ਸੁਨਾਮ(ਭਗਵਾਨ ਭੰਗੂ-ਲਿਕੇਸ ਸ਼ਰਮਾ )ਜ਼ਿਲ੍ਹਾ ਸੰਗਰੂਰ ਦੇ ਸੁਨਾਮ ਵਿਧਾਨ ਸਭਾ ਹਲਕੇ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਸਮੇਤ 9 ਵਿਅਕਤੀਆਂ ਨੂੰ ਸੁਨਾਮ ਦੀ ਅਦਾਲਤ ਦੇ ਮਾਣਯੋਗ ਜੱਜ ਗੁਰਭਿੰਦਰ ਸਿੰਘ ਜੌਹਲ ਨੇ ਦੋ ਸਾਲ ਦੀ ਸਜ਼ਾ ਸੁਣਾਈ ਹੈ। ਨੌਂ ਵਿਅਕਤੀਆਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ। ਅਮਨ ਅਰੋੜਾ ਦੇ ਜੀਜਾ ਰਜਿੰਦਰ ਦੀਪਾ ਨੇ ਦੱਸਿਆ ਕਿ ਸਾਲ 2008 ‘ਚ ਅਮਨ ਅਰੋੜਾ ਤੇ 8 ਵਿਅਕਤੀਆਂ ਨੇ ਉਸ ਦੇ ਘਰ ‘ਚ ਦਾਖਲ ਹੋ ਕੇ ਹਮਲਾ ਕਰ ਦਿੱਤਾ ਸੀ, ਜਿਸ ‘ਚ ਉਹ ਗੰਭੀਰ ਜ਼ਖਮੀ ਹੋ ਗਿਆ ਸੀ।
ਇਸ ਮਾਮਲੇ ਦੀ ਸੁਣਵਾਈ ਕਰਦਿਆਂ ਅੱਜ ਜੱਜ ਨੇ ਅਮਨ ਅਰੋੜਾ ਤੇ ਹੋਰ ਵਿਅਕਤੀਆਂ ਨੂੰ ਦੋ ਸਾਲ ਦੀ ਕੈਦ ਤੇ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਰਜਿੰਦਰ ਸਿੰਘ ਦੀਪਾ ਨੇ ਅੱਜ ਪੰਦਰਾਂ ਸਾਲਾਂ ਬਾਅਦ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਕੇਸ ਦੇ ਫੈਸਲੇ ਵਿੱਚ ਸ਼ਾਇਦ ਦੇਰੀ ਹੋਈ ਹੋਵੇਗੀ ਪਰ ਅੱਜ ਉਨ੍ਹਾਂ ਨੂੰ ਇਨਸਾਫ਼ ਮਿਲਿਆ ਹੈ।
ਅਮਨ ਅਰੋੜਾ ਨੇ ਆਪਣੇ 8 ਸਾਥੀਆਂ ਨਾਲ ਮਿਲ ਕੇ ਉਸ ‘ਤੇ ਹਮਲਾ ਕੀਤਾ ਸੀ। ਪੁਲਿਸ ‘ਤੇ ਸਿਆਸੀ ਦਬਾਅ ਬਣਾ ਕੇ ਮਾਮਲਾ ਦਰਜ ਨਹੀਂ ਹੋਣ ਦਿੱਤਾ ਗਿਆ, ਜਿਸ ਲਈ ਉਨ੍ਹਾਂ ਨੂੰ ਅਦਾਲਤ ਦਾ ਸਹਾਰਾ ਲੈਣਾ ਪਿਆ, ਹੁਣ ਇਸ ਮਾਮਲੇ ‘ਚ ਉਨ੍ਹਾਂ ਨੂੰ ਇਨਸਾਫ਼ ਮਿਲ ਗਿਆ ਹੈ | ਇੱਕ ਵਿਅਕਤੀ ਦੀ ਮੌਤ ਪਹਿਲਾ ਹੀ ਹੋ ਚੁੱਕੀ ਹੈ।ਕਰੀਬ ਪੰਦਰਾਂ ਸਾਲ ਪਹਿਲਾਂ ਦਾ ਹੈ ਕੇਸ
ਸਜ਼ਾ ਯਾਫਤਾ ਵਿਅਕਤੀਆਂ ‘ਚ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਮਾਤਾ ਪਰਮੇਸ਼ਰੀ ਦੇਵੀ ਵੀ ਸ਼ਾਮਲ ਹੈ। ਦੱਸਣਯੋਗ ਹੈ ਕਿ ਉਸ ਸਮੇਂ ਅਮਨ ਅਰੋੜਾ ਅਤੇ ਰਾਜਿੰਦਰ ਦੀਪਾ ਦੋਵੇਂ ਕਾਂਗਰਸ ਪਾਰਟੀ ਵਿੱਚ ਸਨ। ਦੋਵਾਂ ਵਿਚਾਲੇ ਸਿਆਸੀ ਖਿੱਚੋਤਾਣ ਆਪਣੇ ਸਿਖਰ ‘ਤੇ ਸੀ ਅਤੇ ਇਸ ਦੌਰਾਨ ਇਹ ਝਗੜਾ ਗੰਭੀਰ ਰੂਪ ਧਾਰਨ ਕਰ ਗਿਆ ਸੀ। ਸੁਨਾਮ ਵਿੱਚ ਦੋਵਾਂ ਆਗੂਆਂ ਦੇ ਘਰ ਆਹਮੋ-ਸਾਹਮਣੇ ਹਨ। ਦੋਵੇਂ ਆਗੂ ਕਾਂਗਰਸ ਛੱਡ ਚੁੱਕੇ ਹਨ। ਇਸ ਸਮੇਂ ਅਮਨ ਅਰੋੜਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਹਨ ਜਦਕਿ ਰਜਿੰਦਰ ਦੀਪਾ ਅਕਾਲੀ ਦਲ ਦੇ ਜਨਰਲ ਸਕੱਤਰ ਹਨ।