ਜਗਰਾਉਂ, 15 ਨਵੰਬਰ ( ਲਿਕੇਸ਼ ਸ਼ਰਮਾਂ )-ਸਹੋਦਿਆ ਕੰਪਲੈਕਸ ਵੈਸਟ ਜ਼ੋਨ ਲੁਧਿਆਣਾ ਵੱਲੋਂ ਕਰਵਾਏ ਗਏ ਬੈਡਮਿੰਟਨ ਖੇਡ ਮੁਕਾਬਲੇ ਵਿੱਚ ਡੀਏਵੀ ਸਕੂਲ ਦੇ ਖਿਡਾਰੀ ਸੋਨੇ, ਚਾਂਦੀ ਅਤੇ ਬਰਾਊਨ ਮੈਡਲ ਜਿੱਤਣ ਵਿੱਚ ਸਫਲ ਰਹੇ। ਏਅਰ ਫੋਰਸ ਹਲਵਾਰਾ ਅਕੈਡਮੀ ਵਿਖੇ ਹੋਏ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਪੀਸ ਪਬਲਿਕ ਸਕੂਲ, ਤੇਜਸ ਸਕੂਲ, ਡੀਏਵੀ ਸਕੂਲ ਜਗਰਾਉਂ, ਟੈਗੋਰ ਪਬਲਿਕ ਸਕੂਲ, ਡੀਸੀਐਮ ਮਾਡਲ ਸਕੂਲ ਦੁੱਗਰੀ ਲੁਧਿਆਣਾ ਅਤੇ ਏਅਰ ਫੋਰਸ ਅਕੈਡਮੀ ਹਲਵਾਰਾ ਦੀਆਂ ਟੀਮਾਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਡੀ.ਏ.ਵੀ ਸਕੂਲ ਜਗਰਾਉਂ ਦੀ ਅੰਡਰ 14 ਟੀਮ ਵਿੱਚ ਵੰਸ਼ ਮਾਣਿਕ, ਸਹਿਜਪ੍ਰੀਤ ਸਿੰਘ ਅਤੇ ਦਿਵਾਂਸ਼ ਸਿੰਗਲਾ ਦੀ ਟੀਮ ਨੇ ਸੋਨ ਤਗਮਾ ਜਿੱਤਿਆ, ਅੰਡਰ 14 ਲੜਕੀਆਂ ਦੀ ਟੀਮ ਵਿੱਚ ਹਰਸ਼ਵੀਰ ਕੌਰ ਅਤੇ ਨਿਹਾਰਿਕਾ ਵਰਮਾ ਦੀ ਟੀਮ ਨੇ ਚਾਂਦੀ ਦਾ ਤਗਮਾ ਜਿੱਤਿਆ। ਅੰਡਰ 17 ਲੜਕਿਆਂ ਦੀ ਟੀਮ ਵਿੱਚ ਮੰਨਤ ਚੋਪੜਾ, ਰਾਘਵ ਬਾਂਸਲ ਅਤੇ ਤਰੁਣ ਸਿੰਗਲਾ ਦੀ ਟੀਮ ਨੇ ਸੋਨ ਤਗਮਾ ਜਿੱਤਿਆ ਅਤੇ ਅੰਡਰ 17 ਲੜਕਿਆਂ ਦੀ ਟੀਮ ਵਿੱਚ ਦਕਸ਼ ਗੋਇਲ ਨੇ ਬਰਾਊਨ ਮੈਡਲ ਜਿੱਤਿਆ। ਪਿ੍ਰੰਸੀਪਲ ਵੇਦ ਵਰਤ ਪਲਾਹ ਨੇ ਜੇਤੂ ਟੀਮਾਂ ਅਤੇ ਉਨ੍ਹਾਂ ਦੇ ਕੋਚ ਸਾਹਿਬਾਨ ਨੂੰ ਇਸ ਸ਼ਾਨਦਾਰ ਜਿੱਤ ’ਤੇ ਵਧਾਈ ਦਿੱਤੀ ਅਤੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਖੇਡਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਆਸਾਨੀ ਨਾਲ ਆਪਣਾ ਟੀਚਾ ਹਾਸਲ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਅੱਗੇ ਵਧਣ ਦੇ ਕਈ ਮੌਕੇ ਮਿਲਦੇ ਹਨ। ਇਸ ਦੇ ਨਾਲ ਹੀ ਜੋ ਬੱਚਾ ਖੇਡਾਂ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੰਦਾ ਹੈ, ਉਹ ਕਦੇ ਵੀ ਗਲਤ ਰਾਹ ਨਹੀਂ ਫੜਦਾ। ਉਨ੍ਹਾਂ ਸਮੂਹ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਭਾਗ ਲੈਣ ਲਈ ਪ੍ਰੇਰਿਤ ਕੀਤਾ।