ਲੁਧਿਆਣਾ 14 ਅਪ੍ਰੈਲ (ਭਗਵਾਨ ਭੰਗੂ-ਲਿਕੇਸ਼ ਸ਼ਰਮਾ) : ਮੋਬਾਈਲ ਫੋਨ ਦੀ ਵਰਤੋਂ ਕਰ ਰਹੇ ਕਾਰ ਚਾਲਕ ਨੂੰ ਜਦ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਆਪਣੀ ਕਾਰ ਹੋਰ ਤੇਜ਼ ਕਰ ਲਈ ਤੇ ਟ੍ਰੈਫਿਕ ਮੁਲਾਜ਼ਮ ਨੂੰ ਜ਼ੋਰਦਾਰ ਟੱਕਰ ਮਾਰਨ ਤੋਂ ਬਾਅਦ ਉਸਨੂੰ ਇਕ ਕਿਲੋਮੀਟਰ ਦੂਰ ਤਕ ਲੈ ਗਿਆ। ਬੋਨਟ ‘ਤੇ ਡਿੱਗੇ ਮੁਲਾਜ਼ਮ ਦੇ ਗੰਭੀਰ ਸੱਟਾਂ ਲੱਗੀਆਂ। ਮਾਤਾ ਰਾਣੀ ਚੌਕ ਵਿਚ ਵਾਪਰੀ ਇਸ ਘਟਨਾ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀਆਂ ਸਾਰੀਆਂ ਤਸਵੀਰਾਂ ਆਲੇ-ਦੁਆਲੇ ਲਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈਆਂ। ਇਸ ਮਾਮਲੇ ‘ਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਟ੍ਰੈਫ਼ਿਕ ਮੁਲਾਜ਼ਮ ਦੀ ਸ਼ਿਕਾਇਤ ਉਪਰ ਫ਼ਤਹਿਗੜ੍ਹ ਮੁਹੱਲਾ ਦੇ ਰਹਿਣ ਵਾਲੇ ਮੁਕੁਲ ਮੋਟੂ ਤੇ ਮੋਨੂੰ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।ਹੈੱਡ ਕਾਂਸਟੇਬਲ ਹਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮਾਤਾ ਰਾਣੀ ਚੌਕ ਵਿਖੇ ਟ੍ਰੈਫਿਕ ਡਿਊਟੀ ਦੌਰਾਨ ਦੇਖਿਆ ਕਿ ਹੌਂਡਾ ਕਾਰ (ਪੀਬੀ08ਈਡੀ6007) ਦਾ ਡਰਾਈਵਰ ਗੱਡੀ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰ ਰਿਹਾ ਸੀ। ਕਾਰ ਵਿਚ ਡਰਾਈਵਰ ਤੋਂ ਇਲਾਵਾ ਇਕ ਹੋਰ ਵਿਅਕਤੀ ਵੀ ਸਵਾਰ ਸੀ। ਉਲੰਘਣਾ ਕਰਦੇ ਦੇਖ ਮੁਲਾਜ਼ਮ ਨੇ ਜਿਵੇਂ ਹੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਕਾਰ ਸਵਾਰਾਂ ਨੂੰ ਬਾਹਰ ਆਉਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ ਨੇ ਅਚਾਨਕ ਐਕਸਲਰੇਟਰ ਦਬਾ ਦਿੱਤਾ ਤੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ। ਕਾਰ ਸਵਾਰ ਨੇ ਮੁਲਾਜ਼ਮ ਉੱਪਰ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਪਰ ਚੰਗੀ ਕਿਸਮਤ ਦੇ ਚਲਦਿਆਂ ਉਹ ਬੋਨਟ ਉੱਪਰ ਡਿੱਗ ਪਿਆ।ਮੁਲਾਜ਼ਮ ਨੇ ਦੱਸਿਆ ਕਿ ਕਾਰ ਚਾਲਕ ਜੋ ਉਸਨੂੰ 1 ਕਿਲੋਮੀਟਰ ਤਕ ਲੈ ਗਿਆ ਤੇ ਜਿਸ ਰਾਹੀਂ ਉਸਨੇ ਜ਼ੋਰਦਾਰ ਕੱਟ ਮਾਰਿਆ ਉਸ ਨਾਲ ਮੁਲਾਜ਼ਮ ਹੇਠਾਂ ਡਿੱਗ ਪਿਆ। ਘਟਨਾ ਤੋਂ ਬਾਅਦ ਕਾਰ ਸਵਾਰ ਦੋਵੇਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਫੱਟੜ ਹੋਏ ਮੁਲਾਜ਼ਮ ਨੂੰ ਲਾਗੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ। ਜਾਂਚ ਅਧਿਕਾਰੀ ਏਐਸਆਈ ਦੇਸ ਰਾਜ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਲਜ਼ਮਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਅਤੇ ਆਈਪੀਸੀ ਦੀਆਂ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।