ਦੁਨੀਆ ਦੇ ਲਗਭਗ ਸਾਰੇ ਦੇਸ਼ਾਂ ਵਿੱਚ ਅਤੇ ਭਾਰਤ ਵਿਚ ਕੇਂਦਰ ਸਰਕਾਰ ਅਤੇ ਸਾਰੇ ਰਾਜਾਂ ਦੀਆਂ ਸਰਕਾਰਾਂ ਵਲੋਂ ਵਿਸ਼ਵ ਏਡਜ ਦਿਵਸ 1 ਦਸੰਬਰ ਨੂੰ ਮਨਾਇਆ ਗਿਆ। ਇਈਸ ਮੌਕੇ ਦੇਸ਼ ਭਰ ਵਿਚ ਏਡਜ ਤੰ ਬਚਾਅ ਅਤੇ ਇਸਦੇ ਇਲਾਜ ਲਈ ਜਾਗਰੂਕਤਾ ਸੈਮੀਨਾਰ ਕੀਤੇ ਗਏ ਅਤੇ ਇਸਦੀ ਰੋਕਥਾਮ ਲਈ ਉਪਾਅ ਸਾਂਝੇ ਕੀਤੇ ਗਏ। ਹੁਣ ਤੋਂ 43 ਸਾਲ ਪਹਿਲਾਂ 1981 ’ਚ ਏਡਸ ਵਾਇਰਸ ਦੇ ਸਬੰਧ ’ਚ ਪਤਾ ਚੱਲਿਆ ਸੀ। ਅੱਜ ਸਰਕਾਰੀ ਆਂਕੜੇ ਅਨੁਸਾਰ ਭਾਵੇਂ ਦੇਸ਼ ਭਰ ਵਿਚ ਏਡਜ ਦੀ ਸਥਿਤੀ ਕੰਟਰੋਲ ਵਿਚ ਹੈ ਪਰ ਜਮੀਨੀ ਹਕੀਕਤ ਇਹ ਹੈ ਕਿ ਇਸ ਸਮੇਂ ਏਡਜ ਪੂਰੀ ਤਰ੍ਹਾਂ ਨਾਲ ਆਪਣੇ ਪੈਰ ਪਸਾਰ ਚੁੱਕੀ ਹੈ ਅਤੇ ਸਥਿਤੀ ਬੇਹੱਦ ਨਾਜ਼ੁਕ ਦੌਰ ਵਿਚ ਪਹੁੰਚਦੀ ਜਾ ਰਹੀ ਹੈ। ਸਰਕਾਰੀ ਅੰਕੜਿੱਾਂ ਅਨੁਸਾਰ ਭਾਰਤ ’ਚ ਇਸ ਸਮੇਂ 24 ਲੱਖ 67 ਹਜਾਰ ਲੋਕ ਐਚਆਈਵੀ ਨਾਲ ਪੀੜਤ ਹਨ। ਪੰਜਾਬ ਵਿਚ ਇਨ੍ਹਾਂ ਦੀ ਸੰਖਿਆ 62044 ਮੰਨੀ ਜਾਂਦੀ ਹੈ। ਜੋ ਕਿ ਸਰਕਾਰੀ ਹਸਪਤਾਲਾਂ ਵਿਚੋਂ ਦਵਾਈ ਲੈਣ ਲਈ ਰਜਿਸਟਰਡ ਹਨ। ਇਸਨੂੰ ਕੰਟਰੋਲ ਕਰਨ ਲਈ ਸ਼ੁਰੂ ਤੋਂ ਹੀ ਉਪਰਾਲੇ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਏਡਜ਼ ਦੇ ਇਲਾਜ ਲਈ 115 ਏਈਸੀਟੀਸੀ ਸੈਂਟਰ ਜਿਲ੍ਹਾ ਪੱਧਰ ਦੇ ਸਰਕਾਰੀ ਹਸਪਤਾਲਾਂ ਵਿੱਚ ਚੱਲ ਰਹੇ ਹਨ। ਹੁਣ ਇਕ ਦਸੰਬਰ ਨੂੰ ਏਡਜ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਏਡਜ਼ ਤੋਂ ਪੀੜਿਤ ਲੋਕਾਂ ਨੂੰ ਮੁਫਤ ਰਾਸ਼ਨ ਦੇਣ ਦੀ ਯੋਜਨਾ ਦਾ ਵੀ ਐਲਾਣ ਕੀਤਾ ਗਿਆ ਹੈ। ਇਨ੍ਹਾਂ ਮਰੀਜਾਂ ਦੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰਖੀ ਜਾਂਦੀ ਹੈ ਅਤੇ ਏਡਜ ਪੀੜਤ ਲੋਕਾਂ ਨਾਲ ਕਿਸੇ ਵੀ ਤਰ੍ਹਾਂ ਦਾ ਭੇਦ ਭਾਵ ਕਰਨ ਵਾਲੇ ਲੋਕਾਂ ਖਿਲਾਫ ਐਚਆਈਵੀ/ ਪੀ ਐਂਡ ਸੀ ਐਕਟ 2017 ਦੇ ਅਧੀਨ ਸਖ਼ਤ ਕਾਨੂੰਨੀ ਕਾਰਵਾਈ ਦੇ ਵੀ ਪਹਿਲਾਂ ਤੋਂ ਹੀ ਪ੍ਰਬੰਧ ਹਨ। ਸਰਕਾਰ ਵਲੋਂ ਜੋ ਅੰਕੜੇ ਪੇਸ਼ ਕੀਤੇ ਜਾਂਦੇ ਹਨ ਤਾਂ ਉਸਦੀ ਹਕੀਕਤ ਗਰਾਊੰਡ ਲੈਵਲ ਤੇ ਬਹੁਤ ਵੱਖਰੀ ਅਤੇ ਭਿਆਨਕ ਹੈ। ਹੁਣ ਜੇਕਰ ਗਰਾਉਂਡ ਲੇਵਲ ’ਤੇ ਦੇਖਿਆ ਤਾਂ ਪੰਜਾਬ ’ਚ ਇਸ ਸਮੇਂ ਏਡਜ ਦੇ ਮਰੀਜਾਂ ਦਾ ਅੰਕੜਾ ਹੈਰਾਨੀਜਨਕ ਸਥਿਤੀ ਵਿਚ ਹੈ। ਪੰਜਾਬ ਵਿਚ ਇਸ ਸਮੇਂ ਚਿੱਟਾ ਨਸ਼ੇ ਦਾ ਪ੍ਰਕੋਪ ਖੂਬ ਜ਼ੋਰਾਂ ਤੇ ਹੈ। ਇਹ ਸਿਲਸਲਾ ਪਿਛਲੇ ਇਕ ਦਹਾਕੇ ਤੋਂ ਵਧੇਰੇ ਸਮੇਂ ਤੋਂ ਨਿਰੰਤਰ ਜਾਰੀ ਹੈ। ਰੋਜ਼ਨਾ ਸਾਡੇ ਨੌਜਵਾਨ ਬੱਚੇ ਚਿੱਟੇ ਦੀ ਭੇਂਟ ਚੜ੍ਹ ਕੇ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਚਿੱਟਾ ਨਸ਼ਾ ਦਾ ਇੰਜੈਕਸ਼ਨ ਲੈਣ ਵਾਲੇ ਵੀ ਵਧੇਰੇ ਨੌਜ਼ਵਾਨ ਬੱਚੇ ਇਸ ਸਮੇਂ ਕਾਲਾ ਪੀਲੀਆ ਅਤੇ ਏਡਜ ਗਾ ਸ਼ਿਕਾਰ ਹੋ ਚੁੱਕੇ ਹਨ। ਜਿਸ ਵਿਚ ਇਹ ਆਂਕੜਾ 75% ਤੱਕ ਮੰਨਿਆ ਜਾ ਸਕਦਾ ਹੈ। ਜਿੰਨਾਂ ਦਾ ਸਰਕਾਰੀ ਅੰਕੜਿਆਂ ਵਿੱਚ ਕੋਈ ਵੀ ਰਿਕਾਰਡ ਨਹੀਂ ਹੈ। ਉਹ ਲੋਕ ਇਨਾਂ ਬੀਮਾਰੀਆਂ ਦਾ ਇਲਾਜ ਹੀ ਕਰਵਾਉਣ ਲਈ ਨਹੀਂ ਜਾਂਦੇ। ਇਸਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਚਿੱਟੇ ਨਸ਼ੇ ਦਾ ਇਈੰਜੈਕਸ਼ਨ ਲਗਾਉਣ ਦੀ ਆਦਤ ਦਾ ਸ਼ਿਕਾਰ ਨੌਜਵਾਨਾਂ ਨੂੰ ਨਸ਼ਾ ਕਰਨ ਲਈ ਸਰਿੰਜ ਉਪਲਬੱਧ ਨਹੀਂ ਹੁੰਦੀ। ਜਿਸ ਕਾਰਨ ਉਹ ਇਕ ਹੀ ਸਰਿੰਜ ਅਤੇ ਸੂਈ ਨੂੰ ਇਕ ਦੂਸਰੇ ਤੇ ਵਾਰ ਵਾਰ ਇਸਤੇਮਾਲ ਕਰਦੇ ਹਨ ਅਤੇ ਕਾਲਾ ਪੀਲੀਆ ਅਤੇ ਏਡਜ ਉਨ੍ਹੰ ਨੂੰ ਇਕ ਦੂਸਰੇ ਤੋਂ ਵਿਰਾਸਤ ਵਿਚ ਮਿਲ ਰਿਹਾ ਹੈ। ਇਹ ਸਥਿਤੀ ਪੰਜਾਬ ਦੇ ਹਰ ਗਲੀ ਮੁਹੱਲੇ ਵਿਚ ਬਣੀ ਹੋਈ ਹੈ। ਇਸ ਲਈ ਮੇਰੇ ਆਂਕੜਿਆਂਮ ਦੀ ਖੇਲ ਨੂੰ ਛੱਡ ਕੇ ਇਸ ਵੱਲ ਗੰਭੀਰਤਾ ਨਾਲ ਗੌਰ ਕਰਨੀ ਚਾਹੀਦੀ ਹੈ। ਜੇਕਰ ਹੁਣ ਵੀ ਇਸ ’ਤੇ ਵਿਚਾਰ ਨਹੀਂ ਕੀਤਾ ਗਿਆ ਅਤੇ ਗੌਰ ਕੀਤਾ ਗਿਆ ਤਾਂ ਆਉਣ ਵਾਲੇ 5 ਸਾਲਾਂ ’ਚ ਪੰਜਾਬ ’ਚ ਵੱਡੀ ਗਿਣਤੀ ’ਚ ਬੱਚਿਆਂ ਦੀ ਮੌਤ ਏਡਜ ਅਤੇ ਕਾਲਾ ਪੀਲੀਆ ਨਾਲ ਹੋਣੀ ਸ਼ੁਰੂ ਹੋ ਜਾਵੇਗੀ। ਸਰਕਾਰ ਪਾਸ ਤਾਂ ਸਿਰਫ ਉਹੀ ਅੰਕੜੇ ਹਨ ਜਿਨ੍ਹਾਂ ਵਿਚ ਮਰੀਜ ਉਨ੍ਹਾਂ ਦੇ ਸੰਪਰਕ ਵਿਚ ਹਨ ਅਤੇ ਇਲਾਜ ਕਰਵਾ ਰਹੇ ਹਨ। ਪਰ ਵਧੇਰੇਤਰ ਨਸ਼ੇ ਦਾ ਸ਼ਿਕਾਰ ਬੱਚੇ ਇਸ ਬਾਰੇ ਪਤਾ ਹੋਣ ਦੇ ਬਾਵਜੂਦ ਵੀ ਆਪਣਾ ਇਲਾਜ ਨਹੀਂ ਕਰਵਾਉਂਦੇ ਅਤੇ ਬਹੁਤ ਸਾਰੇ ਅਜਿਹੇ ਵੀ ਹਨ ਜੋ ਇਕ ਵਾਰ ਸਰਕਾਰੀ ਹਸਪਤਾਲ ਤੋਂ ਦਵਾਈ ਲੈ ਆਏ ਪਰ ਬਾਅਦ ਵਿਚ ਦਵਾਈ ਲੈਣ ਗਏ ਹੀ ਨਹੀਂ। ਉਸਤੋਂ ਬਾਅਦ ਨਾ ਕਿਸੇ ਨੇ ਇਹ ਪਤਾ ਕੀਤਾ ਕਿ ਉਹ ਦਵਾਈ ਲੈਣ ਕਿਉਂ ਨਹੀਂ ਆਉਂਦੇ ਅਤੇ ਨਾ ਹੀ ਕਿਸੇ ਨੂੰ ਉਨ੍ਹੰ ਦੀ ਸਾਰ ਲਈ। ਅਜਿਹੇ ਬੱਚੇ ਮਾਂ ਬਾਪ ਦੀ ਪਕੜ ਤੋਂ ਵੀ ਬਾਹਰ ਹੁੰਦੇ ਹਨ। ਜੇਕਰ ਸਸਰਕਾਰ ਇਸ ਸੰਬਧੀ ਅਸਲੀਅਤ ਨੂੰ ਜਾਨਣਾ ਚਾਹੁੰਦੀ ਹੈ ਤਾਂ ਆਪਣੇ ਪੱਧਰ ਤੇ ਪੰਜਾਬ ਦੇ ਹਰ ਗਲੀ ਮੁਹੱਲੇ ਵਿਚ ਜਿਥੇ ਜਿਥੇ ਨਸ਼ੇ ਦਾ ਪ੍ਰਕੋਪ ਹੈ ਅਤੇ ਖੁੱਲ੍ਹੇਆਮ ਇਸ ਨਸ਼ੇ ਦੀ ਵਿੱਕਰੀ ਹੁੰਦੀ ਹੈ ਉਥੇ ਜਾ ਕੇ ਉਨ੍ਹਾਂ ਮੁਹੱਲਿਆਂ ਵਿਚ ਬਲੱਡ ਟੈਸਟ ਦੇ ਕੈਂਪ ਲਗਾਏ ਜਾਣ ਤਾਂ ਸਥਿਤੀ ਸਾਹਮਣੇ ਆ ਜਾਏਗੀ। ਜੋ ਬੱਚੇ ਇਸ ਬਿਮਾਰੀ ਤੋਂ ਪੀੜਿਤ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਇਲਾਜ ਲਈ ਯੋਗ ਪ੍ਰਬੰਧ ਕੀਤੇ ਜਾਣ। ਸਿਰਫ ਇੱਕ ਦਿਨ ਦੇ ਦਿਨ ਦੇ ਭਾਸ਼ਣ ਦੇ ਕੇ ਅਤੇ ਸੈਮੀਨਾਰ ਕਰਕੇ ਇਸ ਬਿਮਾਰੀ ਦੇ ਪ੍ਰਕੋਪ ਨੂੰ ਰੋਕਿਆ ਨਹੀਂ ਜਾ ਸਕਦਾ ਇਸਦੇ ਲਈ ਸਿਰਫ ਇਕ ਦਿਨ ਹੀ ਨਹੀਂ ਬਲਕਿ ਸਾਲ ਦੇ ਬਾਕੀ 364 ਦਿਨ ਵੀ ਇਸ ਗੰਭੀਰਤਾ ਨਾਲ ਕੰਮ ਕਰਨਾ ਪਏਗਾ ਤਾਂ ਹੀ ਅਸੀਂ ਆਪਣੀ ਆਉਣ ਵਾਲੀ ਪੀੜੀ ਨੂੰ ਸੁਰਖਿਅਤ ਰੱਖ ਸਕਾਂਗੇ।
ਹਰਵਿੰਦਰ ਸਿੰਘ ਸੱਗੂ।