ਜਗਰਾਉਂ, 3 ਦਸੰਬਰ ( ਬੌਬੀ ਸਹਿਜਲ, ਧਰਮਿੰਦਰ )- ਸੀ.ਆਈ.ਏ ਸਟਾਫ਼ ਅਤੇ ਥਾਣਾ ਸਿੱਧਵਾਂਬੇਟ ਦੀ ਪੁਲਿਸ ਪਾਰਟੀਆਂ ਵੱਲੋਂ 6 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 390 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਥਾਣਾ ਸਿੱਧਵਾਂਬੇਟ ਦੇ ਸਬ-ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਇਲਾਕੇ ’ਚ ਚੈਕਿੰਗ ਲਈ ਮੌਜੂਦ ਸਨ। ਇਸ ਦੌਰਾਨ ਸੂਚਨਾ ਮਿਲੀ ਕਿ ਰਿੰਕੂ ਕੁਮਾਰ ਵਾਸੀ ਪਿੰਡ ਅਲੀਕੇ ਜ਼ਿਲ੍ਹਾ ਫ਼ਿਰੋਜ਼ਪੁਰ, ਮਲਕੀਤ ਸਿੰਘ ਵਾਸੀ ਪਿੰਡ ਕਿਲਚੇ ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਬੂਟਾ ਸਿੰਘ ਵਾਸੀ ਪਿੰਡ ਕਿਲਚੇ ਜ਼ਿਲ੍ਹਾ ਫ਼ਿਰੋਜ਼ਪੁਰ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਜੋ ਕਿ ਆਪਣੇ ਗ੍ਰਾਹਕਾਂ ਨੂੰ ਸਪਲਾਈ ਦੇਣ ਲਈ ਮੋਟਰਸਾਈਕਲ ਹੀਰੋ ਸਪਲੈਂਡਰ ’ਤੇ ਪਿੰਡ ਗਿੱਦੜਵਿੰਡੀ ਦੇ ਰਸਤੇ ਪਿੰਡ ਕਿਸ਼ਨਪੁਰਾ ਸਾਈਡ ਤੋਂ ਸਿੱਧਵਾਂਬੇਟ ਦੇ ਇਲਾਕੇ ਵਿੱਚ ਆ ਰਹੇ ਹਨ। ਇਸ ਸੂਚਨਾ ’ਤੇ ਬੱਸ ਸਟੈਂਡ ਪਿੰਡ ਲੋਧੀਵਾਲ ਕੋਲ ਨਾਕਾਬੰਦੀ ਕਰਕੇ ਮੋਟਰਸਾਈਕਲ ’ਤੇ ਆ ਰਹੇ ਰਿੰਕੂ ਕੁਮਾਰ, ਮਲਕੀਤ ਸਿੰਘ ਅਤੇ ਬੂਟਾ ਸਿੰਘ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 350 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਸੀਆਈਏ ਸਟਾਫ਼ ਦੇ ਏਐਸਆਈ ਲਖਬੀਰ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਤਹਿਸੀਲ ਚੌਕ ਜਗਰਾਉਂ ਵਿਖੇ ਚੈਕਿੰਗ ਲਈ ਮੌਜੂਦ ਸਨ। ਉਥੇ ਸੂਚਨਾ ਮਿਲੀ ਸੀ ਕਿ ਸਾਗਰ ਮਸੀਹ ਉਰਫ ਬਿੱਟੂ ਵਾਸੀ ਨਾਨਕ ਨਗਰ ਮੋਗਾ, ਗੁਰਸੇਵਕ ਸਿੰਘ ਉਰਫ ਸੇਬੀ ਵਾਸੀ ਪਿੰਡ ਪੰਡੋਰੀ ਅਤੇ ਬਲਜਿੰਦਰ ਸਿੰਘ ਉਰਫ ਸੋਨੂੰ ਵਾਸੀ ਬੇਦੀ ਨਗਰ ਮੋਗਾ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਜੋ ਜਗਰਾਓਂ ਇਲਾਕੇ ਵਿੱਚ ਮੋਟਰਸਾਈਕਲ ’ਤੇ ਸਵਾਰ ਹੋ ਕੇ ਟਰੱਕ ਯੂਨੀਅਨ ਦੀ ਪਿਛਲੀ ਕੱਚੀ ਸੜਕ ਰਾਹੀਂ ਸਿੱਧਵਾਂਬੇਟ ਰੋਡ ’ਤੇ ਹੈਰੋਇਨ ਸਪਲਾਈ ਕਰਨ ਲਈ ਜਾ ਰਹੇ ਹਨ। ਇਸ ਸੂਚਨਾ ’ਤੇ ਟਰੱਕ ਯੂਨੀਅਨ ਦੇ ਪਿਛਲੇ ਪਾਸੇ ਕੱਚੀ ਸੜਕ ’ਤੇ ਨਾਕਾਬੰਦੀ ਕਰਕੇ ਤਿੰਨਾਂ ਨੂੰ 40 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਇਨ੍ਹਾਂ ਸਾਰਿਆਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।