ਜੀਰਾ(ਬਿਊਰੋ) ਤਹਿਸੀਲ ਜ਼ੀਰਾ ਦੇ ਪਿੰਡ ਮਸਤੇਵਾਲਾ ਵਿਖੇ ਮੰਗਲਵਾਰ ਨੂੰ ਪੁਰਾਣੀ ਰੰਜਿਸ਼ ਤੋਂ ਹੋਏ ਝਗੜੇ ਵਿਚ ਕਾਂਗਰਸੀ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਦੇ ਇਕ ਵਰਕਰ ਦਾ ਦਿਨ-ਦਿਹਾੜੇ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।ਸਿਵਲ ਹਸਪਤਾਲ ਜ਼ੀਰਾ ਵਿਖੇ ਜਾਣਕਾਰੀ ਦਿੰਦਿਆਂ ਮ੍ਰਿਤਕ ਦਲਜੀਤ ਸਿੰਘ (34) ਦੇ ਭਰਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਣਕ ਦੀ ਕਟਾਈ ਸਬੰਧੀ ਉਹ ਮੋਟਰਸਾਈਕਲ ‘ਤੇ ਆਪਣੇ ਖੇਤ ਵਿੱਚ ਗੇੜਾ ਮਾਰਨ ਲਈ ਜਾ ਰਹੇ ਸਨ।ਰਸਤੇ ‘ਚ ਪਹਿਲਾਂ ਤੋਂ ਹੀ ਸ਼ਹਿ ਲਾ ਕੇ ਬੈਠੇ ਨਿਰਵੈਲ ਸਿੰਘ ਪੁੱਤਰ ਬਖਸ਼ੀਸ਼ ਸਿੰਘ,ਬਖਸ਼ੀਸ਼ ਸਿੰਘ ਪੁੱਤਰ ਬਾਜ ਸਿੰਘ, ਲੱਖਾ ਸਿੰਘ ਪੁੱਤਰ ਬਲਜੀਤ ਸਿੰਘ, ਰਣਜੀਤ ਸਿੰਘ ਪੁੱਤਰ ਬਾਜ ਸਿੰਘ, ਗੁਰਦਿਆਲ ਸਿੰਘ ਪੁੱਤਰ ਸੰਤੋਖ ਸਿੰਘ ਅਤੇ ਸੋਨੂੰ ਸਮੇਤ ਕੁਝ ਅਣਪਛਾਤੇ ਵਿਅਕਤੀ ਵਾਸੀਆਨ ਪਿੰਡ ਮਸਤੇਵਾਲਾ ਨੇ ਉਨ੍ਹਾਂ ਨੂੰ ਘੇਰ ਲਿਆ।ਇਸ ਦੌਰਾਨ ਨਿਰਵੈਲ ਸਿੰਘ ਨੇ ਆਪਣੇ ਦਸਤੀ ਪਿਸਟਲ ਨਾਲ ਦਲਜੀਤ ਸਿੰਘ ‘ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਨ੍ਹਾਂ ਵਿਚੋਂ 2 ਗੋਲੀਆਂ ਉਸ ਦੇ ਭਰਾ ਦਲਜੀਤ ਸਿੰਘ ਦੇ ਸਿਰ ਵਿੱਚ ਲੱਗੀਆਂ।ਗੁਰਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਉਸ ਨੇ ਆਪਣੀ ਜਾਨ ਬਚਾਉਂਦਿਆਂ ਪਿੰਡ ਵਿੱਚ ਰੌਲਾ ਪਾ ਕੇ ਲੋਕ ਇਕੱਠੇ ਕੀਤੇ ਅਤੇ ਵਾਪਸ ਆ ਕੇ ਵੇਖਿਆ ਤਾਂ ਉਸ ਦੇ ਭਰਾ ਦਲਜੀਤ ਸਿੰਘ ਦੀ ਮੌਤ ਹੋ ਚੁੱਕੀ ਸੀ। ਸੂਚਨਾ ਮਿਲਣ ‘ਤੇ ਸੰਦੀਪ ਸਿੰਘ ਮੰਡ ਡੀਐਸਪੀ ਜ਼ੀਰਾ ਘਟਨਾ ਸਥਾਨ ‘ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਜ਼ੀਰਾ ਵਿਖੇ ਲਿਆਂਦਾ। ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇੱਥੇ ਵਰਨਣਯੋਗ ਹੈ ਕਿ ਮ੍ਰਿਤਕ ਦਲਜੀਤ ਸਿੰਘ ਆਮ ਆਦਮੀ ਪਾਰਟੀ ਨਾਲ ਸਬੰਧ ਰੱਖਦਾ ਹੈ ਜਦਕਿ ਕਥਿਤ ਮੁਲਜ਼ਮ ਨਿਰਵੈਲ ਸਿੰਘ ਕਾਂਗਰਸ ਪਾਰਟੀ ਦੇ ਮੌਜੂਦਾ ਸਰਪੰਚ ਬਲਜੀਤ ਸਿੰਘ ਦਾ ਭਤੀਜਾ ਹੈ ਅਤੇ ਦੋਵਾਂ ਧਿਰਾਂ ਦੀ ਪਿਛਲੇ ਲੰਬੇ ਸਮੇਂ ਤੋਂ ਆਪਸੀ ਰੰਜਿਸ਼ ਚੱਲਦੀ ਆ ਰਹੀ ਹੈ ਜਿਸ ਨੂੰ ਲੈ ਕੇ ਦੋਵਾਂ ਧਿਰਾਂ ਵੱਲੋਂ ਇਕ ਦੂਜੇ ਦੇ ਖ਼ਿਲਾਫ਼ ਕ੍ਰਾਸ ਪਰਚੇ ਵੀ ਦਰਜ ਕਰਵਾਏ ਗਏ ਹਨ।ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਪੀਡ਼ਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਪਹੁੰਚੇ ਅਤੇ ਪੀਡ਼ਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਲਜੀਤ ਸਿੰਘ ਦੇ ਕਾਤਲਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ ।