ਪੰਜਾਬ ਕਦੇ ਦੁੱਧ, ਮੱਖਣ ਅਤੇ ਪੰਜ ਦਰਿਆਵਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਸੀ। ਸਮੇਂ ਨੇ ਅਜਿਹੀ ਕਰਵਟ ਲਈ ਕਿ ਹੁਣ ਇਹ ਤਿੰਨੇ ਹੀ ਪੰਜਾਬ ਵਿੱਚੋਂ ਅਲੋਪ ਹੋ ਗਏ ਹਨ। ਦਰਿਆਵਾਂ ਦਾ ਪਾਣੀ ਸੁੱਕ ਗਿਆ ਹੈ, ਦੁਧਾਰੂ ਪਸ਼ੂ ਪਿੰਡਾਂ ਵਿਚੋਂ ਅਲੋਪ ਹੋ ਗਏ ਹਨ। ਉਸਦੇ ਬਾਵਜੂਦ ਪੰਜਾਬ ਦੇ ਹਰ ਸ਼ਹਿਰ ਪਿੰਡ ਵਿਚ ਮਣਾਮੂੰਹੀ ਦੁੱਧ ਮਿਲ ਜਾਂਦਾ ਹੈ। ਦਰਅਸਲ ਇਸ ਸਮੇਂ ਪੰਜਾਬ ਵਿੱਚ ਦੁੱਧ ਦੇ ਨਾਂ ’ਤੇ ਜ਼ਹਿਰ ਸ਼ਰੇਆਮ ਪਰੋਸਿਆ ਜਾ ਰਿਹਾ ਹੈ। ਇਹ ਸਭ ਕੁਝ ਜਾਣਨ ਦੇ ਬਾਵਜੂਦ ਵੀ ਸੰਬੰਧਤ ਵਿਭਾਗ ਦੇ ਅਧਿਕਾਰੀ ਅਤੇ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ ਅਤੇ ਪੰਜਾਬ ਇਸ ਨਕਲੀ ਦੁੱਧ ਕਾਰਨ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਹੁਣ ਤਿਉਹਾਰਾਂ ਦਾ ਸੀਜ਼ਨ ਹੈ, ਮਠਿਆਈਆਂ ਹਰ ਹਲਵਾਈ ਦੀ ਦੁਕਾਨ ਤੇ ਵੱਡੇ ਪੱਧਰ ਤੇ ਤਿਆਰ ਕੀਤੀਆਂ ਜਾ ਰਹੀਆਂ ਹਨ। ਜਿਨ੍ਹਾਂ ਵਿਚ ਜ਼ਿਆਦਾਤਰ ਮਠਿਆਈਆਂ ਦੁੱਧ, ਖੋਆ ਅਤੇ ਪਨੀਰ ਨਾਲ ਬਣਾਈਆਂ ਜਾਂਦੀਆਂ ਹਨ। ਜਿਥੇ ਆਮ ਰੁਟੀਨ ਵਿਚ ਇਕ ਚੰਗੇ ਹਲਵਾਈ ਦੀ ਦੁਕਾਨ ਤੇ ਦੁੱਧ ਦੀ ਖਪਤ ਇਕ ਕੁਇੰਟਲ ਰੋਜਾਨਾਂ ਸੀ ਉਹ ਬੁਣ ਤਿਉਹਾਰਾਂ ਦਾ ਸੀਜਨ ਕਰਕੇ ਦਸ ਕੁਇਟੰਲ ਤੱਕ ਪਹੁੰਚ ਚੁੱਕੀ ਹੈ। ਵਿਚਾਰਨਯੋਗ ਗੱਲ ਹੈ ਕਿ ਦੁੱਧ ਸਾਰੇ ਹਲਵਾਈਆਂ ਤੱਕ ਪਹੁੰਚ ਰਿਹਾ ਹੈ ਅਤੇ ਸਾਰੇ ਹਲਵਾਈ ਉਸੇ ਦੁੱਧ ਨਾਲ ਹੀ ਮਠਿਆਈਆਂ ਬਣਾਉਣ ਵਿੱਚ ਰੁੱਝੇ ਹੋਏ ਹਨ। ਹੁਣ ਵੱਡਾ ਸਵਾਲ ਇਹ ਹੈ ਕਿ ਇੰਨੀ ਵੱਡੀ ਮਾਤਰਾ ਵਿੱਚ ਦੁੱਧ ਕਿੱਥੋਂ ਆ ਰਿਹਾ ਹੈ ? ਜੇਕਰ ਅਸੀਂ ਦੁਧਾਰੂ ਪਸ਼ੂਆਂ ਦੀ ਹਾਲਤ ’ਤੇ ਨਜ਼ਰ ਰੱਖੀਏ ਤਾਂ ਕੋਈ ਸਮਾਂ ਸੀ ਜਦੋਂ ਪੰਜਾਬ ਦੇ ਹਰ ਘਰ ’ਚ ਦੁਧਾਰੂ ਪਸ਼ੂ ਨਜ਼ਰ ਆਉਂਦੇ ਸਨ ਪਰ ਹੁਣ ਸਮਾਂ ਇਹ ਆ ਗਿਆ ਹੈ ਕਿ ਜੇਕਰ ਕਿਸੇ ਪਿੰਡ ’ਚ 1000 ਘਰ ਹੋਣ ਤਾਂ ਉਸ ਦੇ ਪਿੱਛੇ ਸਿਰਫ 100 ਘਰ ਹੀ ਅਜਿਹੇ ਮਿਲਣਗੇ ਜਿਨ੍ਹਾਂ ਨੇ ਪਸ਼ੂ ਰੱਖੇ ਹੋਣ। ਉਨ੍ਹੰ ਪਸ਼ੂਆਂ ਦਾ ਦੁੱਧ ਵੀ ਪਿੰਡ ਪੱਧਰ ਤੇ ਹੀ ਖਪਤ ਹੋ ਜਾਂਦਾ ਹੈ। ਜਿਹੜਾ ਦੁੱਧ ਡੇਅਰੀਆਂ ਵਿਚ ਇਕੱਠਾ ਹੁੁੰਦਾ ਹੈ ਅਤੇ ਉਥੋਂ ਅੱਗੇ ਮਿਲਕ ਪਲਾਂਟਾਂ ਨੂੰ ਸਪਲਾਈ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸ਼ਹਿਰਾਂ ਵਿਚ ਵੱਖ-ਵੱਖ ਥਾਵਾਂ ’ਤੇ ਗੱਡੀਆਂ ਲੈ ਕੇ ਖੜ੍ਹੇ ਲੋਕ 20-20 ਡਰੰਮ ਦੁੱਧ ਦੇ ਭਰ ਕੇ ਗੱਡੀਆਂ ਵਿਚ ਰੱਖ ਕੇ ਖੁੱਲ੍ਹੇਆਮ ਲੋਕਾਂ ਨੂੰ ਦੁੱਧ ਵੇਚਦੇ ਹਨ। ਉਹ ਸ਼ਹਿਰਾਂ ਵਿੱਚ ਦੁੱਧ ਕਿੱਥੋਂ ਆ ਰਿਹਾ ਹੈ ? ਇਸ ਨੂੰ ਲੈ ਕੇ ਵਿਭਾਗ ਅਤੇ ਪੰਜਾਬ ਸਰਕਾਰ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਜਾਪਦੇ ਹਨ। ਘੱਟੋ-ਘੱਟ ਇਸ ਸਮੇਂ ਵਿਭਾਗੀ ਅਧਿਕਾਰੀ ਆਪਣੇ ਦਫ਼ਤਰਾਂ ਤੋਂ ਬਾਹਰ ਆ ਕੇ ਇਸ ਅੰਨ੍ਹੇਵਾਹ ਦੁੱਧ ਦੀ ਖਪਤ ਨੂੰ ਬੰਦ ਕਰਨ ਲਈ ਕਾਰਵਾਈ ਕਰਨ। ਸ਼ਹਿਰਾਂ ਵਿਚ ਹਰ ਗਲੀ ਮੁਹੱਲੇ ਵਿਚ ਲਈ ਫਿਰਦੇ ਦੁੱਧ ਦੀ ਸਪਲਾਈ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਸ ਦੁੱਧ ਤੋਂ ਬਣੀਆਂ ਮਠਿਆਈਆਂ ਦੀਵਾਲੀ ਅਤੇ ਹੋਰ ਤਿਉਹਾਰਾਂ ਦੌਰਾਨ ਹਰ ਕਿਸੇ ਦੇ ਘਰ ਪਹੁੰਚਦੀਆਂ ਹਨ ਅਤੇ ਇਨ੍ਹਾਂ ਮਠਿਆਈਆਂ ਵਿੱਚ ਜ਼ਿਆਦਾਤਰ ਮਠਿਆਈਆਂ ਉਹ ਹੋਣਗੀਆਂ ਜੋ ਨਕਲੀ ਕੈਮੀਕਲਾਂ ਵਾਲੇ ਦੁੱਧ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ। ਉਹ ਮਠਿਆਈਆਂ ਖਾਣ ਨਾਲ ਕਈ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਗੰਭੀਰ ਬਿਮਾਰੀਆਂ ਘੇਰਦੀਆਂ ਹਨ। ਪਿਛਲੇ ਕੁਝ ਸਮੇਂ ਤੋਂ ਸਬੰਧਤ ਵਿਭਾਗ ਵੱਲੋਂ ਨਕਲੀ ਖੋਆ ਅਤੇ ਨਕਲੀ ਦੇਸੀ ਘਿਓ ਵੱਡੀ ਮਾਤਰਾ ਵਿਚ ਫੜਿਆ ਵੀ ਗਿਆ ਹੈ ਪਰ ਪੰਜਾਬ ਭਰ ਵਿੱਚ ਇੱਕ-ਦੋ ਥਾਵਾਂ ’ਤੇ ਹੀ ਇਸ ਸੰਬੰਧੀ ਕਾਰਵਾਈ ਸਾਹਮਣੇ ਆਈ ਹੈ, ਜਦੋਂ ਕਿ ਇਸ ਤਰ੍ਹਾਂ ਦਾ ਗੋਰਖਘੰਦਾ ਪੰਜਾਬ ਦੇ ਲੱਗ ਭੱਗ ਹਰ ਸ਼ਹਿਰ ਵਿਚ ਹੋ ਰਿਕਹਾ ਹੈ। ਵਿਭਾਗ ਦੀ ਇਸ ਕਾਰਵਾਈ ਨਾਲ ਆਮ ਲੋਕਾਂ ਵਿਚ ਇਹੀ ਸੰਦੇਸ਼ ਜਾ ਰਿਹਾ ਹੈ ਕਿ ਜਿਸ ਨਾਲ ਵਿਭਾਗੀ ਅਧਿਕਾਰੀ ਦੀ ਸੈਟਿੰਗ ਨਹੀਂ ਹੈ ਉਥੇ ਹੀ ਕਾਰਵਾਈ ਹੁੰਦੀ ਹੈ। ਜਦਕਿ ਪੰਜਾਬ ’ਚ ਮੌਜੂਦਾ ਸਮੇਂ ’ਚ ਯੂਰੀਆ, ਕਪੜੇ ਧੋਣ ਵਾਲਾ ਡਿਟਰਜੈਂਟ ਅਤੇ ਹੋਰ ਕਈ ਤਰ੍ਹਾਂ ਦੇ ਕੈਮੀਕਲ ਮਿਲਾ ਕੇ ਨਕਲੀ ਦੁੱਧ ਤਿਆਰ ਕੀਤਾ ਜਾਂਦਾ ਹੈ। ਖੋਆ, ਪਨੀਰ ਅਤੇ ਦੇਸੀ ਘਿਓ ਵੀ ਇਸੇ ਤਰ੍ਹਾਂ ਖਤਰਨਾਕ ਕੈਮੀਕਲ ਨਾਲ ਤਿਆਰ ਕੀਤਾ ਜਾ ਰਿਹਾ ਹੈ। ਅਜਿਹਾ ਨਹੀਂ ਹੈ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਨਹੀਂ ਹੈ ਪਰ ਪੈਸੇ ਦੇ ਲਾਲਚ ਨੇ ਸਭ ਨੂੰ ਅੰਨ੍ਹਾ ਕਰ ਦਿੱਤਾ ਹੈ। ਇਸੇ ਕਰਕੇ ਪੰਜਾਬ ਦੇ ਹਰ ਸ਼ਹਿਰ ’ਚ ਦੁੱਧ ਦੇ ਨਾਮ ’ਤੇ ਸ਼ਰੇਆਮ ਜ਼ਹਿਰ ਵਿਕ ਰਿਹਾ ਹੈ। ਨਕਲੀ ਦੁੱਧ, ਖੋਆ, ਪਨੀਰ ਨਾਲ ਤਿਆਰ ਮਠਿਆਈਆਂ ਰਾਹੀਂ ਜ਼ਹਿਰ ਪਰੋਸੇ ਜਾ ਰਹੇ ਹਨ। ਪਰ ਵਿਭਾਗ ਦੇ ਅਧਿਕਾਰੀ ਜਾਂ ਸਰਕਾਰ ਦੇ ਮੰਤਰੀਆਂ ਨੂੰ ਨਜ਼ਰ ਨਹੀਂ ਆ ਰਹੀ। ਦੀਵਾਲੀ ਦਾ ਤਿਉਹਾਰ ਨੇੜੇ ਆ ਰਿਹਾ ਹੈ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ ਉਸ ਲਈ ਸਬੰਧਤ ਵਿਭਾਗ ਦੇ ਮੰਤਰੀ ਨੂੰ ਆਪਣੇ ਵਿਭਾਗੀ ਅਧਿਕਾਰਾਂ ਨੂੰ ਉਨ੍ਹੰ ਦੇ ਦਫਤਰਪਾਂ ਵਿਚੋਂ ਬਾਹਰ ਆ ਕੇ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦੇਣੇ ਚਾਹੀਦੇ ਹਨ ਤਾਂ ਜੋ ਤਿਓਹਾਰੀ ਸੀਜਨ ਵਿਚ ਪਬਲਿਕ ਕੁਝ ਹੱਦ ਤੱਕ ਜ਼ਹਿਰ ਖਾਣ ਤੋਂ ਬਚ ਸਕੇ।
ਹਰਵਿੰਦਰ ਸਿੰਘ ਸੱਗੂ।