ਰਾਜਸਥਾਨ ’ਚ ਸਰਕਾਰ ਬਦਲਦੇ ਹੀ ਰਾਸ਼ਟਰੀ ਰਾਜਪੂਤ ਕਰਣੀ ਸੇਵਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਨੂੰ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਦੇ ਮਾਮਲੇ ਨਾਲ ਜਿਥੇ ਰਾਜਸਥਾਨ ’ਚ ਬਬਾਲ ਮਚਿਆ ਹੋਇਆ ਹੈ ਉਥੇ ਇਸ ਦੇ ਨਾਲ ਪੰਜਾਬ ਵਿੱਚ ਵੀ ਇਸ ਦੀ ਕਾਫੀ ਚਰਚਾ ਹੋ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਗੋਗਾਮੇੜੀ ਦਾ ਕਤਲ ਬਠਿੰਡਾ ਜੇਲ੍ਹ ਵਿੱਚ ਬੰਦ ਲਾਰੇਂਸ ਬਿਸ਼ਨੋਈ ਦੇ ਸਾਥੀ ਸੰਪਤ ਨਹਿਰਾ ਵੱਲੋਂ ਰਚੀ ਗਈ ਸਾਜ਼ਿਸ਼ ਸੀ ਅਤੇ ਨਹਿਰਾ ਹੀ ਏ. -47 ਰਾਈਫਲ ਉਸ ਦਾ ਕਤਲ ਕਰਨ ਵਾਲੇ ਲੋਕਾਂ ਕੋਲ ਪਹੁੰਚਾਈ ਸੀ। ਇਸ ਵਿੱਚ ਇੱਕ ਵੱਡੀ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਗੋਗਾਮੇੜੀ ਦੇ ਕਤਲ ਸੰਬੰਧੀ ਰਚੀ ਗਈ ਸਾਜ਼ਿਸ਼ ਦਾ ਪਤਾ ਲੱਗਾ ਸੀ। ਜਿਸਦੀ ਸੂਚਨਾ ਬਕਾਇਦਾ ਰਾਜਸਥਾਨ ਪੁਲਿਸ ਨੂੰ ਵੀ ਕਈ ਮਹੀਨੇ ਪਹਿਲਾਂ ਦੇ ਦਿਤੀ ਗਈ ਵਸੀ। ਪਰ ਉਸਦੇ ਬਾਵਜੂਦ ਵੀ ਗੈਂਗਸਟਰ ਗੋਗਾਮੇੜੀ ਨੂੰ ਮਾਰਨ ਵਿੱਚ ਵੀ ਕਾਮਯਾਬ ਰਹ। ਹੁਣ ਵੱਡਾ ਸਵਾਲ ਇਹ ਹੈ ਕਿ ਸ਼ੁਰੂ ਤੋਂ ਹੀ ਵੱਡੇ ਅਪਰਾਧੀ ਅਤੇ ਗੈਂਗਸਟਰ ਜੇਲਾਂ ਵਿੱਚ ਬੈਠ ਕੇ ਬਾਹਰੋਂ ਧਮਕੀ ਭਰੇ ਫੋਨਾਂ ਰਾਹੀਂ ਫਿਰੋਤੀ ਦਾ ਪੈਸਾ ਇਕੱਠਾ ਕਰਦੇ ਹਨ ਅਤੇ ਉਸੇ ਪੈਸੇ ਨਾਲ ਜੇਲਾਂ ਵਿਚ ਬੈਠੇ ਹੀ ਹਥਿਆਰਾਂ ਦੀ ਖਰੀਦ ਕਰਕੇ ਆਪਣੇ ਗਦੁਰਗਿੱਾਂ ਤੱਕ ਪਹੁੰਚਾਉਂਦੇ ਹਨ ਅਤੇ ਉਨ੍ਹਾਂ ਨੂੰ ਵਾਰਦਾਤ ਕਰਨ ਲਈ ਨਿਰਦੇਸ਼ ਅਤੇ ਮਾਰਗਦਰਸ਼ਨ ਵੀ ਦਿੰਦੇ ਹਨ। ਹੈਰਾਨੀਜਨਕ ਗੱਲ ਇਹ ਵੀ ਹੈ ਕਿ ਵੱਡੀ ਘਟਨਾ ਤੋਂ ਬਾਅਦ ਜੇਲ ’ਚ ਬੈਠੇ ਗੈਂਗਸਟਰ ਇਸ ਦੀ ਜ਼ਿੰਮੇਵਾਰੀ ਵੀ ਲੈਂਦੇ ਹਨ। ਸਾਡੀਆਂ ਸਰਕਾਰਾਂ ਅਤੇ ਪੁਲਸ ਪ੍ਰਸ਼ਾਸਨ ਅਜਿਹੇ ਹਾਲਾਤਾਂ ’ਚ ਸੁੱਤਾ ਰਹਿੰਦਾ ਹੈ। ਜੇਲ੍ਹ ਦੇ ਬਾਹਰ ਫਿਰੌਤੀ ਮੰਗਣ , ਧਮਕੀਆਂ ਦੇਣ ਤੇ ਕਤਲ ਕਰਵਾਉਣ ਤੋਂ ਇਲਾਵਾ ਜੇਲਾਂ ਵਿਚ ਸਖਤ ਸਜਾ ਭੁਗਤ ਰਹੇ ਗੈਂਗਸਟਰਾਂ ਦੀਆਂ ਜੇਲਾਂ ਤੋਂ ਹੀ ਇੰਟਰਵਿਊ ਦੀ ਵੀਡੀਓ ਵੀ ਬਾਹਰ ਵਾਇਰਲ ਹੋ ਜਾਂਦੀ ਹੈ ਅਤੇ ਉਸ ਵਿਚ ਵੀ ਜਾਂਚ ਦੇ ਨਾਂ ’ਤੇ ਮਾਮਲੇ ਨੂੰ ਦਬਾ ਦਿੱਤਾ ਜਾਂਦਾ ਹੈ, ਤਾਂ ਕੀ ਸੱਚਮੁੱਚ ਇਹ ਮੰਨਿਆ ਜਾ ਸਕਦਾ ਹੈ ਕਿ ਸਾਡੀਆਂ ਜੇਲਾਂ ਸੁਧਾਰ ਘਰ ਨਹੀਂ ਸਗੋਂ ਅਪਰਾਧੀਆਂ ਦੀ ਪਨਾਹਗਾਹ ਬਣ ਗਈਆਂ ਹਨ। ਜਿੱਥੇ ਵੱਡੇ-ਵੱਡੇ ਅਪਰਾਧੀ ਬੈਠੇ ਹਨ। ਉਨ੍ਹਾਂ ਨੂੰ ਉਥੇ ਹਰ ਤਰ੍ਹਾਂ ਦੀ ਸਹੂਲਤ ਮਿਲਦੀ ਹੈ। ਜੇਲ੍ਹ ’ਚ ਵਾਰ-ਵਾਰ ਛਾਪੇਮਾਰੀ ਦੌਰਾਨ ਮੋਬਾਈਲ ਫ਼ੋਨ ਬਰਾਮਦ ਕੀਤੇ ਜਾਂਦੇ ਹਨ ਅਤੇ ਜੇਲ੍ਹ ’ਚ ਬੈਠੇ ਗੈਂਗਸਟਰਾਂ ਦੇ ਨਾਂਅ ’ਤੇ ਬਾਹਰ ਖੁੱਲ੍ਹੇਆਮ ਫਿਰੌਤੀ ਮੰਗੀ ਜਾਂਦੀ ਹੈ, ਜਿਸ ਬਾਰੇ ਪੁਲਿਸ ਨੂੰ ਪਤਾ ਲੱਗਣ ’ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਬਹੁਤੀ ਵਾਰ ਇਹ ਕਹਿ ਕੇ ਬਚਿਆ ਜਾਂਦਾ ਹੈ ਕਿ ਜੇਕਰ ਤੁਹਾਨੂੰ ਕੋਈ ਧਮਕੀ ਦਿੱਤੀ ਗਈ ਹੈ ਤਾਂ ਅਸੀਂ ਤੁਹਾਨੂੰ ਸਿਰਫ਼ ਸੁਰੱਖਿਆ ਗਾਰਡ ਹੀ ਦੇ ਸਕਦੇ ਹਾਂ, ਉਹ ਲੈ ਲਓ। ਅਜਿਹੀ ਸਥਿਤੀ ਵਿੱਚ ਆਮ ਨਾਗਰਿਕ ਨੂੰ ਇਨ੍ਹਾਂ ਲੋਕਾਂ ਦੇ ਰਹਿਮੋ-ਕਰਮ ’ਤੇ ਛੱਡ ਦਿੱਤਾ ਜਾਂਦਾ ਹੈ। ਜਦੋਂ ਕੋਈ ਵੱਡੀ ਘਟਨਾ ਵਾਪਰਦੀ ਹੈ, ਇਹ ਚਰਚਾ ਸ਼ੁਰੂ ਹੋ ਜਾਂਦੀ ਹੈ, ਕਿਹਾ ਜਾਂਦਾ ਹੈ ਕਿ ਜੇਲ੍ਹ ਵਿੱਚ ਬੈਠੇ ਇਸ ਗੈਂਗਸਟਰ ਨੇ ਆਹ ਵਾਰਦਾਤ ਕਰ ਦਿਤੀ ਹੈ। ਫਿਰ ਵੱਡੇ-ਵੱਡੇ ਬਿਆਨ ਆਉਣੇ ਸ਼ੁਰੂ ਹੋ ਜਾਂਦੇ ਹਨ ਕਿ ਅਸੀਂ ਜੇਲ੍ਹ ਵਿੱਚ ਇਹ ਕਰਾਂਗੇ, ਅਸੀਂ ਉਹ ਕਰਾਂਗੇ। ਪਰ ਕੁਝ ਦਿਨਾਂ ਬਾਅਦ ਸਭ ਕੁਝ ਠੱਪ ਹੋ ਜਾਂਦਾ ਹੈ। ਅੱਜ ਤੱਕ ਸਾਡੀ ਸਰਕਾਰੀ ਜੇਲਾਂ ’ਚ ਬੈਠੇ ਅਪਰਾਧੀਆਂ ਪਾਸ ਪਹੁੰਚਣ ਵਾਲੇ ਮੋਬਾਇਲ ਫੋਨ ਜਾਣ ਤੋਂ ਨਹੀਂ ਸਕੀ। ਜਦੋਂ ਜੇਲ ’ਚ ਛਾਪੇਮਾਰੀ ਕੀਤੀ ਜਾਂਦੀ ਹੈ ਤਾਂ ਉਥੇ ਕਈ ਮੋਬਾਇਲ ਫੋਨ ਬਰਾਮਦ ਹੁੰਦੇ ਹਨ ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਹਰ ਤਰ੍ਹਾਂ ਦਾ ਨਸ਼ਾ ਜੇਲ੍ਹ ਵਿੱਚ ਪਾਇਆ ਜਾਂਦਾ ਹੈ। ਕੀ ਇਸ ਲਈ ਜੇਲ੍ਹ ਪ੍ਰਸ਼ਾਸਨ ਨੂੰ ਜਵਾਬਦੇਹ ਨਹੀਂ ਠਹਿਰਾਇਆ ਜਾਣਾ ਚਾਹੀਦਾ? ਮੋਬਾਈਲ ਫ਼ੋਨ ਅਤੇ ਨਸ਼ੀਲੇ ਪਦਾਰਥ ਉਨ੍ਹਾਂ ਤੱਕ ਕਿਵੇਂ ਪਹੁੰਚਦੇ ਹਨ, ਇਸ ਦੀ ਕੋਈ ਜਾਂਚ ਨਹੀਂ ਹੁੰਦੀ ਹੈ। ਵੱਡੇ ਵੱਡੇ ਅਪਰਾਧੀ ਅਤੇ ਗੈਂਗਸਟਰ ਜੇਲਾਂ ਵਿਚ ਬੈਠ ਕੇ ਆਪਣਾ ਸਾਮਰਾਜ ਚਲਾ ਰਹੇ ਹਨ। ਬਾਹਰ ਬੈਠੇ ਉਨ੍ਹਾਂ ਦੇ ਗੁਰਗੇ ਜੇਲਾਂ ਤੋਂ ਬਾਹਰ ਮੋਟੀਆਂ ਰਕਮਾਂ ਕਮਾਉਂਦੇ ਹਨ ਅਤੇ ਉਹਨਾਂ ਦੇ ਦੱਸੇ ਹੁਕਮਾਂ ’ਤੇ ਜੇਲ ਦੇ ਬਾਹਰ ਕਤਲੇਆਮ ਵੀ ਕਰਦੇ ਹਨ। ਇਸ ਲਈ ਜੇਲ ’ਚ ਬੰਦ ਅਪਰਾਧੀ ਲਈ ਜੇਲ ਦੀ ਅਸਲ ਮਹੱਤਤਾ ਬਾਰੇ ਗੰਭੀਰਤਾ ਨਾਲ ਸਰਕਾਰ ਨੂੰ ਸੋਚਣਾ ਚਾਹੀਦਾ। ਜੇਲਾਂ ਬਨਾਉਣ ਅਤੇ ਸਜਾ ਦੇਣ ਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਕੋਈ ਅਪਰਾਧੀ ਸਰਜਾ ਲਈ ਜੇਲ ਜਾਵੇ ਤਾਂ ਉਥੋਂ ਬਾਹਰ ਆ ਕੇ ਕੰਨਾਂ ਨੂੰ ਹਥ ਲਗਾਵੇ ਕਿ ਉਹ ਮੁੜ ਜੇਲ ਨਹੀਂ ਜਾਣਾ ਚਾਬੁੰਦਾ। ਪਰ ਇੱਥੇ ਤਾਂ ਗੱਲ ਉਲਟ ਹੋ ਰਹੀ ਹੈ ਜਦੋਂ ਕੋਈ ਛੋਟਾ ਅਪਰਾਧੀ ਜੇਲ ਅੰਦਰ ਰਹਿ ਕਾ ਬਾਹਰ ਆਉਂਦਾ ਹੈ ਤਾਂ ਉੱਥੋਂ ਟਰੇਨਿੰਗ ਲੈ ਕੇ ਅਤੇ ਵੱਡੇ ਅਪਰਾਧੀ ਬਣ ਕੇ ਬਾਹਰ ਆਉਂਦਾ ਹੈ। ਇਸ ਲਈ ਜੇਕਰ ਇਹ ਵੀ ਲਿਆ ਜਾਵੇ ਕਿ ਜੇਲਾਂ ਹੁਣ ਸੁਧਾਰ ਘਰ ਨਹੀਂ ਸਗੋਂ ਟਰੇਨਿੰਗ ਘਰ ਬਣ ਚੁੱਕੀਆਂ ਹਨ। ਜਿੰਨ੍ਹਾਂ ਸਮਾਂ ਅਪਰਾਧੀ ਨੂੰ ਜੇਲ ਦਾ ਮਬਤੱਵ ਪਤਾ ਨਹੀਂ ਲੱਗਦਾ ਅਤੇ ਜੇਲਾਂ ਵਿਚ ਬੈਠੇ ਵੱਡੇ ਅਪਰਾਧੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਬੰਦ ਨਹੀਂ ਹੁੰਦੀਆਂ ਅਤੇ ਉਨ੍ਹੰ ਦਾ ਜੇਲ ਅਤੇ ਬਾਹਰ ਦਾ ਆਪਸੀ ਨੈਟਵਰਕ ਪੂਰੀ ਤਰ੍ਹਾਂ ਨਾਲ ਬੰਦ ਨਹੀਂ ਹੋਵੇਗਾ ਉਨ੍ਹਾਂ ਸਮਾਂ ਜੇਲਾਂ ਵਿਚ ਬੈਠੇ ਵਅਪਰਾਧਈਆਂ ਦਾ ਸਾਮਰਾਜ ਖਤਮ ਨਹੀਂ ਹੋਵੇਗਾ ਅਤੇ ਨਾ ਹੀ ਜੇਲਾਂ ਵਿਚੋਂ ਬਾਹਰ ਕਤਲ ਅਤੇ ਹੋਰ ਸੰਗੀਨ ਵਾਰਦਾਤਾਂ ਨੂੰ ਰੋਕਿਆ ਜਾ ਸਕੇਗਾ। ਉਸ ਲਈ ਜੇਲਾਂ ਨੂੰ ਟ੍ਰੇਨਿੰਗ ਘਰ ਦੀ ਥਾਂ ਤੇ ਮੁੜ ਸੁਧਾਰ ਘਰ ਦੇ ਵਜੋਂ ਸਥਾਪਿਤ ਕੀਤਾ ਜਾਵੇ।
ਹਰਵਿੰਦਰ ਸਿੰਘ ਸੱਗੂ।