ਗ਼ਜ਼ਲ
🔹ਗੁਰਭਜਨ ਗਿੱਲ
ਜਬਰ ਜ਼ੁਲਮ ਦਾ ਟੋਲਾ ਜਦ ਵੀ, ਹੱਲੇ ਕਰ ਕਰ ਆਉਂਦਾ ਹੈ।
ਬੰਦਾ ਸਿੰਘ ਬਹਾਦਰ ਨੂੰ ਤਦ, ਸਰਹੰਦ ਫੇਰ ਬੁਲਾਉਂਦਾ ਹੈ।
ਤਿੰਨ ਸਦੀਆਂ ਵਿਚ ਰੋਜ਼ ਗਰਕਦੇ, ਏਥੋਂ ਤੱਕ ਹਾਂ ਪਹੁੰਚ ਗਏ,
ਹੋਰ ‘ਧਰਤ’ ਤੋਂ ਗੋਬਿੰਦ ਆਵੇ, ਏਹੋ ਹੀ ਦਿਲ ਚਾਹੁੰਦਾ ਹੈ।
ਪੋਥੀ ਪੰਥ ਭੁਲਾ ਕੇ ਆਪਾਂ, ਤੁਰ ਪਏ ਆਂ ਜੀ, ਕਿਹੜੇ ਰਾਹ,
ਮਨ ਦਾ ਪੰਛੀ ਭਟਕ ਰਿਹਾ ਹੈ, ਭਾਵੇਂ ਅੰਬਰ ਗਾਹੁੰਦਾ ਹੈ।
ਧਰਮ ਕਰਮ ਦਾ ਗੂੜ੍ਹਾ ਰਿਸ਼ਤਾ, ਟੁੱਟ ਜਾਵੇ ਤਾਂ ਜੁੜਨ ਮੁਹਾਲ,
ਜੇ ਜੁੜ ਜਾਵੇ, ਕਰਜ਼ ਧਰਤ ਦਾ, ਓਹੀ ਸਿਰ ਤੋਂ ਲਾਹੁੰਦਾ ਹੈ।
ਪਵਨ ਗੁਰੂ, ਪਾਣੀ ਹੈ ਬਾਬਲ, ਧਰਤੀ ਨੂੰ ਜੋ ਮਾਂ ਸਮਝਣ,
ਉਨ੍ਹਾਂ ਦਾ ਟੱਬਰ ਹੀ ਰਲ ਕੇ, ਛਾਵੇਂ ਮੰਜੇ ਡਾਹੁੰਦਾ ਹੈ।
ਸਭ ਨੂੰ ਖ਼ੁਦ ਨੂੰ ਕਿੰਨੀ ਵਾਰੀ, ਪੁੱਛਿਆ ਹੈ ਮੈਂ ਘੜੀ ਮੁੜੀ,
ਸਾਡੇ ਅੰਦਰ ਬੈਠਾ ਕਿਹੜਾ, ਸੁਪਨ-ਮਹਿਲ ਜੋ ਢਾਹੁੰਦਾ ਹੈ।
ਸਾਡੇ ਘਰ ਤੋਂ ਅਮਰੀਕਾ ਤੱਕ, ਜਾਲ ਵਿਛਾਇਆ ਅਣਦਿਸਦਾ,
ਕਿਹੜਾ ਚਤਰ ਸ਼ਿਕਾਰੀ ਹੈ ਜੋ, ਉੱਡਣੇ ਪੰਛੀ ਫਾਹੁੰਦਾ ਹੈ।
ਗ਼ਜ਼ਲ ਸੰਗ੍ਰਹਿ “ਅੱਖਰ ਅੱਖਰ” ਵਿੱਚੋਂ
ਮਿਲਣ ਦਾ ਪਤਾ ਸਿੰਘ ਬਰਦਰਜ਼
ਸਿਟੀ ਸੈਂਟਰ, ਅੰਮ੍ਰਿਤਸਰ
+91 884-7604738