ਆਗਾਮੀ ਸਾਲ ’ਚ ਦੇਸ਼ ਭਰ ’ਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੀ ਸੁਗਬੁਗਾਹਟ ਕਈ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਗਈ ਸੀ। ਇਸ ਵਾਰ ਸਾਰੀਆਂ ਵਿਰੋਧੀ ਪਾਰਟੀਆਂ ਵਲੋਂ ਇਕਜੁੱਟ ਹੋ ਕੇ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਸਨ। ਸਾਰੀਆਂ ਵਿਰੋਧੀ ਪਾਰਟੀਆਂ ਨੇ ਇਕੱਠੇ ਹੋ ਕੇ ਇੰਡੀਆ ਨਾਂ ਦਾ ਗੱਠਜੋੜ ਬਣਾਇਆ। ਜਿਸ ਨੂੰ ਲੋਕ ਸਭਾ ਚੋਣਾਂ ਤੱਕ ਮਜ਼ਬੂਤੀ ਨਾਲ ਸੰਭਾਲਣ ਦਾ ਦਾਅਵਾ ਕੀਤਾ ਗਿਆ ਸੀ ਅਤੇ ਗੱਠਜੋੜ ਵਿੱਚ ਇਹ ਵੀ ਤੈਅ ਹੋ ਗਿਆ ਸੀ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਆਪੋ-ਆਪਣੇ ਨਿੱਜ਼ੀ ਮੁਫਾਦਾਂ ਨੂੰ ਇਕ ਪਾਸੇ ਰੱਖ ਕੇ ਸੀਟਾਂ ਨੂੰ ਖੇਤਰ ਦੇ ਹਿਸਾਬ ਨਾਲ ਵੰਡ ਕੇ ਭਾਜਪਾ ਦੇ ਖਿਲਾਫ ਸਿਰਫ ਇੱਕ ਹੀ ਉਮੀਦਵਾਰ ਮੈਦਾਨ ਵਿੱਚ ਉਤਰੇਗਾ ਅਤੇ ਬਾਕੀ ਸਾਰੀਆਂ ਪਾਰਟੀਆਂ ਉਸ ਉਮੀਦਵਾਰ ਦਾ ਸਮਰਥਨ ਕਰਨਗੀਆਂ। ਇਸ ਫਾਰਮੂਲੇ ਨੂੰ ਲੈ ਕੇ ਗੱਲਬਾਤ ਅੱਗੇ ਵਧ ਰਹੀ ਸੀ, ਪਰ ਇਸ ਦੌਰਾਨ ਦੇਸ਼ ਦੇ ਰਾਜਾਂ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਤੇਲੰਗਾਨਾ ਅਤੇ ਮਿਜ਼ੋਰਮ ਵਿੱਚ ਵਿਧਾਨ ਸਭਾ ਚੋਣਾਂ ਦਾ ਵਿਗੁਲ ਵੱਜ ਗਿਆ। ਇਨ੍ਹਾਂ ਚੋਣਾਂ ਦੇ ਨਤੀਜਿਆਂ ਨੂੰ ਲੋਕ ਸਭਾ ਚੋਣਾਂ ਦਾ ਸੈਮੀਫਾਈਨਲ ਮੰਨਿਆ ਜਾ ਰਿਹਾ ਸੀ ਅਤੇ ਹੁਣ ਰਾਜਸਥਾਨ, ਮੱਧ ਪ੍ਰਦੇਸ਼, ਤੇਲੰਗਾਨਾ ਅਤੇ ਛੱਤੀਸਗੜ੍ਹ ਦੇ ਨਤੀਜਿਆਂ ’ਚ ਭਾਰਤੀ ਜਨਤਾ ਪਾਰਟੀ ਤਿੰਨ ਰਾਜਾਂ ਵਿਚ ਸਪੱਸ਼ਟ ਬਹੁਮਤ ਨਾਲ ਆਪਣੀ ਸਰਕਾਰ ਬਣਾਉਣ ’ਚ ਕਾਮਯਾਬ ਹੋ ਰਹੀ ਹੈ। ਉਨ੍ਹਾਂ ’ਚੋਂ ਕਾਂਗਰਸ ਦੇ ਹਿੱਸੇ ਸਿਰਫ ਤੇਲੰਗਾਨਾ ਵਿਧਾਨ ਸਭਾ ’ਚ ਹੀ ਆਈ ਹੈ। ਜਿੱਥੇ ਉਨ੍ਹਾਂ ਦੀ ਸਰਕਾਰ ਬਣਨ ਜਾ ਰਹੀ ਹੈ। ਲੋਕ ਸਭਾ ਚੋਣਾਂ ਆਉਣ ਤੋਂ ਪਹਿਲਾਂ ਹੀ ਇੰਡੀਆ ਗਠਜੋੜ ਆਪਸੀ ਫੁੱਟ ਦਾ ਸ਼ਿਕਾਰ ਹੋ ਰਿਹਾ ਹੈ। ਸੀਟ ਵੰਡ ਨੂੰ ਲੈ ਕੇ ਅਖਿਲੇਸ਼ ਯਾਦਵ, ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਅਤੇ ਆਮ ਆਦਮੀ ਪਾਰਟੀ ਵਿਚਕਾਰ 36 ਦਾ ਅੰਕੜਾ ਰਿਹਾ ਅਤੇ ਇਨ੍ਹਾਂ ਰਾਜਾਂ ਦੀਆਂ ਚੋਣਾਂ ਵਿਚ ਵੀ ਇੰਡੀਆ ਗਠਜੋੜ ਦੇ ਫਾਰਮੂਲੇ ਅਨੁਸਾਰ ਸੀਟਾਂ ਵੰਡ ਕੇ ਉਮੀਦਵਾਰ ਖੜ੍ਹੇ ਕਰਨ ਦੀ ਬਜਾਏ ਸਭ ਨੇ ਆਪਣੇ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰੇ। ਭਾਰਤੀ ਜਨਤਾ ਪਾਰਟੀ ਸ਼ੁਰੂ ਤੋਂ ਹੀ ਕਹਿੰਦੀ ਆ ਰਹੀ ਸੀ ਕਿ ਇੰਡੀਆ ਗਠਜੋੜ ਦਾ ਕੋਈ ਭਵਿੱਖ ਨਹੀਂ ਹੈ। ਇਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਟੁੱਟ ਜਾਵੇਗਾ। ਹੁਣ ਇਨ੍ਹਾਂ ਸੂਬਿਆਂ ਦੇ ਨਤੀਜਿਆਂ ਤੋਂ ਬਾਅਦ ਇੰਡੀਆ ਗਠਜੋੜ ਦੇ ਭਵਿੱਖ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਜੇਕਰ ਇਨ੍ਹਾਂ ਸੂਬਿਆਂ ’ਚ ਚੋਣ ਨਤੀਜੇ ਕਾਂਗਰਸ ਦੇ ਹੱਕ ’ਚ ਹੁੰਦੇ ਤਾਂ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਨੂੰ ਸਭ ਤੋਂ ਵੱਧ ਫਾਇਦਾ ਹੋਣ ਵਾਲਾ ਸੀ ਅਤੇ ਹੁਣ ਸਭ ਤੋਂ ਵੱਧ ਨੁਕਸਾਨ ਕਾਂਗਰਸ ਨੂੰ ਹੀ ਝੱਲਣਾ ਪਵੇਗਾ, ਕਿਉਂਕਿ ਕਾਂਗਰਸ ਅਤੇ ਇੰਡੀਆ ਗਠਜੋੜ ਨੂੰ ਜੋ ਉਮੀਦਾਂ ਸਨ, ਉਹ ਇਨ੍ਹਾਂ ਨਤੀਜਿਆਂ ਵਿਚ ਪੂਰੀਆਂ ਨਹੀਂ ਹੋ ਸਕੀਆਂ। ਲੋਕ ਸਭਾ ਚੋਣਾਂ ਜਿੱਤਣ ਲਈ ਬਣਾਇਆ ਗਿਆ ਇਹ ਇੰਡੀਆ ਗਠਜੋੜ ਵਿਚ ਸ਼ਾਮਲ ਜ਼ਿਆਦਾਤਰ ਸਿਆਸੀ ਪਾਰਟੀਆਂ ਦੇ ਆਗੂ ਆਪਣੇ ਆਪ ਨੂੰ ਇਕ-ਦੂਜੇ ਦੇ ਘੱਟ ਨਹੀਂ ਸਮਝਦੇ। ਜਿਸ ਕਾਰਨ ਇਸ ਗਠਜੋੜ ਦੇ ਮੈਂਬਰ ਚੋਣਾਂ ਵਿਚ ਇਕ-ਦੂਜੇ ਦੇ ਖਿਲਾਫ ਖੜ੍ਹੇ ਹੋਏ। ਇਨ੍ਹਾਂ ਰਾਜਾਂ ’ਚੋਂ ਪਹਿਲੇ ਹੀ ਇਮਤਿਹਾਨ ਵਿਚ ਬੁਰੀ ਤਰ੍ਹਾਂ ਨਾਲ ਫੇਲ ਸਾਬਿਤ ਹੋਇਆ ਇਈੰਡੀਆ ਗਠਜੋੜ ਅੱਗੇ ਲੋਕ ਸਭਾ ਚੋਣਾਂ ਤੱਕ ਕਿਸ ਤਰ੍ਹਾਂ ਇਕਜੁੱਟ ਰਹਿ ਪਾਏਗਾ ਇਹ ਵੱਡਾ ਸਵਾਲ ਹੈ ਅਤੇ ਇਸ ਤੇ ਸਾਰੇ ਦੇਸ਼ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਨ੍ਹਾਂ ਪੰਜ ਸੂਬਿਆਂ ’ਚ ਕਾਂਗਰਸ ਅਤੇ ਭਾਜਪਾ ਵਿਚਾਲੇ ਸਿੱਧਾ ਮੁਕਾਬਲਾ ਦੇਖਣ ਨੂੰ ਮਿਲਿਆ। ਇਸ ਮੁਕਾਬਲੇ ਦੌਰਾਨ ਭਾਜਪਾ ਦੇ ਖਿਲਾਫ ਉਨ੍ਹਾਂ ਦੇ ਗਠਜੋੜ ਵਾਲਾ ਕੋਈ ਵੀ ਉਮੀਦਵਾਰ ਨਹੀਂ ਖੜ੍ਹਾ ਹੋਇਆ। ਜਦੋਂ ਕਿ ਕਾਂਗਰਸ ਦੇ ਖਿਲਾਫ ਅਖਿਲੇਸ਼ ਯਾਦਵ, ਆਮ ਆਦਮੀ ਪਾਰਟੀ ਅਤੇ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਦੇ ਉਮੀਦਵਾਰ ਆਹਮੋ-ਸਾਹਮਣੇ ਸਨ। ਇਨ੍ਹਾਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਆਉਣ ਵਾਲੇ ਦਿਨਾਂ ਵਿੱਚ ਭਾਰਤ ਗਠਜੋੜ ਦੀ ਮੀਟਿੰਗ ਹੋਣ ਜਾ ਰਹੀ ਹੈ। ਜਿਸ ਵਿੱਚ ਇਨ੍ਹਾਂ ਰਾਜਾਂ ਵਿਚ ਹੋਈ ਬੁਰੀ ਹਾਰ ਤੇ ਮੰਥਨ ਕਰਨ ਦੇ ਨਾਲ ਨਾਲ ਭਵਿੱਖ ਦੀ ਰਣਨੀਤੀ ਤੇ ਵੀ ਵਿਚਾਰ ਕੀਤੀ ਜਾਵੇਗੀ। ਜੇਕਰ ਇੰਡੀਆ ਗਠਜੋੜ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਸਾਹਮਣੇ ਮਜ਼ਬੂਤੀ ਨਾਲ ਖੜ੍ਹਾ ਹੋਣਾ ਚਾਹੁੰਦਾ ਹੈ, ਤਾਂ ਇਸ ਦੇ ਸਾਰੇ ਮੈਂਬਰਾਂ ਨੂੰ ਆਪਣੇ ਨਿੱਜੀ ਲਾਭ ਨੂੰ ਛੱਡ ਕੇ ਗਠਜੋੜ ਦੇ ਹਿੱਤਾਂ ਬਾਰੇ ਸੋਚਣਾ ਹੋਵੇਗਾ ਅਤੇ ਗਠਜੋੜ ਅਨੁਸਾਰ ਹੀ ਸਖ਼ਤ ਫੈਸਲੇ ਲੈਣੇ ਪੈਣਗੇ। ਸਾਰੇ ਰਾਜਾਂ ਵਿੱਚ ਉਮੀਦਵਾਰਾਂ ਦੀ ਸਮਿਖਿਆ ਕਰਕੇ ਸਿਰਫ ਰਾਜਾਂ ਵਿਚ ਗਠਜੋੜ ਦੇ ਮੈਂਬਰ ਸਿਰਫ ਆਪਣੇ ਹਿੱਤਾਂ ਵਿੱਚ ਦਿਲਚਸਪੀ ਨੂੰ ਪਾਸੇ ਰੱਖ ਕੇ ਗਠਜੋੜ ਧਰਮ ਅਨੁਸਾਰ ਸੋਚਦੇ ਹਨ, ਤਾਂ ਲੋਕ ਸਭਾ ਚੋਣਾਂ ਵਿਚ ਨਤੀਜੇ ਕੁਝ ਤਸੱਲੀਬਖਸ਼ ਹੋ ਸਕਦੇ ਹਨ। ਇਸ ਲਈ ਗਠਜੋੜ ਨੂੰ ਮਜ਼ਬੂਤ ਕਰਨ ਲਈ ਸਾਰਿਆਂ ਨੂੰ ਕੁਰਬਾਨੀ ਦੀ ਭਾਵਨਾ ਨਾਲ ਇਕ ਦੂਜੇ ਨਾਲ ਕੰਮ ਕਰਨਾ ਹੋਵੇਗਾ ਅਤੇ ਚੋਣਾਂ ਤੋਂ ਪਹਿਲਾਂ ਪੂਰੀ ਰਣਨੀਤੀ ਤਿਆਰ ਕਰਨ ਤੋਂ ਬਾਅਦ ਦੇਸ਼ ਦੇ ਹਰੇਕ ਸੂਬੇ ਪੱਧਰ ਤੇ ਪਾਰਟੀ ਦੀ ਹੈਸੀਅਤ ਅਨੁਸਾਰ ਆਪਣੀਆਂ ਰਾਜਾਂ ਦੀਆਂ ਇਕਾਈਆਂ ਨੂੰ ਸੂਚਿਤ ਕਰਨਾ ਹੋਵੇਗਾ। ਪਾਰਟੀਆਂ ਅਤੇ ਗਠਜੋੜ ਦੇ ਫੈਸਲੇ ਅਨੁਸਾਰ ਸੀਟਾਂ ਦੀ ਵੰਡ ਕਰਕੇ ਚੋਣਾਂ ਲੜਨ ਲਈ ਤਿਆਰ ਕਰਨਾ ਹੋਵੇਗਾ। ਜੇਕਰ ਇੰਡੀਆ ਗਠਜੋੜ ਇਸ ਵਿੱਚ ਕਾਮਯਾਬ ਹੁੰਦਾ ਹੈ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਚੰਗੇ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਸਕਦੀ ਹੈ, ਨਹੀਂ ਤਾਂ ਭਾਰਤੀ ਜਨਤਾ ਪਾਰਟੀ ਦੇ ਵਿਜਈ ਰਥ ਨੂੰ ਇਹ ਇਕੱਲੇ ਇਕੱਲੇ ਲੜ ਕੇ ਰੋਕ ਨਹੀਂ ਸਕਣਗੇ।
ਹਰਵਿੰਦਰ ਸਿੰਘ ਸੱਗੂ।