ਅਹਿਮਦਾਬਾਦ (ਬਿਊਰੋ) ਰੂਸ-ਯੂਕਰੇਨ ਯੁੱਧ ਦੇ ਕਾਰਨ ਦੁਨੀਆ ਦੇ ਕਈ ਹਿੱਸਿਆਂ ਵਿੱਚ ਭੋਜਨ ਦਾ ਭੰਡਾਰ ਖਤਮ ਹੋ ਰਿਹਾ ਹੈ।ਅਜਿਹੇ ‘ਚ ਭਾਰਤ ਅਹਿਮ ਭੂਮਿਕਾ ਨਿਭਾ ਸਕਦਾ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਜੇਕਰ ਵਿਸ਼ਵ ਵਪਾਰ ਸੰਗਠਨ ਭਾਰਤ ਨੂੰ ਇਜਾਜ਼ਤ ਦਿੰਦਾ ਹੈ ਤਾਂ ਸਾਡਾ ਦੇਸ਼ ਆਪਣੇ ਅਨਾਜ ਭੰਡਾਰ ਤੋਂ ਦੁਨੀਆ ਨੂੰ ਭੋਜਨ ਸਪਲਾਈ ਕਰ ਸਕਦਾ ਹੈ।ਮੰਗਲਵਾਰ ਨੂੰ ਉਨ੍ਹਾਂ ਨੇ ਗੁਜਰਾਤ ਦੇ ਅਡਲਜ ਵਿੱਚ ਸ਼੍ਰੀ ਅੰਨਪੂਰਨਾਧਾਮ ਟਰੱਸਟ ਦੇ ਹੋਸਟਲ ਅਤੇ ਸਿੱਖਿਆ ਕੰਪਲੈਕਸ ਦਾ ਉਦਘਾਟਨ ਕਰਨ ਅਤੇ ਜਨ ਸਹਾਇਕ ਟਰੱਸਟ ਦੇ ਹੀਰਾਮਣੀ ਅਰੋਗਿਆਧਾਮ ਦਾ ਭੂਮੀ-ਪੂਜਨ ਕਰਨ ਤੋਂ ਬਾਅਦ ਇਹ ਗੱਲ ਕਹੀ।ਨਿਊਜ਼ ਏਜੰਸੀ ਭਾਸ਼ਾ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਨੇ ਵੀਡੀਓ ਕਾਨਫਰੰਸ ਰਾਹੀਂ ਇਹ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਰੂਸ-ਯੂਕਰੇਨ ਯੁੱਧ ਕਾਰਨ ਹਰ ਕੋਈ ਆਪਣੇ ਭੋਜਨ ਭੰਡਾਰ ਨੂੰ ਸੁਰੱਖਿਅਤ ਰੱਖਣਾ ਚਾਹੁੰਦਾ ਹੈ ਕਿਉਂਕਿ ਅੱਜ ਦੁਨੀਆ ਇੱਕ ਨਾਜ਼ੁਕ ਸਥਿਤੀ ਦਾ ਸਾਹਮਣਾ ਕਰ ਰਹੀ ਹੈ। ਲੋਕਾਂ ਨੂੰ ਉਹ ਨਹੀਂ ਮਿਲ ਰਿਹਾ ਜੋ ਉਹ ਚਾਹੁੰਦੇ ਹਨ। ਸਾਰੇ ਦਰਵਾਜ਼ੇ ਬੰਦ ਹੋਣ ਕਾਰਨ ਪੈਟਰੋਲ, ਤੇਲ ਅਤੇ ਖਾਦ ਦੀ ਖਰੀਦ ਕਰਨੀ ਔਖੀ ਹੋ ਰਹੀ ਹੈ।ਉਨ੍ਹਾਂ ਅੱਗੇ ਕਿਹਾ ਕਿ ਦੁਨੀਆ ਇਸ ਸਮੇਂ ਨਵੇਂ ਸੰਕਟ ਦਾ ਸਾਹਮਣਾ ਕਰ ਰਹੀ ਹੈ। ਦੁਨੀਆਂ ਦਾ ਅਨਾਜ ਭੰਡਾਰ ਖਤਮ ਹੋ ਰਿਹਾ ਹੈ।ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਅਮਰੀਕਾ ਦੇ ਰਾਸ਼ਟਰਪਤੀ ਨਾਲ ਗੱਲ ਕਰ ਰਿਹਾ ਸੀ ਤਾਂ ਉਨ੍ਹਾਂ ਨੇ ਵੀ ਇਹ ਗੰਭੀਰ ਮੁੱਦਾ ਉਠਾਇਆ। ਮੈਂ ਸੁਝਾਅ ਦਿੱਤਾ ਕਿ ਜੇਕਰ ਡਬਲਯੂ.ਟੀ.ਓ. ਇਜਾਜ਼ਤ ਦਿੰਦਾ ਹੈ, ਤਾਂ ਭਾਰਤ ਕੱਲ੍ਹ ਤੋਂ ਦੁਨੀਆ ਨੂੰ ਅਨਾਜ ਭੰਡਾਰ ਸਪਲਾਈ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।’ ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਕੋਲ ਪਹਿਲਾਂ ਹੀ ਆਪਣੇ ਲੋਕਾਂ ਲਈ ਲੋੜੀਂਦਾ ਅਨਾਜ ਹੈ, ਪਰ ਲੱਗਦਾ ਹੈ ਕਿ ਸਾਡੇ ਕਿਸਾਨਾਂ ਨੇ ਸਾਰਾ ਸੰਸਾਰ ਲਈ ਭੋਜਨ ਦਾ ਪ੍ਰਬੰਧ ਕਰ ਲਿਆ ਹੈ। ਪਰ ਸਾਨੂੰ ਵਿਸ਼ਵ ਦੇ ਕਾਨੂੰਨਾਂ ਦੀ ਪਾਲਣਾ ਕਰਨੀ ਪੈਂਦੀ ਹੈ,ਇਸ ਲਈ ਮੈਨੂੰ ਨਹੀਂ ਪਤਾ ਕਿ WTO ਇਸ ਕੰਮ ਲਈ ਕਦੋਂ ਇਜਾਜ਼ਤ ਦੇਵੇਗਾ।