ਅੰਮ੍ਰਿਤਸਰ (ਅਨਿੱਲ ਕੁਮਾਰ-ਮੁਕੇਸ ਕੁਮਾਰ) ਦੀਵਾਲੀ ਦੇ ਮੌਕੇ ‘ਤੇ ਪਾਕਿਸਤਾਨ ‘ਚ ਬੈਠੇ ਤਸਕਰਾਂ ਨੇ ਤਸਕਰੀ ਦੀਆਂ ਤਿੰਨ ਕੋਸ਼ਿਸ਼ਾਂ ਕੀਤੀਆਂ ਪਰ ਸੀਮਾ ਸੁਰੱਖਿਆ ਬਲ ਦੇ ਚੌਕਸ ਜਵਾਨਾਂ ਨੇ ਉਨ੍ਹਾਂ ਨੂੰ ਨਾਕਾਮ ਕਰ ਦਿੱਤਾ। ਅੰਮ੍ਰਿਤਸਰ ਸੈਕਟਰ ਦੇ ਦੋ ਪਿੰਡਾਂ ‘ਚ ਦੋ ਡਰੋਨ ਬਰਾਮਦ ਕੀਤੇ ਗਏ ਜਦੋਂਕਿ ਇਕ ਪਿੰਡ ਵਿਚ ਦੋ ਸਥਾਨਕ ਤਸਕਰ ਫੜੇ ਗਏ।
ਦੀਵਾਲੀ ਦੀ ਸਵੇਰ ਨੂੰ ਪਿੰਡ ਨੇਸਟਾ ‘ਚ ਡਰੋਨ ਗਤੀਵਿਧੀ ਦੀ ਸੂਚਨਾ ਮਿਲਣ ‘ਤੇ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਖੇਤ ‘ਚੋਂ ਇਕ ਡਰੋਨ ਬਰਾਮਦ ਹੋਇਆ। ਇਹ ਡਰੋਨ ਇੱਕ ਕਵਾਡਕਾਪਟਰ ਸੀ (ਚੀਨ ਵਿੱਚ ਬਣਿਆ ਮਾਡਲ-ਡੀਜੇਆਈ ਮੈਵਿਕ ਥ੍ਰੀ ਕਲਾਸਿਕ।ਇਸੇ ਤਰ੍ਹਾਂ ਪਿੰਡ ਭੈਰੋਪਾਲ ‘ਚ ਤਲਾਸ਼ੀ ਮੁਹਿੰਮ ਦੌਰਾਨ ਬੀਐਸਐਫ ਤੇ ਪੰਜਾਬ ਪੁਲਿਸ ਨੇ ਖੇਤਾਂ ‘ਚ ਪਿਆ ਇਕ ਡਰੋਨ ਬਰਾਮਦ ਕੀਤਾ ਹੈ। ਇਹ ਕੁਆਡਕਾਪਟਰ ਡਰੋਨ ਵੀ ਸੀ। ਇਨ੍ਹਾਂ ਦੋਵਾਂ ਡਰੋਨਾਂ ਦੇ ਨਾਲ ਜਾਂ ਆਲੇ-ਦੁਆਲੇ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਬੀਐਸਐਫ ਦੇ ਐਂਟੀ ਡਰੋਨ ਸਿਸਟਮ ਦੇ ਸੰਪਰਕ ਵਿੱਚ ਆਉਂਦੇ ਹੀ ਇਹ ਡਰੋਨ ਆਪਣੇ ਆਪ ਖਰਾਬ ਹੋ ਗਏ ਅਤੇ ਹੇਠਾਂ ਡਿੱਗ ਪਏ ਇੱਕ ਹੋਰ ਘਟਨਾ ਵਿੱਚ ਬੀਐਸਐਫ ਨੇ ਪਿੰਡ ਉੜ ਧਾਲੀਵਾਲ ਵਿੱਚ ਡਰੋਨ ਗਤੀਵਿਧੀ ਸੁਣੀ। ਇਸ ਦੇ ਨਾਲ ਹੀ ਜ਼ਮੀਨ ‘ਤੇ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਵੀ ਸੁਣਾਈ ਦਿੱਤੀ। ਫੋਰਸ ਦੇ ਜਵਾਨਾਂ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜ਼ਮੀਨ ‘ਤੇ ਇਕ ਪੈਕਟ ਮਿਲਿਆ। ਇਸ ਦੇ ਨਾਲ ਇੱਕ ਮੁੰਦਰੀ ਜੁੜੀ ਹੋਈ ਸੀ। ਜਾਂਚ ਦੌਰਾਨ ਪੈਕਟ ‘ਚੋਂ 540 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਪਿੰਡ ਉੜ ਧਾਲੀਵਾਲ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇੱਕ ਘਰ ਤੋਂ ਦੋ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਨ੍ਹਾਂ ਕੋਲੋਂ ਇੱਕ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ। ਦੋਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਲੋਕ ਪਾਕਿਸਤਾਨ ਤੋਂ ਆ ਰਹੀ ਹੈਰੋਇਨ ਦੀ ਖੇਪ ਲੈ ਕੇ ਵੱਖ-ਵੱਖ ਹਿੱਸਿਆਂ ਵਿੱਚ ਭੇਜਦੇ ਸਨ।