ਉਸ ਦਾ ਦੀਦਾਰ ਹੋ ਗਿਆ ਆਬ-ਏ-ਹਯਾਤ ਮੇਰੇ ਲਈ।
ਉਸਦਾ ਨਜ਼ਰ ਉਠਾ ਤੱਕਣਾ ਖ਼ੁਦਾ ਦੀ ਕੋਈ ਕਰਾਮਾਤ ਮੇਰੇ ਲਈ।
ਚਲਦਾ ਰਹਿੰਦਾ ਹੈ ਮੁਸੱਲਸਲ ਹੀ ਹੁਣ ਤਾਂ ਯਾਦਾਂ ਦਾ ਸਿਲਸਿਲਾ
ਜਦ ਤੋਂ ਵੇਖਿਆ ਉਹ ਮਾਸੂਮ ਚਿਹਰਾ ਹੋ ਗਿਆ ਕਾਇਨਾਤ ਮੇਰੇ ਲਈ।
ਇਕੋ-ਇੱਕ ਹਰਫ਼ ਯਾਦ ਹੈ ਮੈਨੂੰ ਖ਼ੁਦਾ ਦੇ ਪੈਗ਼ਾਮ ਵਾਂਗ
ਉਸ ਦਾ ਇਕ-ਇਕ ਬੋਲ ਹੋ ਗਿਆ ਆਇਤ ਮੇਰੇ ਲਈ।
ਉਲਫ਼ਤ ਕਾ ਇਜ਼ਹਾਰ ਜ਼ਰੂਰੀ ਨਹੀਂ,ਅਦਾਬ ਬਦਲੇ ਸਿਰ ਝੁਕਾ ਦੇ
ਬਸ ਯਾਰੋ ਉਸਦੀ ਇੰਨ੍ਹੀ ਹੀ ਕਾਫ਼ੀ ਹੈ ਹਮਾਇਤ ਮੇਰੇ ਲਈ।
ਉਹਦੇ ਸੰਗ ਨਿੱਤ ਖ਼ਿਆਲਾਂ ਦੇ ਖੇਤ ਵਾਹ ਸੋਹਣੇ ਸੁਪਨੇ ਬੀਜਾਂ
ਬੜੀ ਹੀ ਪਿਆਰੀ ਹੈ ਮੁਹੱਬਤ ਦੀ ਇਹ ਜ਼ਰਾਇਤ ਮੇਰੇ ਲਈ।
ਜੇ ਸਿਰਫ਼ ਜਾਨ ਦੇ ਬਦਲੇ ਵੀ ਮਿਲੇ ਇਕ ਮੁਸਕਾਨ ਉਸਦੀ
ਇਸ ਤੋਂ ਵੱਧ ਕੇ ਕੀ ਹੋ ਸਕਦੀ ਹੈ ਕਫਾਇਤ ਮੇਰੇ ਲਈ।
ਉਸ ਅੱਖਾਂ ਦੀ ਘੂਰੀ ਵੱਟੀ ਮੇਰੇ ਵੱਲ,ਚੁੱਪ ਕਹਿਣ ਲਈ
ਬਸ ਫਿਰ ਮੈਂ ਮੋਨ ਹੋ ਗਿਆ
ਇਸ ਤੋਂ ਵੱਡੀ ਕੀ ਹੋ ਸਕਦੀ ਸੀ ਹਦਾਇਤ ਮੇਰੇ ਲਈ।
ਜ..ਦੀਪ ਸਿੰਘ ‘ਦੀਪ’
ਪਿੰਡ – ਕੋਟੜਾ ਲਹਿਲ
ਜ਼ਿਲ੍ਹਾ – ਸੰਗਰੂਰ
ਮੋਬਾਇਲ 9876004714