Home Political ਪੰਜਾਬ ’ਚ ਨਸ਼ਾ ਤਸਕਰੀ ਅਤੇ ਗੈਂਗਸਟਰਵਾਦ ਖਿਲਾਫ ਕਾਂਗਰਸ ਦਾ ਰੋਸ ਪ੍ਰਦਰਸ਼ਨ 13...

ਪੰਜਾਬ ’ਚ ਨਸ਼ਾ ਤਸਕਰੀ ਅਤੇ ਗੈਂਗਸਟਰਵਾਦ ਖਿਲਾਫ ਕਾਂਗਰਸ ਦਾ ਰੋਸ ਪ੍ਰਦਰਸ਼ਨ 13 ਨੂੰ ਜਗਰਾਓਂ

49
0


ਪੰਜ ਹਲਕਿਆਂ ਦੇ ਰਾਜ ਪੱਧਰੀ ਪ੍ਰਦਰਸ਼ਨ ਲਈ ਲਾਮਬੰਦੀ
ਜਗਰਾਓਂ, 7 ਦਸੰਬਰ ( ਰੋਹਿਤ ਗੋਇਲ, ਲਿਕੇਸ਼ ਸ਼ਰਮਾਂ )-ਪੰਜਾਬ ਵਿੱਚ ਨਸ਼ਿਆਂ ਦੀ ਤਸਕਰੀ ਅਤੇ ਗੈਂਗਵਾਰ ਨੂੰ ਠੱਲ੍ਹ ਪਾਉਣ ਵਿੱਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਈ ਪੰਜਾਬ ਦੀ ’ਆਪ’ ਸਰਕਾਰ ਵਿਰੁੱਧ ਪੰਜਾਬ ਕਾਂਗਰਸ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਪੰਜ ਵਿਧਾਨ ਸਭਾ ਹਲਕਿਆਂ ਵਿੱਚ ਕੀਤੇ ਜਾਣ ਵਾਲੇ ਰੋਸ ਧਰਨੇ ਦੇਣ ਦੀ ਲੜੀ ਤਹਿਤ 13 ਦਸੰਬਰ ਨੂੰ ਜਗਰਾਓਂ ਵਿਖੇ ਕਾਂਗਰਸ ਪਾਰਟੀ ਦਾ ਵਿਸ਼ਾਲ ਧਰਨਾ ਪ੍ਰਦਰਸ਼ਨ ਹੋਵੇਗਾ। ਜਿਸ ਵਿਚ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸ਼ਿਰਕਤ ਕਰੇਗੀ। ਇਸ ਦੀ ਤਿਆਰੀ ਲਈ ਇਨ੍ਹਾਂ ਪੰਜ ਸਰਕਲਾਂ ਦੇ ਕਾਂਗਰਸੀ ਨੁਮਾਇੰਦਿਆਂ ਦੀ ਇੱਕ ਸਾਂਝੀ ਮੀਟਿੰਗ ਬਲਾਕ ਕਾਂਗਰਸ ਜਗਰਾਉਂ ਦਿਹਾਤੀ ਦੇ ਪ੍ਰਧਾਨ ਨਵਦੀਪ ਸਿੰਘ ਗਰੇਵਾਲ ਦੀ ਅਗਵਾਈ ਹੇਠ ਸਥਾਨਕ ਨਵੀਂ ਦਾਣਾ ਮੰਡੀ ਵਿੱਚ ਹੋਈ। ਪਾਰਟੀ ਵਰਕਰਾਂ ਦੀ ਲਾਮਬੰਦੀ ਲਈ ਰੱਖੀ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਨੇ ਦੱਸਿਆ ਕਿ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਸੀਨੀਅਰ ਕਾਂਗਰਸੀ ਆਗੂ ਇਸ ਪ੍ਰਦਰਸ਼ਨ ਵਿੱਚ ਆਗੂ ਹਿੱਸਾ ਲੈਣਗੇ। ਇਸ ਦੌਰਾਨ ਸੂਬਾ ਸਰਕਾਰ ਦੀਆਂ ਨਾਕਾਮੀਆਂ ਦਾ ਪਰਦਾਫਾਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਾਅਦੇ ਅਤੇ ਦਾਅਵੇ ਨਾਲ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਸੀ, ਉਹ ਅੱਜ ਵੀ ਹਵਾ ਵਿੱਚ ਲਟਕ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ’ਤੇ ਪਹਿਲਾਂ ਵਰਗੀਆਂ ਗੱਲਾਂ ਦੁਹਰਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਅਮਨ ਕਾਨੂੰਨ ਦੀ ਹਾਲਤ ਬੁਰੀ ਤਰ੍ਹਾਂ ਨਾਲ ਚਰਮਰਾ ਚੁੱਕੀ ਹੈ। ਨਸ਼ਿਆਂ ਸਬੰਧੀ ਆਈਆਂ ਰਿਪੋਰਟਾਂ ਵੀ ਚਿੰਤਾਜਨਕ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਇਸ ਮਾਮਲੇ ਵਿਚ ਮੋਹਰੀ ਸੂਬਾ ਬਣ ਗਿਆ ਹੈ। ਇਸੇ ਤਰ੍ਹਾਂ ਆਰਥਿਕ ਪੱਖੋਂ ਵੀ ਸੂਬਾ ਕਮਜ਼ੋਰ ਹੋ ਗਿਆ ਹੈ, ਜਦੋਂ ਕਿ ਸਰਕਾਰ ਨੇ ਆਪਣਾ ਕੰਮਕਾਜ ਚਲਾਉਣ ਲਈ 941 ਕਰੋੜ ਰੁਪਏ ਦਾ ਕਰਜ਼ਾ ਲਿਆ ਹੋਇਆ ਹੈ। ਰੇਤ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਅਤੇ ਸਾਰੇ ਦਾਅਵਿਆਂ ਦੇ ਉਲਟ ਗੈਰ-ਕਾਨੂੰਨੀ ਮਾਈਨਿੰਗ ਜ਼ੋਰਾਂ ’ਤੇ ਹੈ। ਹਲਕਾ ਇੰਚਾਰਜ ਜਗਤਾਰ ਸਿੰਘ ਜੱਗਾ ਹਿੱਸੋਵਾਲ, ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਰਾਏਕੋਟ ਤੋਂ ਕਾਮਲ ਅਮਰ ਸਿੰਘ, ਸਾਹਨੇਵਾਲ ਤੋਂ ਬਿਕਰਮ ਸਿੰਘ ਬਾਜਵਾ ਨੇ ਵੀ ਸੂਬਾ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਗਰਾਉਂ, ਰਾਏਕੋਟ, ਦਾਖਾ, ਸਾਹਨੇਵਾਲ ਅਤੇ ਗਿੱਲ ਵਿਧਾਨ ਸਭਾ ਹਲਕਿਆਂ ਤੋਂ ਕਾਂਗਰਸੀ ਵਰਕਰ ਅਤੇ ਆਮ ਲੋਕ ਵੱਡੀ ਗਿਣਤੀ ਵਿਚ ਇਸ ਧਰਨੇ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ, ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਜਗਜੀਤ ਸਿੰਘ ਕਾਉਂਕੇ, ਸਤਿੰਦਰਜੀਤ ਤਤਲਾ, ਕਾਮਰੇਡ ਰਵਿੰਦਰਪਾਲ ਸਿੰਘ ਰਾਜੂ, ਨਰੇਸ਼ ਘੈਂਟ, ਸਰਪੰਚ ਗੁਰਸਿਮਰਨ ਸਿੰਘ ਰਸੂਲਪੁਰ, ਨਵਦੀਪ ਗਰੇਵਾਲ, ਕੁਲਵੰਤ ਸਿੰਘ ਡਾਂਗੀਆਂ, ਸਵਰਨ ਸਿੰਘ ਭੁੱਲਰ ਆਦਿ ਨੇ ਸ਼ਮੂਲੀਅਤ ਕੀਤੀ।

LEAVE A REPLY

Please enter your comment!
Please enter your name here