▪️ਗੁਰਭਜਨ ਗਿੱਲ
ਅਜਮੇਰ ਗਿੱਲ ਪੰਜਾਬੀ ਜ਼ਬਾਨ ਦਾ ਸਮਰੱਥ ਸ਼ਾਇਰ ਸੀ। ਉਸ ਕਮਾਲ ਦੀ ਗ਼ਜ਼ਲ ਤੇ ਆਜ਼ਾਦ ਨਜ਼ਮ ਲਿਖੀ। ਕੁੱਲ ਚਾਰ ਕਿਤਾਬਾਂ ਨੇ ਅਜਮੇਰ ਦੀਆਂ। ਪਹਿਲੀ “ਪੱਤਝੜ ਦੀ ਬੰਸਰੀ “ਤੇ ਦੂਸਰੀ “ਬਲ਼ਦੀਆਂ ਮਸ਼ਾਲਾਂ ਤੇ ਹਨ੍ਹੇਰੇ “ਸੀ। ਤੀਸਰੀ “ਵਕਤ ਦੇ ਸਫ਼ੇ ਤੇ” ਸੀ। ਚੌਥੀ ਕਿਤਾਬ ਦਾ ਖਰੜਾ ਤਿਆਰ ਕਰਕੇ ਉਹ ਬੀਮਾਰ ਹੋ ਗਿਆ। ਲੋਕ ਸਾਹਿੱਤ ਅਕਾਡਮੀ ਦੇ ਸਮਾਗਮ ਤੇ ਮੋਗਾ ਚ ਮਿਲਿਆ। ਮਹਿੰਦਰ ਸਾਥੀ ਸਮੇਤ। ਕਿਤਾਬ ਦੇ ਪ੍ਰਕਾਸ਼ਨ ਸਬੰਧੀ ਬਲਦੇਵ ਸਿੰਘ ਸੜਕਨਾਮਾ ਨੇ ਮੰਚ ਤੋਂ ਅਪੀਲ ਕੀਤੀ ਕਿ ਸਾਡੇ ਦੋਹਾਂ ਬੁਲੰਦ ਸ਼ਾਇਰਾਂ ਦੀਆਂ ਕਿਤਾਬਾਂ ਤਿਆਰ ਨੇ ਪਰ ਛਾਪਣ ਵਾਲਾ ਕੋਈ ਨਹੀਂ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਹਿੰਮਤ ਕਰੇ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦਾ ਉਦੋਂ ਮੈਂ ਪ੍ਰਧਾਨ ਸਾਂ ਤੇ ਡਾ: ਸੁਖਦੇਵ ਸਿੰਘ ਸਿਰਸਾ ਜਨਰਲ ਸਕੱਤਰ। ਅਸਾਂ ਸਿਰ ਜੋੜਿਆ ਤੇ ਐਲਾਨ ਕਰ ਦਿੱਤਾ ਕਿ ਅਕਾਡਮੀ ਵੱਲੋਂ ਸਿਰਜਣਾਤਮਕ ਸਾਹਿੱਤ ਛਾਪਣ ਦੀ ਪਿਰਤ ਨਹੀਂ ਪਰ ਅਸੀਂ ਆਪਣੇ ਸੱਜਣ ਪਿਆਰਿਆਂ ਦੀ ਮਦਦ ਨਾਲ ਜ਼ਰੂਰ ਛਪਵਾ ਲਵਾਂਗੇ।
ਅਜਮੇਰ ਗਿੱਲ ਨੇ ਖਰੜਾ ਮੈਨੂੰ ਭੇਜ ਦਿੱਤਾ ਜੋ “ਮੇਰੇ ਸੂਰਜਮੁਖੀ “ਨਾਮ ਹੇਠ ਮੈਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਸਾਧਨਾਂ ਤੇ ਗੁਰਬਚਨ ਸਿੰਘ ਚਿੰਤਕ( ਟੋਰੰਟੋ)ਦੀ ਮਦਦ ਨਾਲ ਚੇਤਨਾ ਪ੍ਰਕਾਸ਼ਨ ਤੋਂ 2014 ਚ ਛਪਵਾ ਦਿੱਤਾ। ਉਹ 14 ਜਨਵਰੀ 2012 ਨੂੰ ਸਾਨੂੰ ਸਦੀਵੀ ਅਲਵਿਦਾ ਕਹਿ ਗਿਆ।
ਇੱਕ ਧੀ ਤੇ ਪੁੱਤਰ ਦਾ ਬਾਬਲ ਬੱਚਿਆਂ ਨੂੰ ਮਾਂ ਸਹਾਰੇ ਛੱਡ ਅਨੰਤ ਦੇਸ ਨੂੰ ਤੁਰ ਗਿਆ। ਦੁਖਦਾਈ ਪੱਖ ਇਹ ਰਿਹਾ ਕਿ ਅਜਮੇਰ ਆਪਣੀ ਇਹ ਗ਼ਜ਼ਲ ਪੁਸਤਕ ਛਪੇ ਰੂਪ ‘ਚ ਨਾ ਵੇਖ ਸਕਿਆ। ਪਹਿਲਾਂ ਹੀ ਚਲਾ ਗਿਆ। ਇਸ ਪੁਸਤਕ ਵਿੱਚ ਅਮਰ ਸੂਫੀ ਨੇ ਅਜਮੇਰ ਨਾਲ ਲੰਮੀ ਮੁਲਾਕਾਤ ਕਰਕੇ ਦਿੱਤੀ।
ਅਜਮੇਰ ਗਿੱਲ ਦਾ ਜਨਮ 23ਅਪਰੈਲ 1942 ਦਾ ਹੈ ਪਰ ਕਾਗ਼ਜ਼ਾਂ ਚ 1937 ਲਿਖਿਆ ਹੋਇਆ ਹੈ।
ਮੋਗਾ ਜ਼ਿਲ੍ਹੇ ਦੇ ਪਿੰਡ ਝੰਡੇਵਾਲਾ ਚ ਉਹ ਸ: ਧੰਨਾ ਸਿੰਘ ਦੇ ਘਰ ਮਾਤਾ ਗੁਰਦਿਆਲ ਕੌਰ ਦੀ ਕੁੱਖੋਂ ਪੈਦਾ ਹੋਇਆ। ਪੰਜ ਭਰਾ ਤੇ ਦੋ ਭੈਣਾਂ ਸਨ ਉਸ ਦੀਆਂ। ਉਸ ਨੇ ਦੋ ਅਣਛਪੀਆਂ ਕਿਤਾਬਾਂ ਦਾ ਜ਼ਿਕਰ ਵੀ ਅਮਰ ਸੂਫ਼ੀ ਨਾਲ ਮੁਲਾਕਾਤ ਵਿੱਚ ਕੀਤਾ ਹੈ। ਅਜਮੇਰ ਦੇ ਪਰਿਵਾਰ ਨਾਲ ਸੰਪਰਕ ਕਰਕੇ ਹੀ ਇਸ ਦਾ ਪੱਕ ਕੀਤਾ ਜਾ ਸਕਦਾ ਹੈ। ਅਜਮੇਰ ਗਿੱਲ ਦੀਆਂ ਗ਼ਜ਼ਲਾਂ ਵਿੱਚ ਇੱਕ ਰੰਗ ਦੇ ਨਹੀਂ, ਸੈਆਂ ਰੰਗਾਂ ਦੇ ਸੂਰਜਮੁਖੀ ਖਿੜਦੇ ਨੇ। ਮੇਰੀ ਉਸ ਦੇ ਕਲਾਮ ਨਾਲ ਸਾਂਝ ਲਗਪਗ ਪੰਜ ਦਹਾਕੇ ਪੁਰਾਣੀ ਹੈ। ਮੈਂ ਤੇ ਮੇਰੇ ਮਿੱਤਰ ਪਿਆਰੇ ਸ਼ਮਸ਼ੇਰ ਸਿੰਘ ਸੰਧੂ ਨੇ ਪਹਿਲੀ ਵਾਰ ਉਸ ਦੀ ਇੱਕ ਗ਼ਜ਼ਲ ਦੇ ਦੋ ਸ਼ਿਅਰ ਪੜ੍ਹੇ ਸਨ।
ਦੇਗਾਂ ‘ਚ ਗਏ ਉਬਾਲੇ, ਕੱਟੇ ਗਏ ਆਰਿਆਂ ਤੇ।
ਐਸੇ ਸਮੇਂ ਵੀ ਆਏ ਤੇਰੇ ਪਿਆਰਿਆਂ ਤੇ।
ਮੈਂ ਬਾਤ ਇਸ਼ਕ ਦੀ ਨੂੰ, ਅੱਗੇ ਤਾਂ ਤੋਰਦਾ ਪਰ,
ਇਹ ਤਾਂ ਸੀ ਮੁਨਹਸਰ ਤੇਰੇ ਹੁੰਗਾਰਿਆਂ ਤੇ।
ਇਸ ਤੋਂ ਬਾਅਦ ਅਸੀਂ ਦੋਵੇਂ ਉਸ ਦੀ ਰਚਨਾ ਦੇ ਮੁਰੀਦ ਹੋ ਗਏ। ਡਾ: ਜਗਤਾਰ ਵਰਗੀ ਪਰਪੱਕਤਾ ਹੈ ਅਜਮੇਰ ਦੇ ਕਲਾਮ ਵਿੱਚ। ਮੈਂ ਇਸ ਸ਼ਾਇਰ ਦੇ ਕਲਾਮ ਨੂੰ ਪੇਸ਼ ਕਰਦਿਆਂ ਖ਼ੁਦ ਨੂੰ ਵਡਭਾਗੀ ਮਹਿਸੂਸ ਕਰਦਾ ਹਾਂ। ਮੈਨੂੰ ਮਾਣ ਹੈ ਕਿ ਉਹ ਸਾਨੂੰ ਵੀ ਨਿੱਕੇ ਭਰਾ ਮੰਨਦਾ ਸੀ।
🔹
ਉਸ ਦੀਆਂ ਕੁਝ ਗ਼ਜ਼ਲਾਂ ਤੁਹਾਡੇ ਪੜ੍ਹਨ ਹਿਤ ਪੇਸ਼ ਹਨ। ਦੱਸਿਉ ਕਿਵੇਂ ਲੱਗੀਆਂ।
1.
ਗ਼ਜ਼ਲ
ਕੌੜੀ ਫਿਜ਼ਾ ਤੋਂ ਰੱਖਦਾ ਅੱਖਾਂ ਕਿਵੇਂ ਪਰ੍ਹੇ ?
ਅਗ ਲੱਗੀ ਹੋਰ ਘਰ ’ਚ ਸੀ ਧੂੰਆਂ ਮਿਰੇ ਘਰੇ।
ਕਾਜ਼ੀ ਨੇ ਬੈਂਤਾਂ ਮਾਰੀਆਂ ਸੀ ਹੋਰ ਹੱਥ ’ਤੇ,
ਲਾਸਾਂ ਦੇ ਪੰਛੀ ਮੇਰੀਆਂ ਤਲੀਆਂ ਤੇ ਉੱਤਰੇ।
ਮਰ ਜਾਣੀ ਵੇਲ ਵਧ ਗਈ ਛੱਤੋਂ ਕਿਵੇਂ ਉਤਾਂਹ,
ਸਿਰ ਜੋੜ ਗੱਲਾਂ ਕਰਦੀਆਂ ਦੀਵਾਰਾਂ ਤਬਸਰੇ।
ਇਸਨੂੰ ਸਿਓਂਕ ਰਿਸ਼ਤਿਆਂ ਦੀ ਖਾ ਗਈ ਕਿਵੇਂ?
ਲੱਗੇ ਸੀ ਏਸ ਬਿਰਖ ਨੂੰ ਪੱਤੇ ਹਰੇ ਭਰੇ ।
ਮੇਰੇ ਬਿਨਾਂ ਬੇ-ਰੰਗ ਸਨ ਜਿੰਨ੍ਹਾਂ ਦੇ ਰਾਤ ਦਿਨ,
ਹੁਣ ਰੰਗ-ਮਹਿਲ ਵਿਚ ਜਾ ਸਭ ਕੁਛ ਨੇ ਵਿੱਸਰੇ।
‘ਅਜਮੇਰ’ ਸੰਗਤਰਾਸ਼ ਹੈ, ਕਰੜੀ ਦਿਓ ਸਜ਼ਾ,
ਇਸਦਾ ਬਣਾਇਆ ਬੁੱਤ ਵੀ ਗੱਲਾਂ ਕਿਉਂ ਕਰੇ?
2.
ਗ਼ਜ਼ਲ
ਤੇਰਾ ਇਕ ਹੱਥ ਮਹਿਕ ਰਿਹਾ ਹੈ।
ਸੱਚ ਦੱਸ ਕਿਸਨੂੰ ਖ਼ਤ ਲਿਖਿਆ ਹੈ।
ਹਰ ਗੱਲ ਵਿਚ ਸੰਕੋਚ ਜਿਹਾ ਹੈ,
ਦਿਲ ਵਿਚ ਤੇਰੇ ਕੀ ਛੁਪਿਆ ਹੈ।
ਇਕ ਫ਼ਾਸਲਾ ਰੱਖ ਕੇ ਮਿਲਣਾ,
ਇਹ ਕਦ ਤੋਂ ਤੂੰ ਸਿੱਖ ਲਿਆ ਹੈ।
ਇਕ ਦੋ ਕਦਮ ਇਕੱਠੇ ਚੱਲੀਏ,
ਅੱਜ ਇਹ ਸ਼ਹਿਰ ਬੜਾ ਸਜਿਆ ਹੈ।
ਤੈਨੂੰ ਇਸਦਾ ਇਲਮ ਨਹੀਂ ਹੈ,
ਮੇਰੇ ਅੰਦਰ ਕੀਹ ਧੁਖਦਾ ਹੈ।
ਨ੍ਹੇਰਾ ਹੋਇਆ ਹੋਰ ਵੀ ਗੂੜ੍ਹਾ,
ਰਾਤ ਨੇ ਮਟਕਾਇਆ ਕਜਲਾ ਹੈ।
ਮਾਇਆ ਹੈ ਸੰਸਾਰ ਪਿਆਰੇ,
ਘੁੰਮਦਾ ਰਹਿੰਦਾ ਇਕ ਚੱਕਾ ਹੈ।
3.
ਗ਼ਜ਼ਲ
ਪਹਿਰਾਵਾ ਪਹਿਨ ਚਿੱਟਾ ਤੂੰ ਨਿਕਲੀ ਤਾਂ ਹੈ ਘਰ ‘ਚੋਂ।
ਲੰਘੇਗੀ ਕਿਵੇਂ ਜਿੰਦੇ ਨੀ ਕੱਜਲ ਦੇ ਸ਼ਹਰ ‘ਚੋਂ।
ਇਲਜ਼ਾਮ ਬਣੇ ਪੱਥਰ, ਦੁਸ਼ਨਾਮ ਬਣੀ ਬਸਤੀ,
ਸੀ ਇਸਦੇ ਸਿਵਾ ਮਿਲਣਾ ਕੀਹ ਬੇ-ਇਲਮ ਨਗਰ ‘ਚੋਂ।
ਉਸਦੇ ਵੀ ਤਾਂ ਮੱਥੇ ਤੇ ਲੱਗੇ ਦਾਗ਼ ਮਿਲਣਗੇ,
ਕਿਸ ਚੰਦ ਨੂੰ ਰਹੇ ਢੂੰਡ ਤੁਸੀਂ ਮੇਰੀ ਨਜ਼ਰ ‘ਚੋਂ?
ਇੱਕ ਲੁੱਟੀ ਹੋਈ ਬਸਤੀ ਸਾਰੰਗੀ ਤੇ ਹਨੇਰਾ,
ਕੁਝ ਟੁੱਟੇ ਹੋਏ ਗਜਰੇ ਮਿਲੇ ਰਾਤ ਸਫ਼ਰ ’ਚੋਂ।
ਬਰਬਾਦ ਮਨਾਂ ਵਿਚ ਹੈ ਤਿਰੀ ਯਾਦ ਸੰਵਰਦੀ,
ਮਹਿਬੂਬ ਕੁਈ ਲੱਭਦਾ ਹੋਏ ਜਿੱਦਾਂ ਕਬਰ ’ਚੋਂ।
ਰੌਸ਼ਨ ਨੇ ਜੀਦ੍ਹੇ ਸਦਕਾ ਜ਼ਿਮੀਂ, ਚੰਦ, ਤਾਰੇ,
‘ਅਜਮੇਰ’ ਗਿਰੇ ਬੰਦੇ ਤਾਂ ਔਰਤ ਦੀ ਨਜ਼ਰ ‘ਚੋਂ।
4.
ਪੈਰ ਜਦੋਂ ਉਹ ਕਿਸ਼ਤੀ ਦੇ ਵਿਚ ਪਾਏਗਾ।
ਜਿਸਮ ਅਸਾਡਾ ਬਾਦਬਾਨ ਬਣ ਜਾਏਗਾ।
ਤਰਕਾਲਾਂ ਦੀ ਕਾਲੀ ਰੇਤਾ ਦੇ ਉੱਤੇ,
ਸੂਰਜ ਪੈੜ ਲਿਸ਼ਕਦੀ ਛੱਡਕੇ ਜਾਏਗਾ।
ਸੁੱਕ ਚੁੱਕੇ ਸਾਹਿਲ ਤੇ ਕਿਸ਼ਤੀ ਬੈਠੀ ਹੈ,
ਦੇਖ ਰਹੀ ਹੈ ਦਰਿਆ ਕਿਧਰੋਂ ਆਏਗਾ।
ਛਣਕੇਗੀ ਜ਼ੰਜੀਰ ਕਿਸੇ ਫਿਰ ਕੈਦੀ ਦੀ,
ਜਦ ਸੰਨਾਟਾ ਚਾਰ-ਚੁਫ਼ੇਰੇ ਛਾਏਗਾ।
ਜਿਹੜੇ ਵਿਹੜੇ ਦੇ ਵਿਚ ਦੀਵਾ ਬਲਦਾ ਨਹੀਂ,
ਸੂਰਜ ਤਾਂ ਉਸ ਵਿਹੜੇ ਵਿਚ ਵੀ ਆਏਗਾ।
ਬੋਲ ਫਿਜ਼ਾ ਸਾਂਭੇਗੀ ਓਸੇ ਸ਼ਾਇਰ ਦੇ,
ਜਿਹੜਾ ਚਾਨਣ ਦੀ ਗਾਥਾ ਲਿਖ ਜਾਏਗਾ।
5.
ਗ਼ਜ਼ਲ
ਬਲ਼ਦੇ ਪਰ ਲੈ ਕੇ ਕਦੋਂ ਤੀਕਰ ਉਡੇਂਗਾ?
ਦਾਵਾਨਲ ਤਾਈ ਬੁਝਾਉਂਦਾ ਖ਼ੁਦ ਬੁਝੇਂਗਾ।
ਆਪਣਾ ਹੀ ਖੂਨ ਪਾਣੀ ਹੋ ਗਿਆ ਹੈ,
ਦੱਸ ਹੁਣ ਸ਼ਿਕਵਾ ਵੀ ਤੂੰ ਕਿਸ ਤੇ ਕਰੇਂਗਾ?
ਹੋ ਗਿਆ ਦੁਸ਼ਮਣ ਜਦੋਂ ਸਾਇਆ ਵੀ ਤੇਰਾ,
ਹੁਣ ਬਦਨ ਆਪਣੇ ਤੋਂ ਵੀ ਇਕ ਦਿਨ ਡਰੇਂਗਾ।
ਇਹ ਸਫ਼ਰ, ਇਹ ਝੀਲ ਤੇ ਦਿਲਕਸ਼ ਨਜ਼ਾਰੇ,
ਕੀ ਕਦੇ ਏਥੇ ਤੂੰ ਫਿਰ ਆਇਆ ਕਰੇਂਗਾ?
ਇਸ ਤਰ੍ਹਾਂ ਤਾਂ ਬਿਰਖ਼ ਹੋ ਜਾਏਂਗਾ ਇਕ ਦਿਨ,
ਸੜਕ ਦੇ ਕੰਢੇ ਕਦੋਂ ਤੀਕਰ ਖੜ੍ਹੇਂਗਾ।
ਇਹ ਕਿਹਾ ਰਿਸ਼ਤਾ ਸਮੁੰਦਰ ਤੇ ਨਦੀ ਦਾ,
ਮੈਂ ਘਟਾ ਕਾਲੀ ਹਾਂ ਤੂੰ ਝਰਨਾ ਬਣੇਂਗਾ।
ਮੌਤ ਤਾਂ ‘ਅਜਮੇਰ ਹੈ ਪ੍ਰਵਾਹ ਪੁਰਾਣਾ,
ਆਸ ਹੈ ਤੂੰ ਜ਼ਿੰਦਗੀ ਨੂੰ ਹੀ ਚੁਣੇਂਗਾ।
6.
ਗ਼ਜ਼ਲ
ਮੰਗਦਾ ਪਾਣੀ ਸਮੁੰਦਰ ਮਰ ਗਿਆ।
ਦੇਖ ਲਉ ਜੀ ਫਿਰ ਸਿਕੰਦਰ ਮਰ ਗਿਆ।
ਫੇਰ ਗਾਗਰ ’ਚੋਂ ਹੈ ਸੀਤਾ ਨਿਕਲੀ,
ਔੜ ਨਾ ਮੁੱਕੀ, ਅਡੰਬਰ ਮਰ ਗਿਆ।
ਇਹ ਧਨੁਖ ਹੈ ਰਾਵਣਾਂ ਨੇ ਤੋੜਿਆ,
ਦਾਜ ਜਿੱਤਿਆ ਤੇ ਸੁਅੰਬਰ ਮਰ ਗਿਆ।
ਧੁੱਪ ਨੇ ਨ੍ਹੇਰੇ ਤੇ ਹਮਲਾ ਬੋਲਿਆ,
ਤਾਰਿਆਂ ਭਰਿਆ ਹੈ ਅੰਬਰ ਮਰ ਗਿਆ।
ਇਸ ਜਗ੍ਹਾ ਹੈ ‘ਖੇੜਿਆਂ’ ਦਾ ਸਾਮਰਾਜ,
ਕੌਣ ਕਹਿੰਦਾ ਹੈ ਕਿ ‘ਚੰਦੜ੍ਹ’ ਮਰ ਗਿਆ।
ਜਨਵਰੀ ਦਿੱਤੀ ਤਿਰੀ ਓ ਦੋਸਤਾ,
ਪਰ ਅਸਾਡਾ ਤਾਂ ਦਸੰਬਰ ਮਰ ਗਿਆ।