ਜਗਰਾਓਂ, 2 ਦਸੰਬਰ ( ਧਰਮਿੰਦਰ )-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਅਤੇ ਐਸ.ਸੀ.ਬੀ.ਸੀ. ਵੈਲਫੇਅਰ ਕੌਂਸਲ ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਦੇਸ਼ ਭਗਤ ਨੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਸੰਵਿਧਾਨ ਦੀ ਰਾਖੀ ਲਈ ਅਤੇ ਘੱਟ ਗਿਣਤੀ ਸਮੇਤ ਪੱਛੜੀਆਂ ਸ਼੍ਰੇਣੀਆਂ ਦੀ ਬਿਹਤਰੀ ਲਈ ਅੱਗੇ ਆਉਣਾ ਪਵੇਗਾ। ਉਨ੍ਹਾਂ ਕਿਹਾ ਕਿ ਇਸ ਸਮੇਂ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਨਾਜ਼ੁਕ ਦੌਰ ’ਚੋਂ ਗੁਜ਼ਰ ਰਿਹਾ ਹੈ। ਦੇਸ਼ ਅੰਦਰ ਘੱਟ ਗਿਣਤੀ ਲੋਕਾਂ ਤੇ ਅੱਤਿਆਚਾਰ ਅਤੇ ਵੱਖ-ਵੱਖ ਰਾਜਾਂ ’ਚ ਧਰਮ ਅਤੇ ਜਾਤ ਪਾਤ ਦੇ ਆਧਾਰ ’ਤੇ ਅੱਤਿਆਚਾਰ ਹੋ ਰਹੇ ਹਨ। ਦੇਸ਼ ਭਗਤ ਨੇ ਕਿਹਾ ਕਿ ਸਾਡਾ ਦੇਸ਼ ਸਾਰੇ ਧਰਮਾਂ ਦੇ ਲੋਕਾਂ ਦਾ ਦੇਸ਼ ਹੈ ਅਤੇ ਇੱਥੇ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਸਾਰੇ ਧਰਮਾਂ ਦੇ ਲੋਕ ਇਕ ਗੁਲਦਸੇ ਵਿਚ ਸੁੰਦਰ ਸਜੇ ਹੋਏ ਫੁੱਲਾਂ ਵਾਂਗ ਹਨ। ਜੋ ਕਿ ਆਪਸੀ ਸਦਭਾਵਨਾ ਅਤੇ ਪਿਆਰ ਨਾਲ ਰਹਿੰਦੇ ਹਨ। ਉਨ੍ਹਾਂ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਲੰਮੇ ਸਮੇਂ ਤੋਂ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਲੜ ਰਹੇ ਹਨ। ਜਿਸਦੇ ਬਦਲੇ ਉਨ੍ਹਾਂ ਨੂੰ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਦੇਸ਼ ਵਾਸੀਆਂ ਦਾ ਭਰਪੂਰ ਸਮਰਥਨ ਅਤੇ ਪਿਆਰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡਾ ਸੰਵਿਧਾਨ ਸਾਡੇ ਦੇਸ਼ ਦੀ ਆਤਮਾ ਹੈ।