ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ ਤੀਜੀ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਪ੍ਰਧਾਨ ਚੁਣੇ ਗਏ। ਦੂਜੇ ਧੜੇ ਵਲੋਂ ਸੰਤ ਬਲਬੀਰ ਸਿੰਘ ਘੁੰਨਸ ਚੋਣ ਮੈਦਾਨ ਵਿੱਚ ਉਤਾਰੇ ਗਏ ਸਨ। ਉਨ੍ਹਾਂ ਦੇ ਸਾਹਮਣੇ ਆਉਣ ਨਾਲ ਇਹ ਮੁਕਾਬਲਾ ਦਿਲਚਸਪ ਹੋਣ ਦੀ ਸੰਭਾਵਨਾ ਸੀ ਪਰ ਨਤੀਜਾ ਇਕਤਰਫਾ ਹੀ ਸਾਹਮਣੇ ਆ ਗਿਆ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 118 ਅਤੇ ਸੰਤ ਬਲਬੀਰ ਸਿੰਘ ਘੁੰਨਸ ਨੂੰ ਸਿਰਫ 17 ਵੋਟਾਂ ਮਿਲੀਆਂ। ਇਸ ਵੋਟਿੰਗ ਤੋਂ ਇਕ ਗੱਲ ਹੋਰ ਸਾਹਮਣੇ ਆਈ ਕਿ ਪਿਛਲੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਪ੍ਰਧਾਨ ਦੇ ਅਹੁਦੇ ਲਈ ਸ਼੍ਰੋਮਣੀ ਅਕਾਲੀ ਤੋਂ ਬਾਗੀ ਹੋ ਕੇ ਜਗੀਰ ਕੌਰ ਉਮੀਦਵਾਰ ਸਨ। ਉਹ ਚਾਲੀ ਦੇ ਕਰੀਬ ਵੋਟਾਂ ਹਾਸਿਲ ਕਰਨ ਵਿਚ ਸਫਲ ਹੋ ਗਏ ਸਨ। ਇਸ ਵਾਰ ਜਗੀਰ ਕੌਰ ਧੜੇ ਵੱਲੋਂ ਹੀ ਸੰਤ ਬਲਬੀਰ ਸਿੰਘ ਘੁੰਨਸ ਨੂੰ ਉਮੀਦਵਾਰ ਐਲਾਨਿਆ ਗਿਆ ਸੀ, ਪਰ ਉਹ ਵੀ ਜਗੀਰ ਕੌਰ ਜਿੰਨੀਆਂ ਵੋਟਾਂ ਹਾਸਲ ਨਹੀਂ ਕਰ ਸਕੇ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਧਾਰਮਿਕ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਆਧਾਰ ਪਹਿਲਾਂ ਨਾਲੋਂ ਵਧ ਗਿਆ ਅਤੇ ਦੂਸਰਾ ਬਾਗੀ ਪੰਥਕ ਧੜਾ ਕਮਜ਼ੋਰ ਸਾਬਿਤ ਹੋਇਆ। ਇੱਥੇ ਜੇਕਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਤੀਜੀ ਵਾਰ ਸਿੱਖ ਸੰਗਤ ਵਲੋਂ ਸਨਮਾਨ ਦਿਤਾ ਗਿਆ ਹੈ ਤਾਂ ਹੁਣ ਉਨ੍ਹਾਂ ਨੂੰ ਉਨ੍ਹਾਂ ਦੀ ਜਿੰਮੇਵਾਰੀ ਪਹਿਲਾਂ ਨਾਲੋਂ ਹੋਰ ਵਧ ਜਾਂਦੀ ਹੈ। ਜੋ ਕੰਮ ਉਹ ਆਪਣੇ ਪਹਿਲੇ ਦੋ ਵਾਰ ਦੇ ਕਾਰਜਕਾਲ ਵਿਚ ਨਹੀਂ ਕਰ ਸਕੇ ਹੁਣ ਉਹ ਸਾਰੇ ਕੰਮ ਨੇਪਰੇ ਚੜ੍ਹਣ ਦੀ ਆਸ ਜਤਾਈ ਜਾ ਰਹੀ ਹੈ। ਅਜਿਹੇ ਬਹੁਤ ਸਾਰੇ ਮਾਮਲੇ ਹਨ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੱਡੀ ਜ਼ਿੰਮੇਵਾਰੀ ਹੈ। ਪਰ ਉਸ ਜਿੰਮੇਵਾਰੀ ਨੂੰ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਮਾਮਲਿਆਂ ਵਿੱਚ ਸਭ ਤੋਂ ਵੱਡਾ ਅਤੇ ਅਹਿਮ ਮੁੱਦਾ ਜੇਲ੍ਹਾਂ ਵਿੱਚ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਦਾ ਹੈ। ਪੰਜਾਬ ਦੇ ਯੋਧਿਆਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਜੇਲਾਂ ਵਿਚ ਨਜ਼ਰਬੰਦ ਕੀਤਾ ਹੋਇਆ ਹੈ। ਭਾਵੇਂ ਸਮੁੱਚੀ ਸਿੱਖ ਸੰਗਤ ਉਨ੍ਹਾਂ ਬੰਦੀ ਸਿੰਘਾ ਦੀ ਰਿਹਾਈ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਜੋ ਕਿ ਸਾਡੇ ਲਈ ਵੱਡੀ ਨਮੋਸ਼ੀ ਦੀ ਗੱਲ ਹੈ। ਹਾਲ ਹੀ ਵਿੱਚ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ ਵਿਚ ਜੇਲ ਵਿਚ ਨਜ਼ਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਅਤੇ ਜਥੇਦਾਰ ਸਹਿਬਾਨ ਨੂੰ ਇੱਕ ਪੱਤਰ ਲਿਖ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਕੀਤੀ ਹੋਈ ਅਪੀਲ ’ਤੇ ਹੁਣ ਤੱਕ ਕੋਈ ਫੈਸਲਾ ਨਾ ਹੋਣ ਕਾਰਨ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਉਸ ਅਪੀਲ ਨੂੰ ਵਾਪਿਸ ਲੈਣ ਲਈ ਕਿਹਾ ਹੈ। ਇਹ ਸਾਡੇ ਧਾਰਮਿਕ ਆਗੂਆਂ ਅਤੇ ਕੌਮ ਦੀ ਅਗਵਾਈ ਕਰਨ ਵਾਲੀ ਸਿਰਮੌਰ ਸੰਸਥਾ ਲਈ ਹੋਰ ਵੀ ਨਮੋਸ਼ੀਜਨਕ ਗੱਲ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਵੀ ਇਸ ਸੰਬੰਧ ਵਿਚ ਦਰਖਾਸਤੀ ਮੁਹਿਹਮ ਚਲਾਈ ਗਈ ਸੀ। ਜਿਸ ਵਿਚ 20 ਲੱਖ ਸੰਗਤ ਦੇ ਦਸਤਖਤ ਕਰਵਾਏ ਗਏ ਸਨਪਰ ਉਹ ਦਸਤਖਤਾਂ ਵਾਲੇ ਦਸਤਾਵੇਜ ਨਿਸ਼ਾਨੇ ਤੱਕ ਪਹੁੰਚਾਉਣ ਵਿਚ ਵੀ ਹੁਣ ਤੱਕ ਸ਼੍ਰੋਮਣੀ ਕਮੇਟੀ ਨਾਕਾਮ ਸਾਬਿਤ ਹੋਈ ਹੈ। ਤੀਸਰਾ ਅਹਿਮ ਮੁੱਦਾ ਹੈ ਪਿਛਲੇ ਸਮੇਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸ਼ੱਕੀ ਹਾਲਤਾਂ ’ਚ ਲਾਪਤਾ ਹੋ ਗਏ ਸਨ। ਹੁਣ ਤੱਕ ਉਨ੍ਹੰ ਸੰਬੰਧੀ ਸ੍ਰੋਮਣੀ ਕਮੇਟੀ ਕੋਈ ਵੀ ਜਵਾਬ ਨਹੀਂ ਦੇ ਸਕੀ। ਚੌਥਾ ਵੱਡਾ ਮੁੰਦਾ ਜਿਸ ਵਿਚ ਸਿੱਖ ਸੰਗਤ ਪਿਛਲੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਚੈਨਲ ਸ਼ੁਰੂ ਕਰਨ ਦੀ ਬੇਨਤੀ ਕਰ ਰਹੀ ਹੈ। ਪਰ ਵਾਰ-ਵਾਰ ਦਾਅਵਿਆਂ ਦੇ ਬਾਵਜੂਦ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯੂ-ਟਿਊਬ ਚੈਨਲ ਤੋਂ ਅੱਗੇ ਨਹੀਂ ਵਧ ਸਕੀ। ਪੰਜਵਾਂ ਮੁੱਦਾ ਹੈ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਦਾ ਆਪਣਾ ਬਹੁਤ ਵੱਡਾ ਬਜਟ ਹੈ ਅਤੇ ਕਿਤੇ ਵੀ ਪੈਸੇ ਦੀ ਕੋਈ ਕਮੀ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਜ਼ਿਲ੍ਹੇ ਵਿੱਚ ਆਪਣੇ ਹਸਪਤਾਲ, ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਖੋਲ੍ਹ ਸਕਦੀ ਸੀ ਪਰ ਅਜਿਹਾ ਨਹੀਂ ਹੋਇਆ। ਦੂਜੇ ਪਾਸੇ ਪੰਜਾਬ ਦੇ ਹਰ ਜ਼ਿਲ੍ਹੇ ਅਤੇ ਸ਼ਹਿਰ ਵਿੱਚ ਇਸਾਈ ਭਾਈਚਾਰਾ ਵੱਡੇ-ਵੱਡੇ ਵਿੱਦਿਅਕ ਅਦਾਰੇ ਚਲਾ ਰਿਹਾ ਹੈ। ਇਸਤੋਂ ਇਲਾਵਾ ਲੁਧਿਆਣੇ ਵਿੱਚ ਰਾਸ਼ਟਰੀ ਪੱਧਰ ਤੇ ਸਫਲਤਾ ਪੂਰਵਕ ਸੀ.ਐਮ.ਸੀ ਮੈਡੀਕਲ ਕਾਲਜ ਅਤੇ ਹਸਪਤਾਲ ਚਲਾ ਰਿਹਾ ਹੈ। ਜਦੋਂ ਕਿ ਸਿੱਖ ਕੌਮ ਪਾਸ ਆਪਣਾ ਇਕ ਵੱਖਰਾ ਧਾਰਮਿਕ ਵਿੰਗ ( ਸ਼੍ਰੋਮਣੀ ਗੁੁਰਦੁਆਰਾ ਪ੍ਰਬੰਧਕ ਕਮੇਟੀ ) ਵੀ ਹੈ ਅਤੇ ਉਸ ਪਾਸ ਪੈਸੇ ਦੀ ਵੀ ਕੋਈ ਕਮੀ ਨਹੀਂ, ਇਸਤੋਂ ਇਲਾਵਾ ਕਿਸੇ ਵੀ ਕੰਮ ਲਈ ਜਰੂਰਤ ਪੈਣ ਪੈਸੇ ਵੀ ਸੰਗਤ ਦਿਲ ਖੋਲ੍ਹ ਕੇ ਦੇ ਸਕਦੀ ਹੈ। ਉਸ ਤੋਂ ਬਾਅਦ ਵੀ ਸਿੱਖ ਕੌਮ ਦੇ ਧਾਰਮਿਕ ਮਾਮਲਿਆਂ ਦੀ ਅਗਵਾਈ ਕਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਪਾਸੇ ਕੋਈ ਪ੍ਰਵਾਹ ਨਹੀਂ। ਹਰ ਵਾਰ ਅਜਲਾਸ ਤੋਂ ਬਾਅਦ ਸਿਰਫ਼ ਤਜਵੀਜ਼ਾਂ ਹੀ ਬਣਾਈਆਂ ਜਾਂਦੀਆਂ ਹਨ। ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਦਰਕਿਨਾਰ ਕਰਨ ਦੀ ਦੁਹਾਈ ਦਿਤੀ ਜਾਂਦੀ ਹੈ। ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿਰਫ ਤਜਵੀਜ਼ਾਂ ਬਣਾ ਕੇ ਕੁਝ ਹਾਸਲ ਨਹੀਂ ਹੋਵੇਗਾ। ਕਮੇਟੀ ਨੂੰ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ। ਪੰਜਾਬ ਦੇ ਹਰ ਸ਼ਹਿਰ ਅਤੇ ਜਿਲ੍ਹੇ ਵਿੱਚ ਸਿੱਖਿਆ ਅਧਾਰਤ ਸਕੂਲ, ਕਾਲਜ, ਵੱਡੇ ਮੈਡੀਕਲ ਕਾਲਜ ਅਤੇ ਹਸਪਤਾਲ ਖੋਲੇ ਜਾਣੇ ਚਾਹੀਦੇ ਹਨ ਤਾਂ ਜੋ ਸਾਡੇ ਬੱਚੇ ਉੱਥੇ ਚੰਗੀ ਵਿੱਦਿਆ ਪ੍ਰਾਪਤ ਕਰਕੇ ਨੌਕਰੀਆਂ ਪ੍ਰਾਪਤ ਕਰ ਸਕਣ। ਸਮੁੱਚੀ ਕੌਮ ਇਹ ਉਮੀਦ ਕਰਦੀ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਨ੍ਹਾਂ ਬਿੰਦੂਆਂ ਤੇ ਸਿਆਸਤ ਤੋਂ ਉੱਪਰ ਉੱਠ ਕੇ ਗੌਰ ਕਰਨਗੇ।
ਹਰਵਿੰਦਰ ਸਿੰਘ ਸੱਗੂ।