀ ਸਥਿਤੀ ਇਕ ਸ਼ੇਅਰ ‘‘ ਨਾ ਖੁਦਾ ਹੀ ਮਿਲਾ ਨਾ ਵਿਸਾਲੇ ਸਨਮ, ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ ’’ ਵਾਲੀ ਹੋ ਗਈ। ਦਲਦੀ ਹੀ ਨਵੇਂ ਭਾਜਪਾਈ ਹੋਏ ਕਾਂਗਰਸੀਆਂ ਦਾ ਭਾਜਪਾ ਤੋਂ ਮੋਹ ਭੰਗ ਹੋ ਗਿਆ। ਜਦਕਿ ਇਸ ਦਾ ਵੱਡਾ ਕਾਰਨ ਇਹ ਵੀ ਸੀ ਕਿ ਪੰਜਾਬ ਭਾਜਪਾ ਦੇ ਪੁਰਾਣੇ ਨੇਤਾ ਅਤੇ ਵਰਕਰਾਂ ਨੇ ਕਾਂਗਰਸ ਤੋਂ ਭਾਜਪਾ ’ਚ ਸ਼ਾਮਲ ਹੋਏ ਇਨ੍ਹਾਂ ਆਗੂਆਂ ਨੂੰ ਸਵੀਕਾਰ ਨਹੀਂ ਕੀਤਾ। ਜਿਸ ਕਾਰਨ ਕੇਂਦਰ ’ਚ ਭਾਜਪਾ ਦੀ ਸਰਕਾਰ ਹੋਣ ਕਰਕੇ ਪੰਜਾਬ ’ਚ ਵੱਡਾ ਸਿਆਸੀ ਕੱਦ ਬਣਾਉਣ ਦੇ ਚਾਹਵਾਨ ਕਾਂਗਰਸੀ ਆਗੂਆਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਹੁਣ ਲੋਕ ਸਭਾ ਚੋਣਾਂ ਨਜ਼ਦੀਕ ਹੋਣ ਕਰਕੇ ਇਹ ਸਾਰੇ ਆਗੂਆਂ ਨੂੰ ਆਪਣੀ ਸਿਆਸੀ ਜ਼ਮੀਨ ਖਿਸਕਦੀ ਨਜਰ ਆਈ ਤਾਂ ਕਾਂਗਰਸ ਤੋਂ ਭਾਜਪਾ ਵਿਚ ਸ਼ਾਮਲ ਹੋਏ ਵੱਡੇ ਆਗੂਆਂ ਵਿਚਂ ਸਾਬਕਾ ਮੰਤਰੀ ਰਾਜਕੁਮਾਰ ਵੇਰਕਾ, ਬਲਵੀਰ ਸਿੰਘ ਸਿੱਧੂ, ਕਮਲਜੀਤ ਸਿੰਘ ਢਿੱਲੋਂ , ਕਰਨਵੀਰ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਕਾਂਗੜ, ਹੰਸਰਾਜ ਜੋਸ਼ਨ ਅਤੇ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੂ ਘਰ ਵਾਪਸੀ ਕਰਦੇ ਹੋਏ ਭਾਜਪਾ ਨੂੰ ਅਲਵਿਦਾ ਕਹਿ ਕੇ ਪਾਰਟੀ ਦੇ ਕੇਂਦਰੀ ਜਨਰਲ ਸਕੱਤਰ ਕੇ.ਸੀ.ਵੇਣੂਗੋਪਾਲ ਦੀ ਅਗਵਾਈ ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਏ। ਇਸ ਨਾਲ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਵੱਡੇ ਸਿਆਸੀ ਉਥਲ ਪੁਥਲ ਦੀ ਸ਼ੁਰੂਆਤ ਹੋ ਗਈ ਅਤੇ ਇਹ ਧਮਾਕਾ ਭਾਜਪਾ ਲਈ ਇਹ ਵੱਡਾ ਝਟਕਾ ਹੈ। ਹੁਣ ਭਾਜਪਾ ਕੋਲ ਪੰਜਾਬ ਦੇ ਸਿਰਫ਼ ਦੋ ਹੀ ਵੱਡੇ ਨੇਤਾ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਹਨ। ਰਾਜਨੀਤਿਕ ਮਾਹਿਰਾਂ ਦੀ ਸੋਚ ਅਨੁਸਾਰ ਮੰਨਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੀ ਭਾਜਪਾ ਵਿੱਚ ਸ਼ਾਮਲ ਹੋ ਕੇ ਨਿਰਾਸ਼ਾ ਮਹਿਸੂਸ ਕਰ ਰਹੇ ਹਨ। ਜਿਸ ਤਰ੍ਹਾਂ ਪਹਿਲਾਂ ਉਨ੍ਹਾਂ ਨੇ ਆਪਣੇ ਵਫਾਦਾਰ ਦੇ ਸਾਥੀਆਂ ਨੂੰ ਭਾਜਪਾ ’ਚ ਸ਼ਾਮਲ ਕਰ ਲਿਆ ਸੀ ਅਤੇ ਉਸੇ ਤਰ੍ਹਾਂ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਇਹ ਸਾਰੇ ਲੋਕ ਮੁੜ ਕਾਂਗਰਸ ’ਚ ਸ਼ਾਮਲ ਹੋ ਗਏ ਹਨ। ਜਿਸ ਕਾਰਨ ਅਜਿਹੇ ਸੰਕੇਤ ਦਿੱਤੇ ਜਾ ਰਹੇ ਹਨ ਕਿ ਆਉਣ ਵਾਲੇ ਸਮੇਂ ’ਚ ਕੈਪਟਨ ਅਮਰਿੰਦਰ ਸਿੰਘ ਵੀ ਭਾਜਪਾ ਨੂੰ ਅਲਵਿਦਾ ਕਹਿ ਸਕਦੇ ਹਨ। ਸੁਨੀਲ ਜਾਖੜ ਦੀ ਪੰਜਾਬ ਦੀ ਭਾਜਪਾ ਟੀਮ ਜੋ ਉਨ੍ਹਾਂ ਵੱਲੋਂ ਤਿਆਰ ਕੀਤੀ ਗਈ ਸੀ, ਉਹ ਆਪਣਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਬਿਖਰ ਗਈ ਹੈ। ਸੁਨੀਲ ਜਾਖੜ ਨੂੰ ਉਮੀਦ ਸੀ ਕਿ ਉਨ੍ਹਾਂ ਦੇ ਪੁਰਾਣੇ ਕਾਂਗਰਸੀ ਸਾਥੀ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣਗੇ। ਪਰ ਅਜਿਹਾ ਨਹੀਂ ਹੋਇਆ। ਭਾਜਪਾ ਦਾ ਪੁਰਾਣਾ ਕੇਡਰ ਅਜੇ ਵੀ ਸੁਨੀਲ ਜਾਖੜ ਨੂੰ ਪ੍ਰਵਾਨ ਨਹੀਂ ਕਰ ਰਿਹਾ। ਜਿੰਨਾਂ ਪੁਰਾਣੇ ਸਾਥੀਆਂ ਤੋਂ ਉਮੀਦ ਸੀ ਉਹ ਪਾਰਟੀ ਛੱਡ ਕੇ ਚਲੇ ਗਏ ਹਨ। ਹੁਣ ਸੁਨੀਲ ਜਾਖੜ ਕੋਲ ਜ਼ਮੀਨੀ ਪੱਧਰ ’ਤੇ ਪਾਰਟੀ ਲਈ ਕਰਨ ਲਈ ਕੁਝ ਨਹੀਂ ਬਚਿਆ ਹੈ ਅਤੇ ਉਹ ਪੰਜਾਬ ਵਿੱਚ ਭਾਜਪਾ ਲਈ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਣਗੇ। ਹਾਲ ਹੀ ਵਿਚ ਐਸਵਾਈਐਲ ਨਹਿਰ ਦੇ ਮੁੱਦੇ ਤੇ ਵੀ ਜਾਖੜ ਚਾਰੋਂ ਪਾਸੇ ਤੋਂ ਘਿਰ ਗਏ ਹਨ। ਉਨ੍ਹਾਂ ਦੇ ਆਪਣੇ ਹੀ ਉਨ੍ਹਾਂ ਦਾ ਸਾਥ ਦੇਣ ਨੂੰ ਤਿਆਰ ਨਹੀਂ ਹਨ। ਇਕੱਲੇ ਜਾਖੜ ਵੋਂ ਹੀ ਬਿਆਨਬਾਜੀ ਕੀਤੀ ਗਈ ਅਤੇ ਉਨ੍ਹਾਂ ਤੋਂ ਇਲਾਵਾ ਭਾਜਪਾ ਦੀ ਹੋਰ ਲੀਡਰਸ਼ਿਪ ਇਸ ਮਾਮਲੇ ਵਿਚ ਪੂਰੀ ਤਰ੍ਹਾਂ ਨਾਲ ਚੁੱਪੀ ਵੱਟੇ ਹੋਏ ਹੈ। ਜਦੋਂ ਐਸਵਾਈਐਲ ਨਹਿਰ ਸਮੇਤ ਹੋਰਨਾਂ ਮੁੱਦਿਆਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀ ਗਈ ਖੁੱਲ੍ਹੀ ਬਹਿਸ ਦੀ ਚੁਣੌਤੀ ਦਿਤੀ ਗਈ ਸੀ ਤਾਂ ਪਹਿਲਾਂ ਉਨ੍ਹਾਂ ਉਸ ਚੁਣੌਤੀ ਨੂੰ ਸਵੀਕਾਰ ਕਰ ਲਿਆ ਪਰ ਬਾਅਦ ਵਿਚ ਸੁਨੀਲ ਜਾਖੜ ਸਭ ਤੋਂ ਪਹਿਲਾਂ ਭੱਜਦੇ ਹੋਏ ਨਜ਼ਰ ਆਏ। ਇਸ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਸੁਨੀਲ ਜਾਖੜ ਖਿਲਾਫ ਲੋਕਾਂ ਨੇ ਕਾਫੀ ਭੜਾਸ ਕੱਢੀ। ਇਸ ਸਮੇਂ ਉਹ ਪੂਰੀ ਤਰ੍ਹਾਂ ਨਾਲ ਬੈਕਫੁੱਟ ’ਤੇ ਹਨ। ਇਸ ਲਈ ਹੁਣ ਉਹ ਇੰਨੀ ਜਲਦੀ ਕਾਂਗਰਸ ’ਚ ਵੀ ਸ਼ਾਮਲ ਨਹੀਂ ਹੋ ਸਕਦੇ। ਉਹ ਵੀ ਆਪਣੇ ਸੁਨਹਿਰੇ ਭਵਿੱਖ ਦਾ ਸੁਪਨਾ ਲੈ ਕੇ ਭਾਜਪਾ ’ਚ ਚਲੇ ਗਏ ਸਨ । ਕਿਸੇ ਨੂੰ ਵੀ ਇਹ ਅੰਦਾਜਾ ਨਹੀਂ ਸੀ ਕਿ ਹਾਲਾਤ ਇੰਨੀ ਤੇਜੀ ਨਾਲ ਕਰਵਟ ਲੈ ਲੈਣਗੇ ਅਤੇ ਉਨ੍ਹੰ ਦੇ ਸੁਪਨੇ ਚਕਨਾਚੂਰ ਹੋ ਜਾਣਗੇ। ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸੁਨੀਲ ਜਾਖੜ ਪੰਜਾਬ ਵਿਚ ਭਾਜਪਾ ਨੂੰ ਮਜ਼ਬੂਤ ਕਰਨ ਲਈ ਕਿਸ ਤਰ੍ਹਾਂ ਕੰਮ ਕਰ ਸਕਣਗੇ ਅਤੇ ਆਪਣੇ ਜੀਵਨ ਦੇ ਆਖਰੀ ਸਿਆਸੀ ਸਫਰ ਵਿਚ ਬੁਰੀ ਤਰ੍ਹਾਂ ਮਾਤ ਖਾ ਚੁੱਕੇ ਕੈਪਟਨ ਅਮਰਿੰਦਰ ਸਿੰਘ ਚੁੱਪਚਾਪ ਘਰ ਬੈਠ ਜਾਣਗੇ ਜਾਂ ਫਿਰ ਕਾਂਗਰਸ ਵਿੱਚ ਸ਼ਾਮਲ ਹੋਣਗੇ?
ਹਰਵਿੰਦਰ ਸਿੰਘ ਸੱਗੂ।