ਪਿਛਲੇ ਦਿਨੀਂ ਉੱਚ ਸਿੱਖਿਆ ਦੇ ਖੇਤਰ ਵਿਚ ਏਸ਼ੀਆ ਯੂਨੀਵਰਸਿਟੀ ਰੈਂਕਿੰਗ ਵਿੱਚ ਭਾਰਤ ਨੇ ਚੀਨ ਨੂੰ ਪਛਾੜ ਦਿੱਤਾ। ਇਸ ਵਾਰ ਭਾਰਤ ਦੀਆਂ ਇਸ ਸੂਚੀ ਵਿੱਚ 148 ਯੂਨੀਵਰਸਿਟੀਆਂ ਨੂੰ ਸ਼ਾਮਲ ਕੀਤਾ ਹੈ, ਜਦਕਿ ਚੀਨ ਦੀਆਂ 133 ਯੂਨੀਵਰਸਿਟੀਆਂ ਅਤੇ ਜਾਪਾਨ ਦੀਆਂ 96 ਯੂਨੀਵਰਸਿਟੀਆਂ ਹਨ। ਪਿਛਲੀ ਰੈਂਕਿੰਗ ਵਿੱਚ ਭਾਰਤ ਦੀਆਂ ਯੂਨੀਵਰਸਿਟੀਆਂ ਦੀ ਗਿਣਤੀ 2015 ਦੇ ਮੁਕਾਬਲੇ ਵਧੀ ਹੈ। ਆਊਟਬਾਉਂਡ ਵਿਦਿਆਰਥੀਆਂ ਦੀ ਗਤੀਸ਼ੀਲਤਾ ਭਾਰਤ ਨੇ ਅਮਰੀਕਾ ਵਿੱਚ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧੇ ਦੇ ਨਾਲ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਸਭ ਤੋਂ ਵੱਧ ਗਿਣਤੀ ਹਾਸਲ ਕੀਤੀ ਹੈ। ਜਿਸ ਨਾਲ ਭਾਰਤ ਨੇ ਪਿਛਲੇ 15 ਸਾਲਾਂ ਵਿੱਚ ਪਹਿਲੀ ਵਾਰ ਚੀਨ ਨੂੰ ਪਿੱਛੇ ਛੱਡਿਆ ਹੈ। ਇਹ ਜਾਣਕਾਰੀ ਅਤੇ ਰਿਪੋਰਟ ਭਾਰਤ ਸਰਕਾਰ ਵੱਲੋਂ ਬੜੇ ਮਾਣ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਪਰ ਜੇਕਰ ਜ਼ਮੀਨੀ ਪੱਧਰ ’ਤੇ ਨਜ਼ਰ ਮਾਰੀਏ ਤਾਂ ਅਸੀਂ ਅਜੇ ਵੀ ਚੀਨ ਤੋਂ ਕਾਫੀ ਪਛੜ ਰਹੇ ਹਾਂ। ਭਾਵੇਂ ਅਸੀਂ ਉੱਚ ਸਿੱਖਿਆ ਦੇ ਪੱਧਰ ਤੋਂ ਤਰੱਕੀ ਕਰ ਰਹੇ ਹਾਂ, ਪਰ ਸਾਡੀ ਸਰਕਾਰ ਰੋਜਗਾਰ ਦੇ ਨਾਮ ਤੇ ਬਹੁਤ ਪਿੱਛੇ ਹਾਂ। ਸਾਡੀਆਂ ਸਰਕਾਰਾਂ ਚਾਹੁੰਦੀਆਂ ਹਨ ਕਿ ਨੌਜਵਾਨ ਪੜ੍ਹਣ-ਲਿਖਣ, ਪਰ ਉਸ ਤੋਂ ਬਾਅਦ ਪੜ੍ਹੇ-ਲਿਖੇ ਨੌਜਵਾਨਾਂ ਨੂੰ ਨੌਕਰੀਆਂ ਦੇ ਨਾਂ ’ਤੇ ਡਿਗਰੀਆਂ ਦੇ ਕਾਗਜ਼ ਹੱਥਾਂ ਵਿਚ ਲੈ ਕੇ ਇਕ ਦਫਤਰ ਤੋਂ ਦੂਜੇ ਦਫਤਰ, ਇਕ ਟੈਸਟ ਤੋਂ ਬਾਅਦ ਦੂਸਰਾ ਟੈਸਟ ਦੇਣ ਜੋਗੇ ਹੀ ਰੱਖਿਆ ਜਾਂਦਾ ਹੈ। ਇਸਤੋਂ ਇਲਾਵਾ ਉਨ੍ਹਾਂ ਨੂੰ ਆਪਣਾ ਘਰ ਚਲਾਉਣ ਜਾਂ ਅੱਗੇ ਜੀਵਨ ਸੰਵਾਰਨ ਲਈ ਰੋਜ਼ਗਾਰ ਦੇ ਨਾਮ ਤੇ ਕੁਝ ਵੀ ਨਹੀਂ ਦਿਤਾ ਜਾਂਦਾ। ਜਦੋਂ ਡਿਗਰੀਆਂ ਹੱਥਾਂ ਵਿਚ ਲੈ ਕੇ ਸਰਕਾਰਾਂ ਦੇ ਮੂੰਹ ਵੱਲ ਸਾਲਾਂ ਬੱਧੀ ਸਮਾਂ ਲੰਘਾਉਣ ਤੋਂ ਬਾਅਦ ਉਹ ਪ੍ਰਾਈਵੇਟ ਸੈਕਟਰ ’ਚ ਕੰਮ ਕਰਨ ਲਈ ਜਾਂਦੇ ਹਨ ਤਾਂ ਉਥੇ ਉਨ੍ਹਾਂ ਦਾ ਰੱਜ ਕੇ ਸੋਸ਼ਣ ਕੀਤਾ ਜਾਂਦਾ ਹੈ। ਇਸ ਲਈ ਅਸੀਂ ਭਾਵੇਂ ਉੱਚ ਸਿੱਖਿਆ ਦੇ ਖੇਤਰ ਵਿਚ ਦਸਤਾਵੇਜੀ ਤੌਰ ਤੇ ਭਾਵੇਂ ਕਿੰਨੀਆਂ ਵੀ ਵੱਡੀਆਂ-ਵੱਡੀਆਂ ਪ੍ਰਾਪਤੀਆਂ ਕਰ ਲਈਏ, ਪਰ ਜਦੋਂ ਤੱਕ ਇਨ੍ਹਾਂ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ, ਉਦੋਂ ਤੱਕ ਇਹ ਉੱਚ ਪੱਧਰੀ ਸਿੱਖਿਆ ਅਤੇ ਡਿਗਰੀਆਂ ਹਾਸਲ ਕਰਨਾ ਉਨ੍ਹਾਂ ਦੇ ਹੱਥਾਂ ਵਿਚ ਸਿਰਫ ਕਾਗਜ਼ਾਂ ਤੋਂ ਇਲਾਵਾ ਕੁਝ ਨਹੀਂ ਹੈ। ਉਹ ਡਿਗਰੀਆਂ ਸਿਰਫ ਇੱਕ ਕਾਗਜ਼ ਦੇ ਟੁਕੜੇ ਦੇ ਬਰਾਬਰ ਹੈ, ਜਦਕਿ ਦੂਜੇ ਪਾਸੇ ਚੀਨ ਇੱਕ ਅਜਿਹਾ ਦੇਸ਼ ਹੈ ਜਿੱਥੇ ਬੇਰੁਜ਼ਗਾਰੀ ਸਿਰਫ਼ 10 ਤੋਂ 20% ਹੈ ਅਤੇ ਸਾਡੇ ਦੇਸ਼ ਵਿਚ ਬੇਰੁਜ਼ਗਾਰੀ 80% ਤੋਂ ਵੱਧ ਹੈ। ਸਾਨੂੰ ਸਿੱਖਿਆ ਦੇ ਨਾਲ-ਨਾਲ ਹੁਨਰ ਦੀ ਵੀ ਲੋੜ ਹੈ, ਜਿਸ ਲਈ ਸਰਕਾਰ ਨੂੰ ਸਿੱਖਿਆ ਦੀ ਨੀਤੀ ਬਦਲਾਅ ਕਰਨ ਦੀ ਲੋੜ ਹੈ ਕਿਉਂਕਿ ਉੱਚ ਸਿੱਖਿਆ ਪੂਰੀ ਕਰ ਚੁੱਕੇ ਨੌਜਵਾਨ ਦੇ ਹੱਥਾਂ ਵਿੱਚ ਡਿਗਰੀਆਂ ਦੇ ਦਸਤਾਵੇਜ਼ ਤਾਂ ਹੁੰਦੇ ਹਨ ਪਰ ਅਮਲੀ ਤੌਰ ’ਤੇ ਉਸ ਕੋਲ ਕੁਝ ਵੀ ਤਜਰਬਾ ਨਹੀਂ ਹੁੰਦਾ। ਨੌਕਰੀ ਪ੍ਰਾਪਤ ਕਰਨ ਲਈ ਸਭ ਤੋਂ ਪਹਿਲਾਂ ਤਜ਼ਰਬੇ ਦੀ ਲੋੜ ਹੁੰਦੀ ਹੈ, ਜੋ ਸਾਡੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਨਹੀਂ ਹੁੰਦਾ। ਇਸ ਰਿਪੋਰਟ ਵਿਚ ਇਹ ਵੀ ਬੜੇ ਮਾਣ ਨਾਲ ਕਿਹਾ ਜਾ ਰਿਹਾ ਹੈ ਕਿ ਭਾਰਤ ਨੇ ਅਮਰੀਕਾ ’ਚ ਪੜ੍ਹਨ ਲਈ ਜਾਣ ਵਾਲੇ ਨੌਜਵਾਨਾਂ ਦੀ ਗਿਣਤੀ ’ਚ ਵੀ ਚੀਨ ਨੂੰ ਪਛਾੜ ਦਿੱਤਾ ਹੈ। ਸਾਡਾ ਮੰਨਣਾ ਹੈ ਕਿ ਵਿਦੇਸ਼ਾਂ ’ਚ ਪੜ੍ਹਾਈ ਲਈ ਜਾਣ ਵਾਲੇ ਨੌਜਵਾਨ ਪੜ੍ਹਾਈ ਲਈ ਨਹੀਂ ਜਾਂਦੇ ਸਗੋਂ ਉੱਥੇ ਹੀ ਸੈਟਲ ਹੋਣ ਲਈ ਹੀ ਜਾਂਦੇ ਹਨ। ਵਿਦੇਸ਼ ਜਾਣ ਲਈ ਹੋਰ ਕੋਈ ਢੁਕਵਾਂ ਬਦਲ ਨਾ ਹੋਣ ਕਾਰਨ ਸਾਡੇ ਲੱਖਾਂ ਨੌਜਵਾਨ ਪੜ੍ਹਾਈ ਦੇ ਨਾਂ ’ਤੇ ਹਰ ਸਾਲ ਲੱਖਾਂ ਰੁਪਏ ਖਰਚ ਕਰਕੇ ਵਿਦੇਸ਼ਾਂ ਵਿਚ ਜਾਂਦੇ ਹਨ। ਉਥੇ ਕੀਤੀ ਗਈ ਪੜ੍ਹਾਈ ਉਨ੍ਹਾਂ ਨੂੰ ਉਥੇ ਵਸਣ ਅਤੇ ਵਰਕ ਪਰਮਿਟ ਲੈਣ ਤੋਂ ਇਲਾਵਾ ਕੋਈ ਹੋਰ ਕਿਸੇ ਵੀ ਕੰਮ ਨਹੀਂ ਆਉਂਦੀ। ਨਾ ਹੀ ਉਨ੍ਹਾਂ ਦੇ ਕਿਸੇ ਕੰਮ ਸਾਡੇ ਇਥੇ ਕੀਤੀ ਗਈ ਪੜ੍ਹਾਈ ਆਉਂਦੀ ਹੈ, ਕਿਉਂਕਿ ਉਥੇ ਦੀਆਂ ਸਰਕਾਰਾਂ ਇਹ ਕਹਿੰਦੀਆਂ ਹਨ ਕਿ ਤੁਸੀਂ ਭਾਰਤ ਵਿਚ ਕੀ ਪੜ੍ਹਾਈ ਕਰਕੇ ਆਏ ਹੋ ਜਾਂ ਤੁਹਾਡੇ ਪਾਸ ਕੀ ਡਿਗਰੀ ਹੈ ਇਸਦਾ ਸਾਨੂੰ ਕੋਈ ਮਤਲਬ ਨਹੀਂ ਹੈ। ਜੇਕਰ ਤੁਸੀਂ ਇਥੇ ਕੋਈ ਚੰਗੀ ਨੌਕਰੀ ਚਾਹੁੰਦੇ ਹੋ ਤਾਂ ਪਹਿਲਾਂ ਸਾਡੀ ਪੜ੍ਹਾਈ ਕਰੋ। ਸਾਡੇ ਬਹੁਤੇ ਨੌਜਵਾਨ ਇੱਥੋਂ ਆਪਣੀ ਡਿਗਰੀ ਪੂਰੀ ਕਰਕੇ ਅਗਲੇਰੀ ਪੜ੍ਹਾਈ ਲਈ ਵਿਦੇਸ਼ਾਂ ਵਿੱਚ ਜਾ ਕੇ ਵੀ ਉੱਥੇ ਮਜ਼ਦੂਰਾਂ ਵਜੋਂ ਕੰਮ ਕਰਦੇ ਹਨ। ਜੇਕਰ ਸਾਡੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਇੱਥੇ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣ ਜਾਂ ਉਨ੍ਹਾਂ ਨੂੰ ਨੌਕਰੀਆਂ ਮਿਲ ਜਾਣ ਤਾਂ ਵਿਦੇਸ਼ ਜਾਣ ਦਾ ਝੁਕਾਅ ਬਹੁਤ ਘੱਟ ਹੋ ਸਕਦਾ ਹੈ। ਇਸ ਲਈ ਸਰਕਾਰ ਨੂੰ ਇਸ ਮਾਮਲੇ ਵਿਚ ਆਪਣੀ ਪਿੱਠ ਥਪਥਪਾਉਣ ਦੀ ਬਜਾਏ ਜ਼ਮੀਨੀ ਹਕੀਕਤ ਵੱਲ ਝਾਤ ਮਾਰਨੀ ਚਾਹੀਦੀ ਹੈ। ਸਾਡੇ ਨੌਜਵਾਨਾਂ ਲਈ ਰੁਜ਼ਗਾਰ ਦੇ ਸਾਧਨ ਪੈਦਾ ਕਰਨੇ ਚਾਹੀਦੇ ਹਨ ਤਾਂ ਹੀ ਅਸੀਂ ਅੱਗੇ ਵੱਧ ਸਕਾਂਗੇ। ਚੀਨ ਵਰਗੇ ਦੇਸ਼ ਨਾਲ ਰੋਜਗਰਾ ਦੇ ਮਾਮਲੇ ਵਿਚ ਮੁਕਾਬਲਾ ਕਰਨਾ ਸਾਡੇ ਵੱਸ ਦੀ ਗੱਲ ਨਹੀਂ ਹੈ। ਜਮੀਨੀ ਹਕੀਕਤ ਇਹ ਹੈ ਕਿ ਭਾਰਤ ਇਲੈਕਟ੍ਰਾਨਿਕ ਅਤੇ ਹੋਰ ਤਰ੍ਹਾਂ ਦੇ ਉਪਕਰਨਾਂ ਵਿਚ ਚੀਨ ’ਤੇ ਨਿਰਭਰ ਹੋ ਗਿਆ ਹੈ। ਉਥੋਂ ਭਾਰਤ ਨੂੰ ਬਹੁਤ ਸਸਤੇ ਸਾਮਾਨ ਦੀ ਸਪਲਾਈ ਕੀਤੀ ਜਾਂਦੀ ਹੈ ਅਤੇ ਸਾਡੇ ਕਾਰੋਬਾਰੀ ਇਹ ਕਹਿੰਦੇ ਹਨ ਕਿ ਚੀਨ ਤੋਂ ਦਰਾਮਦ ਕੀਤੇ ਜਾਣ ਵਾਲੇ ਸਾਮਾਨ ਦੀ ਕੀਮਤ ਬਹੁਤ ਘਟ ਹੈ। ਇਸ ਲਈ ਸਾਡੇ ਤਿਆਰ ਮਾਲ ਨੂੰ ਬਜ਼ਾਰ ਵਿੱਚ ਥਾਂ ਨਹੀਂ ਮਿਲਦੀ। ਜੇਕਰ ਚੀਨ ਇੰਨਾ ਸਸਤਾ ਮਾਲ ਬਣਾ ਕੇ ਦੂਜੇ ਦੇਸ਼ਾਂ ਨੂੰ ਸਪਲਾਈ ਕਰ ਕੇ ਪੈਸਾ ਕਮਾ ਰਿਹਾ ਹੈ ਤਾਂ ਭਾਰਤ ਵਿੱਚ ਕੀ ਕਮੀ ਹੈ? ਅਸੀਂ ਵੱਡੇ ਪੱਧਰ ’ਤੇ ਸਮਾਨ ਕਿਉਂ ਨਹੀਂ ਤਿਆਰ ਕਰ ਸਕਦੇ। ਕਿਉਂ ਸਾਡਾ ਦੇਸ਼ ਚੀਨ ਤੇ ਨਿਰਭਰ ਹੁੰਦਾ ਜਾ ਰਿਹਾ ਹੈ? ਜੇਕਰ ਭਾਰਤ ਸਿਰਫ਼ ਇਲੈਕਟ੍ਰਰਾਨਿਕ ਉਪਕਰਨਾਂ ’ਤੇ ਹੀ ਧਿਆਨ ਦੇਵੇ ਤਾਂ ਕਰੋੜਾਂ ਲੋਕਾਂ ਨੂੰ ਰੁਜ਼ਗਾਰ ਅਤੇ ਨੋਕਰੀਆਂ ਮਿਲ ਸਕਦੀਆਂ ਹਨ। ਪਰ ਸਾਡੀ ਸਰਕਾਰ ਇਸ ਵੱਲ ਧਿਆਨ ਦੇਣ ਲਈ ਤਿਆਰ ਨਹੀਂ ਹੈ। ਜੇਕਰ ਇਮਾਨਦਾਰੀ ਨਾਲ ਅੱਗੇ ਵਧਣ ਲਈ ਕਦਮ ਚੁੱਕੇ ਜਾਣ ਤਾਂ ਜੋ ਖਿਤਾਬ ਪਹਿਲਾਂ ਭਾਰਤਨੂੰ ਸੋਨੇ ਦੀ ਚਿੜੀ ਦਾ ਦਿਤਾ ਜਾਂਦਾ ਸੀ ਉਸ ਸਥਾਨ ਨੂੰ ਅਸੀਂ ਫਿਰ ਹਾਸਿਲ ਕਰ ਸਕਦੇ ਹਾਂ ਪਰ ਸ਼ਰਤ ਇਹ ਹੈ ਕਿ ਉਸ ਲਈ ਸਾਡੀਆਂ ਸਰਕਾਰਾਂ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਕੰਮ ਕਰਨ। ਸਾਡੇ ਦੇਸ਼ ਵਿਚ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਹੀਂ ਹੈ। ਕੱਚਾ ਮਾਲ ਹੋਵੇ, ਜਾਂ ਚੰਗੇ ਕਾਰੋਬਾਰੀ ਹੋਣ ਜਾਂ ਚੰਗੇ ਇੰਜਨੀਅਰ ਅਤ ਇੰਡਸਟਰੀਲਿਸਟ ਇਹ ਸਭ ਭਾਰਤ ਵਿਚ ਮੌਜੂਦ ਹਨ। ਜਦੋਂ ਸਾਨੂੰ ਇਥੇ ਲਿਖ ਕੇ ਵੀ ਰੁਜਗਾਰ ਹਾਸਿਲ ਨਹੀਂ ਹੁੰਦਾ ਤਾਂ ਸਾਡੇ ਨੌਜਵਾਨ ਵਿਦੇਸ਼ਾਂ ਵੱਲ ਨੂੰ ਭੱਜਦੇ ਹਨ। ਇਹ ਸਾਡੀਆਂ ਸਰਕਾਰਾਂ ਲਈ ਨਾਕਾਮੀ ਦਾ ਸਬੂਤ ਹੈ। ਇਸ ਵਿਚ ਪਿੱਠ ਥਪਥਪਾਉਣ ਵਾਲੀ ਕੋਈ ਗੱਲ ਨਹੀਂ ਹੈ। ਅਸੀਂ ਉਸ ਦਿਨ ਸਫਲ ਹੋਵਾਂਗੇ ਜਦੋਂ ਸਾਡਾ ਮਾਲ ਚੀਨ ਵਰਗੇ ਦੇਸ਼ ਵਿਚ ਵਿਕਣ ਲਈ ਜਾਵੇਗਾ ਅਤੇ ਸਾਡੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਡਿਗਰੀ ਹਾਸਿਲ ਕਰਕੇ ਕਾਲਜ ਯੂਨਿਵਰਸਿਟੀ ਤੋਂ ਬਾਹਰ ਆਉਂਦੇ ਹੀ ਰੋਜ਼ਗਾਰ ਮਿਲੇਗਾ।
ਹਰਵਿੰਦਰ ਸਿੰਘ ਸੱਗੂ।