ਬਟਾਲਾ, 19 ਅਕਤੂਬਰ (ਅਨਿਲ – ਰੋਹਿਤ) ਸੈਨਾ ਭਰਤੀ ਦਫ਼ਤਰ ਅੰਮ੍ਰਿਤਸਰ ਦੇ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿੱਬੜੀ ਮਿਲਟਰੀ ਸਟੇਸ਼ਨ (ਗੁਰਦਾਸਪੁਰ) ਵਿਖੇ 31 ਅਕਤੂਬਰ ਤੋਂ 10 ਨਵੰਬਰ 2023 ਤੱਕ ਵੱਖ-ਵੱਖ ਸ਼ਰੇਣੀਆਂ ਦੇ ਅੰਤਰਗਤ ਜ਼ਿਲ੍ਹਾ ਗੁਰਦਾਸਪੁਰ, ਅੰਮ੍ਰਿਤਸਰ ਅਤੇ ਪਠਾਨਕੋਟ ਦੇ ਨੌਜਵਾਨਾਂ ਦੀ ਅਗਨੀਵੀਰ ਜਨਰਲ ਡਿਊਟੀ, ਅਗਨੀਵੀਰ ਟੈਕਨੀਕਲ, ਅਗਨੀਵੀਰ ਕਲਰਕ/ਸਟੋਰ ਕੀਪਰ ਅਤੇ ਅਗਨੀਵੀਰ ਟਰੇਡਸਮੈਨ ਦੀ ਭਰਤੀ ਰੈਲੀ ਕੀਤੀ ਜਾ ਰਹੀ ਹੈ।ਉਨਾਂ ਅੱਗੇ ਦੱਸਿਆ ਹੈ ਕਿ ਲਿਖਤੀ ਪ੍ਰੀਖਿਆ ਲਈ ਸਾਰੇ ਯੋਗ ਉਮੀਦਵਾਰਾਂ ਨੂੰ ਪ੍ਰਵੇਸ਼ ਪੱਤਰ, ਉਨ੍ਹਾਂ ਦੇ ਰਜਿਸਟਰਡ ਈ-ਮੇਲ ਆਈ.ਡੀ. ’ਤੇ ਭੇਜ ਦਿੱਤੇ ਗਏ ਹਨ। ਇਸਦੇ ਨਾਲ ਹੀ ਉਨ੍ਹਾਂ ਸਾਰੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤੀ ਫ਼ੌਜ ਦੀ ਵੈਬਸਾਈਟ ’ਤੇ ਉਪਲੱਬਧ ਭਰਤੀ ਸਬੰਧੀ ਜਾਰੀ ਨੋਟੀਫਿਕੇਸ਼ਨ ਅਨੁਸਾਰ ਆਪਣੇ ਸਾਰੇ ਦਸਤਾਵੇਜ਼ ਨਾਲ ਲੈ ਕੇ ਆਉਣ। ਸਹੁੰ ਪੱਤਰ ਵਿੱਚ ਇਹ ਵਾਕ ਸਪੱਸ਼ਟ ਰੂਪ ਵਿੱਚ ਓਲੇਖ ਕੀਤਾ ਹੋਵੇ ਕਿ ‘ਮੈ ਕਿਸੀ ਵੀ ਹਿੰਸਕ ਵਿਰੋਧੀ/ਅਗਜ਼ਨੀ, ਸਰਕਾਰੀ ਸੰਪਤੀ ਦੇ ਨੁਕਸਾਨ ਦੀ ਗਤੀਵਿਧੀ ਵਿੱਚ ਭਾਗ ਨਹੀਂ ਲਿਆ’।ਉਨ੍ਹਾਂ ਕਿਹਾ ਕਿ ਜੇਕਰ ਕਿਸੇ ਉਮੀਦਵਾਰ ਨੂੰ ਪ੍ਰਵੇਸ਼ ਪੱਤਰ ਡਾਊਨਲੋਡ ਕਰਨ ਵਿੱਚ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਭਰਤੀ ਦਫ਼ਤਰ ਦੇ ਹੈਲਪ ਲਾਈਨ ਨੰਬਰ 0183-2400361 ’ਤੇ ਸੰਪਰਕ ਕਰ ਸਕਦੇ ਹਨ। ਸਾਰੇ ਉਮੀਦਵਾਰਾਂ ਨੂੰ ਬੁਲਾਏ ਗਏ ਦਿਨ ਸਵੇਰੇ 03:00 ਵਜੇ ਭਰਤੀ ਰੈਲੀ ਮੈਦਾਨ ਵਿੱਚ ਪੂਰੀ ਸੁਰੱਖਿਆ ਦੇ ਨਾਲ ਪ੍ਰਵੇਸ਼ ਪੱਤਰ ਨੂੰ ਬਿਨ੍ਹਾਂ ਮੋੜੇ ਰੰਗੀਨ ਕਾਪੀ ਦੇ ਨਾਲ ਪਹੁੰਚਾਉਣਾ ਹੋਵੇਗਾ, ਕਿਉਂਕਿ ਇਸ ਪ੍ਰਵੇਸ਼ ਦੁਆਰ ’ਤੇ ਬਾਰ ਕੋਡ ਸਕੈਨ ਕੀਤਾ ਜਾਵੇਗਾ। ਸਾਰੇ ਉਮੀਦਵਾਰਾਂ ਨੂੰ ਅਪੀਲ ਹੈ ਕਿ ਉਹ ਸਰੀਰਕ ਪ੍ਰੀਖਿਆ ਦੌਰਾਨ ਡੀਹਾਈਡ੍ਰੇਸ਼ਨ ਤੋਂ ਬਚਣ ਲਈ ਵੱਧ ਪਾਣੀ ਅਤੇ ਤਰਲ ਪਦਾਰਥਾਂ ਦਾ ਸੇਵਨ ਕਰਨ।ਉਨਾਂ ਅੱਗੇ ਕਿਹਾ ਕਿ ਭਾਰਤੀ ਫ਼ੌਜ ਵਿੱਚ ਭਰਤੀ ਉਮੀਦਵਾਰ ਦੀ ਯੋਗਤਾ ਅਤੇ ਨਿਰੋਲ ਮੈਰਿਟ ਦੇ ਅਧਾਰ ’ਤੇ ਕੀਤੀ ਜਾਂਦੀ ਹੈ। ਸਾਰੀ ਭਰਤੀ ਪ੍ਰੀਕ੍ਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਹੁੰਦੀ ਹੈ ਇਸ ਲਈ ਕਿਸੇ ਵੀ ਉਮੀਦਵਾਰ ਨੂੰ ਦਲਾਲਾਂ ਦੇ ਝਾਂਸੇ ਵਿੱਚ ਨਹੀਂ ਆਉਣਾ ਚਾਹੀਦਾ। ਭਰਤੀ ਰੈਲੀ ਦੌਰਾਨ ਉਮੀਦਵਾਰ ਦੀ ਜਾਂਚ ਕੀਤੀ ਜਾਵੇਗੀ ਕਿ ਉਸਨੇ ਕਿਸੇ ਤਰ੍ਹਾਂ ਦੀ ਸਰੀਰਕ ਸ਼ਕਤੀ ਵਧਾਉਣ ਵਾਲੀ ਦਵਾਈ ਦਾ ਉਪਯੋਗ ਤਾਂ ਨਹੀਂ ਕੀਤਾ, ਜੇਕਰ ਕੋਈ ਉਮੀਦਵਾਰ ਅਜਿਹੀ ਦਵਾਈ ਦਾ ਉਪਯੋਗ ਕਰਦਾ ਪਾਇਆ ਗਿਆ ਤਾਂ ਉਸ ਨੂੰ ਭਰਤੀ ਪ੍ਰੀਕ੍ਰਿਆ ਤੋਂ ਅਯੋਗ ਘੋਸ਼ਿਤ ਕਰ ਦਿੱਤਾ ਜਾਵੇਗਾ। ਉਮੀਦਵਾਰਾਂ ਨੂੰ ਰੈਲੀ ਦੌਰਾਨ ਮੋਬਾਇਲ ਫੋਨ ਦੀ ਵਰਤੋਂ ਦੀ ਆਗਿਆ ਨਹੀਂ ਹੈ। ਪ੍ਰਵੇਸ਼ ਦੁਆਰ ਦੇ ਨਾਲ ਮਰਸ਼ਲਿੰਗ ਖੇਤਰ ਵਿੱਚ ਬੈਗਾਂ ਦੀ ਚੰਗੀ ਤਰਾਂ ਜਾਂਚ ਵੀ ਕੀਤੀ ਜਾਵੇਗੀ।