ਜੋਧਾਂ, 8 ਨਵੰਬਰ ( ਬੌਬੀ ਸਹਿਜਲ, ਧਰਮਿੰਦਰ )- ਵਿਦੇਸ਼ ਵਿਚ ਪੀਆਰ ਲੜਕੀ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ 8 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇੰਦਰਜੀਤ ਸਿੰਘ ਪੰਡਿਤ, ਅਸ਼ੋਕ ਕੁਮਾਰ ਉਰਫ਼ ਸੁੱਖਾ ਅਤੇ ਅਰਸ਼ਦੀਪ ਸਿੰਘ ਪੰਡਿਤ ਸਾਰੇ ਵਾਸੀ ਛਪਾਰ ਦੇ ਖ਼ਿਲਾਫ਼ ਥਾਣਾ ਜੋਧਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਸਬ-ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਸਵਰਨਜੀਤ ਸਿੰਘ ਵਾਸੀ ਪਿੰਡ ਲਤਾਲਾ ਵੱਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਇੰਦਰਜੀਤ ਸਿੰਘ ਪੰਡਿਤ, ਅਸ਼ੋਕ ਕੁਮਾਰ ਸੁੱਖਾ ਅਤੇ ਅਰਸ਼ਦੀਪ ਸਿੰਘ ਨੇ ਉਸ ਦੇ ਲੜਕੇ ਦਾ ਵਿਆਹ ਪੀ.ਆਰ ਲੜਕੀ ਨਾਲ ਕਰਵਾ ਕੇ ਉਸ ਨੂੰ ਵਿਦੇਸ਼ ’ਚ ਸੈਟਲ ਕਰਵਾਉਣ ਦਾ ਝਾਂਸਾ ਦੇ ਕੇ ਆਪਸ ਵਿਚ ਹਮਮਸ਼ਵਰਾ ਹੋ ਕੇ ਉਸ ਪਾਸੋਂ 10 ਲੱਖ ਰੁਪਏ ਲੈ ਲਏ, ਜੋ ਕਿ ਉਸਨੇ ਇੰਦਰਜੀਤ ਸਿੰਘ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਸਨ। ਪਰ ਉਨ੍ਹਾਂ ਨੇ ਉਸ ਦੇ ਲੜਕੇ ਦਾ ਵਿਆਹ ਕਿਸੇ ਵਿਦੇਸ਼ੀ ਪੀਆਰ ਲੜਕੀ ਨਾਲ ਨਹੀਂ ਕਰਵਾਇਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਇਸ ਸਬੰਧੀ ਇੰਦਰਜੀਤ ਸਿੰਘ ਨੇ 10 ਲੱਖ ਰੁਪਏ ਦੀਆਂ ਪੰਜ ਕਿਸ਼ਤਾਂ (2 ਲੱਖ ਰੁਪਏ ਪ੍ਰਤੀ ਕਿਸ਼ਤ) ਵਾਪਸ ਕਰਨ ਦਾ ਲਿਖਤੀ ਸਮਝੌਤਾ ਕੀਤਾ ਸੀ। ਸਮਝੌਤਾ ਕਰਨ ਤੋਂ ਬਾਅਦ 18 ਅਕਤੂਬਰ 2022 ਨੂੰ ਉਸ ਨੇ ਉਸ ਨੂੰ ਪਹਿਲੀ ਕਿਸ਼ਤ ਦੇ 2 ਲੱਖ ਰੁਪਏ ਉਸਨੂੰ ਦੇ ਦਿੱਤੇ ਪਰ ਉਸ ਤੋਂ ਬਾਅਦ ਦੀਆਂ ਕਿਸ਼ਤਾਂ ਦੇ 8 ਲੱਖ ਰੁਪਏ ਉਸ ਨੂੰ ਨਹੀਂ ਦਿੱਤੇ ਗਏ। ਇਸ ਸ਼ਿਕਾਇਤ ਦੀ ਜਾਂਚ ਡੀ.ਐਸ.ਪੀ.ਦਾਖਾ ਵਲੋਂ ਕਰਨ ਤੋਂ ਬਾਅਦ ਥਾਣਾ ਜੋਧਾਂ ਵਿੱਚ ਧੋਖਾਧੜੀ ਦੇ ਦੋਸ਼ ਹੇਠ ਇੰਦਰਜੀਤ ਸਿੰਘ ਪੰਡਿਤ, ਅਸ਼ੋਕ ਕੁਮਾਰ ਸੁੱਖਾ ਅਤੇ ਅਰਸ਼ਦੀਪ ਸਿੰਘ ਪੰਡਿਤ ਵਾਸੀ ਛਪਾਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।