ਜਗਰਾਓਂ 13 ਅਗਸਤ ( ਜਗਰੂਪ ਸੋਹੀ, ਬੌਬੀ ਸਹਿਜਲ )-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਅਤੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਪੰਜਾਬ ਭਰ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਦੇ ਘਰ ਅੱਗੇ ਕਾਲੀਆਂ ਚੁੰਨੀਆਂ ਲੈ ਕੇ ਰੋਸ ਪ੍ਰਦਰਸ਼ਨ ਕੀਤਾ।
ਇਹ ਜਾਣਕਾਰੀ ਯੂਨੀਅਨ ਦੀ ਜ਼ਿਲਾ ਪ੍ਰਧਾਨ ਗੁਰਅਮਿੰਰਤ ਕੌਰ ਲੀਹਾਂ ਅਤੇ ਬਲਾਕ ਪ੍ਰਧਾਨ ਮਨਜੀਤ ਕੌਰ ਢਿੱਲੋਂ ਬਰਸਾਲ ਨੇ ਦਿੱਤੀ । ਉਹਨਾਂ ਕਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਵਰਕਰਾਂ ਤੇ ਹੈਲਪਰਾਂ ਨੂੰ ਤਨਖਾਹਾਂ ਸਮੇਂ ਸਿਰ ਨਹੀਂ ਮਿਲੀਆਂ ਤੇ ਵਰਕਰਾਂ ਤੇ ਹੈਲਪਰਾਂ ਰੁਲਦੀਆਂ ਫਿਰਦੀਆਂ ਹਨ ਤੇ ਮਹਿੰਗਾਈ ਦੇ ਯੁੱਗ ਵਿੱਚ ਔਖ ਭਰੀ ਜ਼ਿੰਦਗੀ ਕੱਟ ਰਹੀਆਂ ਹਨ । ਉਹਨਾਂ ਕਿਹਾ ਕਿ ਜਥੇਬੰਦੀ ਵੱਲੋਂ ਦੋ ਪ੍ਰੋਗਰਾਮ ਉਲੀਕੇ ਗਏ ਸਨ । 6 ਅਗਸਤ ਨੂੰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਮੰਤਰੀ ਡਾਕਟਰ ਬਲਜੀਤ ਕੌਰ ਦੇ ਸ਼ਹਿਰ ਫਰੀਦਕੋਟ ਵਿਖੇ ਹਜ਼ਾਰਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਪੁੱਜ ਕੇ ਪੰਜਾਬ ਸਰਕਾਰ ਅਤੇ ਮੰਤਰੀ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਸੀ ਜਦੋਂ ਕਿ ਸੰਘਰਸ਼ ਦਾ ਦੂਜਾ ਪ੍ਰੋਗਰਾਮ 15 ਅਗਸਤ ਵਾਲੇ ਦਿਨ ਰੱਖਿਆ ਗਿਆ ਹੈ ।ਇਸ ਦਿਨ ਪੰਜਾਬ ਭਰ ਦੀਆਂ ਆਂਗਣਵਾੜੀ ਵਰਕਰਾਂ ਹੈਲਪਰਾ ਕਾਲੀਆਂ ਝੰਡੀਆਂ ਅਤੇ ਕਾਲ਼ੀਆਂ ਚੁੰਨੀਆਂ ਲੈਕੇ ਆਪ ਵਿਧਾਇਕਾਂ ਦੇ ਘਰਾਂ ਅੱਗੇ ਕਰਨਗੀਆਂ ਜ਼ਬਰਦਸਤ ਰੋਸ ਪ੍ਰਦਰਸ਼ਨ!
ਉਹਨਾਂ ਕਿਹਾ ਕਿ ਐਨ ਜੀ ਓ ਅਧੀਨ ਕੰਮ ਕਰਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਤਾਂ ਤਨਖਾਹਾਂ ਮਿਲੀਆਂ ਨੂੰ ਲਗਭਗ 10 ਮਹੀਨੇ ਬੀਤ ਗਏ ਹਨ ਜਦੋਂ ਕਿ ਮੁੱਖ ਵਿਭਾਗ ਵਿੱਚ ਕੰਮ ਕਰ ਰਹੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਵੀ ਪੰਜ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ ।
ਉਹਨਾਂ ਦੋਸ਼ ਲਗਾਇਆ ਹੈ ਕਿ ਪੰਜਾਬ ਦੀਆਂ 54 ਹਜ਼ਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਤੇ ਮਸਲਿਆਂ ਸਬੰਧੀ ਤਿੰਨ ਵਾਰ ਜਥੇਬੰਦੀ ਦੀਆਂ ਆਗੂਆਂ ਦੀ ਪੰਜਾਬ ਸਰਕਾਰ ਨਾਲ ਗੱਲਬਾਤ ਹੋ ਚੁੱਕੀ ਹੈ ਪਰ ਸਰਕਾਰ ਲਾਰਾ ਲੱਪਾ ਲਾ ਕੇ ਤੋਰ ਦਿੰਦੀ ਸੀ ਤੇ ਮਸਲਿਆਂ ਦਾ ਕੋਈ ਹੱਲ ਨਹੀਂ ਕੀਤਾ । ਜਿਸ ਕਰਕੇ ਜਥੇਬੰਦੀ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ ।
ਉਹਨਾਂ ਮੰਗ ਕੀਤੀ ਹੈ ਕਿ ਐਨ ਜੀ ਓ ਬਲਾਕਾਂ ਵਿੱਚ ਕੰਮ ਕਰਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਪਿਛਲੇ ਸਮੇਂ ਦੀਆਂ ਸਾਰੀਆਂ ਤਨਖਾਹਾਂ ਮਾਣ ਭੱਤੇ ਤੁਰੰਤ ਕਲੀਅਰ ਕੀਤੇ ਜਾਣ । ਪੰਜਾਬ ਵਿੱਚ ਕੰਮ ਕਰਦੀਆਂ ਸਾਰੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਮਾਣ ਭੱਤਾ ਹਰ ਮਹੀਨੇ ਦੀ 3 ਤਰੀਕ ਤੱਕ ਸੈਂਟਰ ਅਤੇ ਸਟੇਟ ਫੰਡ ਇਕੱਠਾ ਦਿੱਤਾ ਜਾਵੇ । ਆਂਗਣਵਾੜੀ ਸੈਂਟਰਾਂ ਦੇ ਖੋਹੇ ਗਏ ਬੱਚੇ ਵਾਪਸ ਆਂਗਣਵਾੜੀ ਸੈਂਟਰਾਂ ਵਿੱਚ ਭੇਜੇ ਜਾਣ ਤੇ ਆਂਗਣਵਾੜੀ ਵਰਕਰ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ । ਆਂਗਣਵਾੜੀ ਸੈਂਟਰਾਂ ਵਿੱਚ ਖਾਲੀ ਪਈਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਅਸਾਮੀਆਂ ਤੁਰੰਤ ਭਰੀਆਂ ਜਾਣ । ਮਿੰਨੀ ਆਂਗਣਵਾੜੀ ਕੇਂਦਰਾਂ ਨੂੰ ਪੂਰੇ ਵਿੱਚ ਤਬਦੀਲ ਕੀਤਾ ਜਾਵੇ ।
ਪੀ ਐਮ ਐਮ ਵੀ ਵਾਈ ਅਤੇ ਸੀ ਬੀ ਈ ਦੇ ਪੈਸੇ ਹਰ ਮਹੀਨੇ ਦਿੱਤੇ ਜਾਣ ਅਤੇ ਰਹਿੰਦੇ ਹੋਏ ਪੈਸਿਆਂ ਦਾ ਤੁਰੰਤ ਭੁਗਤਾਨ ਕੀਤਾ ਜਾਵੇ । ਆਂਗਣਵਾੜੀ ਕੇਂਦਰਾਂ ਦੇ ਕਿਰਾਏ ਦਾ ਭੁਗਤਾਨ ਤੁਰੰਤ ਕੀਤਾ ਜਾਵੇ ਤੇ ਹਰ ਮਹੀਨੇ ਕਿਰਾਇਆ ਦੇਣਾ ਯਕੀਨੀ ਬਣਾਇਆ ਜਾਵੇ । ਪਿਛਲੇਂ ਸਾਲ ਦਾ ਵਰਦੀ ਭੱਤਾ ਰਲੀਜ਼ ਕੀਤਾ ਜਾਵੇ ।
ਜਿੰਨਾ ਆਂਗਣਵਾੜੀ ਸੈਂਟਰਾਂ ਵਿੱਚ ਅਜੇ ਤੱਕ ਰਾਸ਼ਨ ਬਣਾਉਣ ਲਈ ਗੈਸ ਸਿਲੰਡਰ , ਬਰਤਨ ਤੇ ਬੱਚਿਆਂ ਦੇ ਬੈਠਣ ਲਈ ਦਰੀਆਂ ਆਦਿ ਨਹੀਂ ਦਿੱਤੀਆਂ ਗਈਆਂ ਉਹਨਾਂ ਨੂੰ ਤੁਰੰਤ ਇਹ ਸਮਾਨ ਮੁਹੱਈਆ ਕਰਵਾਇਆ ਜਾਵੇ । ਆਂਗਣਵਾੜੀ ਸੈਂਟਰਾਂ ਦੀਆਂ ਇਮਾਰਤਾਂ ਬਣਾਈਆਂ ਜਾਣ ।
ਉਹਨਾਂ ਕਿਹਾ ਕਿ ਜਥੇਬੰਦੀ ਦੀ ਪੰਜਾਬ ਸਰਕਾਰ ਨੂੰ ਸਖਤ ਚਿਤਾਵਨੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਜਲਦੀ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਇਸ ਤੋਂ ਵੀ ਵੱਡਾ ਕੀਤਾ ਜਾਵੇਗਾ । ਇਸ ਸਮੇਂ ਇੱਕਤਰ ਆਂਗਣਵਾੜੀ ਵਰਕਰਾਂ ਚ ਕਮਲਜੀਤ ਕੌਰ ਸਿੱਧਵਾਂ ਕਲਾਂ, ਕੁਲਜੀਤ ਕੌਰ ਸਿੱਧਵਾਂ ਕਲਾਂ, ਗੁਰਚਰਨ ਕੌਰ ਭੂੰਦੜੀ, ਅਮਰਜੀਤ ਕੌਰ ਬਣੀਏਵਾਲ, ਜਸਵੀਰ ਕੌਰ ਵਲੀਪੁਰ, ਕਰਮਜੀਤ ਕੌਰ ਸਦਰਪੁਰਾ, ਖੁਸਵਿੰਦਰ ਕੌਰ ਸੀਨੀਅਰ ਮੀਤ ਪ੍ਰਧਾਨ ਸਿੱਧਵਾਂ ਬੇਟ,ਗੁਰਵਿੰਦਰ ਕੌਰ ਖੰਜਰਵਾਲ, ਅਤੇ ਨੇਹਾ ਸਮੇਤ ਸਮੂਹ ਵਰਕਰਾਂ, ਹੈਲਪਰ ਹਾਜ਼ਰ ਸਨ।