ਲੁਧਿਆਣਾ 16 ਅਕਤੂਬਰ ( ਵਿਕਾਸ ਮਠਾੜੂ) -ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਸ਼ਹੀਦ ਭਗਤ ਸਿੰਘ ਨਗਰ ਵਿਖੇ ਚੋਣਵੇਂ ਸੇਵਾਮੁਕਤ ਖੇਤੀਬਾੜੀ ਤੇ ਪਸ਼ੂ ਵਿਗਿਆਨੀਆਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਪੰਜਾਬ ਦੇ ਖੇਤੀਬਾੜੀ ਤੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਹੈ ਕਿ ਸੇਵਾ ਮੁਕਤ ਖੇਤੀਬਾੜੀ ਤੇ ਪਸ਼ੂ ਪਾਲਣ ਵਿਗਿਆਨੀਆਂ ਨੂੰ ਵੀ ਖੇਤੀ ਵਿਕਾਸ ਤੇ ਪਸ਼ੂ ਸਿਹਤ ਸੰਭਾਲ ਦੇ ਖੇਤਰ ਵਿੱਚ ਸਾਰਥਕ ਯੋਗਦਾਨ ਪਾਉਣਾ ਚਾਹੀਦਾ ਹੈ ਕਿਉਂਕਿ ਉਮਰਾਂ ਲਾ ਕੇ ਕਮਾਇਆ ਤਜ਼ਰਬਾ ਅਜਾਈਂ ਨਹੀਂ ਜਾਣਾ ਚਾਹੀਦਾ। ਇਸ ਸਬੰਧ ਵਿੱਚ ਯੂਨੀਵਰਸਿਟੀਆਂ,ਪਸ਼ੂ ਪਾਲਣ ਤੇ ਖੇਤੀਬਾੜੀ ਮਹਿਕਮੇ ਨੂੰ ਵੀ ਸੁਝਾਅ ਦਿੱਤਾ ਜਾਵੇਗਾ ਕਿ ਉਹ ਵਾਲੰਟੀਅਰ ਤੌਰ ਤੇ ਸੇਵਾਵਾਂ ਦੇਣ ਵਾਲੇ ਮਾਹਿਰਾਂ ਨਾਲ ਸੰਪਰਕ ਕਰਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੇਵਾਮੁਕਤ ਨਿਰਦੇਸ਼ਕ ਪਸਾਰ ਸਿੱਖਿਆ ਡਾ ਸਰਜੀਤ ਸਿੰਘ ਗਿੱਲ ਨੇ ਇਸ ਵਿਚਾਰ ਦੀ ਸ਼ਲਾਘਾ ਕੀਤੀ ਤੇ ਭਰਵਾ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਕਿਹਾ ਕਿ ਸੇਵਾ ਮੁਕਤ ਖੇਤੀਬਾੜੀ ਅਧਿਆਪਕਾਂ ਦੀਆ ਸਮੱਸਿਆਵਾਂ ਨੂੰ ਵੀ ਪਹਿਲ ਦੇ ਆਧਾਰ ਤੇ ਨਜਿੱਠਿਆ ਜਾਣਾ ਜ਼ਰੂਰੀ ਹੈ।
ਪਸ਼ੂ ਪਾਲਣ ਵਿਭਾਗ ਦੇ ਸੇਵਾਮੁਕਤ ਅਧਿਕਾਰੀ ਡਾ ਸੁਖਨੈਨ ਸਿੰਘ ਜਲੰਧਰ ਨੇ ਵੀ ਸਃ ਗੁਰਮੀਤ ਸਿੰਘ ਖੁੱਡੀਆਂ ਦੇ ਨਜ਼ਰੀਏ ਦੀ ਸ਼ਲਾਘਾ ਕੀਤੀ।
ਧੰਨਵਾਦ ਕਰਦਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੇਵਾ ਮੁਕਤ ਅਧਿਆਪਕ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 353ਵੇਂ ਜਨਮ ਦਿਹਾੜੇ ਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋ ਸੇਵਾਮੁਕਤ ਅਧਿਆਪਕਾਂ ਨਾਲ ਵਿਚਾਰ ਚਰਚਾ ਕਰਨਾ ਚੰਗੀ ਸ਼ੁਰੂਆਤ ਹੈ। ਇਸ ਨਾਲ ਯਕੀਨਨ ਚੰਗੇ ਨਤੀਜੇ ਮਿਲ ਸਕਦੇ ਹਨ। ਇਸ ਮੌਕੇ ਪੀ ਏ ਯੂ ਦੇ ਡਾਇਰੈਕਟਰ ਵਿਦਿਆਰਥੀ ਭਲਾਈ ਡਾ ਨਿਰਮਲ ਸਿੰਘ ਜੌੜਾ ਤੇ ਸੁਖਬੀਰ ਸਿੰਘ ਜਾਖੜ ਨੇ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਰਧਾ ਸੁਮਨ ਭੇਂਟ ਕੀਤੇ।