ਮੋਰਿੰਡਾ,(ਲਿਕੇਸ਼ ਸ਼ਰਮਾ – ਵਿਕਾਸ ਮਠਾੜੂ) : ਏ.ਡੀ.ਸੀ. (ਜ) ਹਰਜੋਤ ਕੌਰ ਵਲੋਂ ਅੱਜ ਸਕੂਲ ਆਫ ਐਮੀਨੈਂਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਮਕੌਰ ਸਾਹਿਬ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਵਿਖੇ ਦੌਰਾ ਕੀਤਾ ਗਿਆ।ਇਸ ਮੌਕੇ ਏ.ਡੀ.ਸੀ. ਵਲੋਂ ਸਕੂਲਾਂ ਦਾ ਜ਼ਮੀਨੀ ਪੱਧਰ ਉਤੇ ਨਿਰੀਖਣ ਕਰਦੇ ਹੋਏ ਦੱਸਿਆ ਗਿਆ ਕਿ ਸਰਕਾਰ ਵਲੋਂ ਜ਼ਿਲ੍ਹੇ ਦੇ 5 ਸਕੂਲਾਂ ਨੂੰ ਸਕੂਲ ਆਫ ਐਮੀਨੈਂਸ ਬਣਾਉਣ ਦਾ ਫੈਸਲਾ ਲਿਆ ਗਿਆ ਹੈ ਜਿਸ ਦਾ ਮੰਤਵ ਇਨ੍ਹਾਂ ਸਕੂਲਾਂ ਦਾ ਵਿਆਪਕ ਪੱਧਰ ਉਤੇ ਰੂਪਾਂਤਰਨ ਕਰਕੇ ਅਤਿ ਆਧੁਨਿਕ ਬਣਾਉਣਾ ਹੈ ਜਿੱਥੇ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀ ਬਿਹਤਰ ਸਹੂਲਤ ਸਮੇਤ ਸਿੱਖਿਆ ਮਹੁੱਈਆ ਕਰਵਾਈ ਜਾਵੇਗੀ।ਹਰਜੋਤ ਕੌਰ ਨੇ ਦੱਸਿਆ ਕਿ ਸਕੂਲ ਆਫ ਐਮੀਨੈਂਸ ਆਪਣੇ ਆਪ ਵਿਚ ਇੱਕ ਵਿਲੱਖਣ ਸਿੱਖਿਆ ਸੰਸਥਾ ਹੋਵੇਗੀ ਜਿਸ ਵਿਚ ਵਿਦਿਆਰਥੀਆਂ ਨੂੰ ਇਨ੍ਹਾਂ ਵਿਸ਼ੇਸ਼ ਸਕੂਲਾਂ ਵਿਚ ਹੁਨਰ ਵਿਕਾਸ ਸੰਬੰਧੀ ਸਿੱਖਿਆ ਮਹੁੱਈਆ ਕਰਵਾਈ ਜਾਵੇਗੀ। ਜਿਸ ਤਹਿਤ ਵਿਦਿਆਰਥੀਆਂ ਦਾ ਹਰ ਪੱਧਰ ਉੱਤੇ ਮਿਆਰੀ ਸਿੱਖਿਆ ਰਾਹੀਂ ਮਾਰਗ ਦਰਸ਼ਨ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਵਲੋਂ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਵਿਸ਼ਥਾਰਤ ਮੀਟਿੰਗ ਕੀਤੀ ਗਈ ਅਤੇ ਪ੍ਰਿੰਸੀਪਲਾਂ ਕੋਲੋਂ ਸਕੂਲਾਂ ਦੀ ਲੋੜ ਮੁਤਾਬਕ ਡਿਮਾਂਡ ਭੇਜਣ ਲਈ ਵੀ ਕਿਹਾ ਗਿਆ ਤਾਂ ਜੋ ਇਮਾਰਤਾਂ ਅਤੇ ਹੋਰ ਜ਼ਰੂਰੀ ਤਕਨੀਕੀ ਲੋੜਾਂ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਕੋਲੋਂ ਜਲਦ ਪ੍ਰਵਾਨਗੀ ਲਈ ਜਾ ਸਕੇ।ਏ.ਡੀ.ਸੀ. ਨੇ ਕਿਹਾ ਕਿ ਸਕੂਲ ਆਫ ਐਮੀਨੈਂਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਇਨ੍ਹਾਂ ਸਕੂਲਾਂ ਦੀ ਮੁਕੰਮਲ ਦਿੱਖ ਸਮੇਤ ਸਿੱਖਿਆ, ਖੇਡ ਅਤੇ ਹਰ ਖੇਤਰ ਬਦਲ ਜਾਵੇਗਾ ਜੋ ਕਿ ਸੂਬੇ ਦੇ ਨਿੱਜੀ ਸਕੂਲਾਂ ਨੂੰ ਵੀ ਮਾਤ ਦੇਵੇਗਾ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਸਕੂਲ ਆਫ ਐਮੀਨੈਂਸ ਬਣਾਉਣ ਦਾ ਮੁੱਖ ਮੰਤਵ ਪਿੰਡਾਂ ਅਤੇ ਸ਼ਹਿਰਾਂ ਦੇ ਲੋੜਵੰਦ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਕੇ ਦੇਸ਼ ਦਾ ਜ਼ਿੰਮੇਵਾਰ ਨਾਗਰਿਕ ਬਣਾਉਣ ਹੈ ਤਾਂ ਜੋ ਉਹ ਹਰ ਖੇਤਰ ਵਿਚ ਵੱਡੀਆਂ ਮੱਲਾਂ ਮਾਰ ਸਕਣ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਪ੍ਰੇਮ ਕੁਮਾਰ ਮਿੱਤਲ ਅਤੇ ਵਧੀਕ ਜ਼ਿਲ੍ਹਾ ਸਿੱਖਿਆ ਅਫਸਰ ਸੁਰਿੰਦਰਪਾਲ ਸਿੰਘ ਸਮੇਤ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।
