ਅੰਮ੍ਰਿਤਸਰ , 24 ਦਸੰਬਰ (ਭਗਵਾਨ ਭੰਗੂ – ਲਿਕੇਸ਼ ਸ਼ਰਮਾ) : ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਮੀਡੀਆ ਵਿੱਚ ਇੱਕ ਬਿਆਨ ਜਾਰੀ ਕਰਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਕਿ 30 ਦਸੰਬਰ ਨੂੰ ਗੁਰੂਨਗਰੀ ਅੰਮ੍ਰਿਤਸਰ ਅਤੇ ਦਿੱਲੀ ਦਰਮਿਆਨ ਵੰਦੇ ਭਾਰਤ ਰੇਲ ਗੱਡੀ ਸ਼ੁਰੂ ਕੀਤੀ ਜਾਵੇਗੀ।ਇਸ ਦੇ ਲਈ ਉਨ੍ਹਾਂ ਸਮੂਹ ਅੰਮ੍ਰਿਤਸਰ ਸ਼ਹਿਰ ਵਾਸੀਆਂ ਦੀ ਤਰਫੋਂ ਮੋਦੀ ਸਰਕਾਰ ਅਤੇ ਰੇਲਵੇ ਮੰਤਰਾਲੇ ਦਾ ਧੰਨਵਾਦ ਕੀਤਾ।ਚੁੱਘ ਨੇ ਕਿਹਾ ਕਿ ਭਾਰਤ ਵਿਚ ਬਣੀ ਅਤਿ-ਆਧੁਨਿਕ ਵੰਦੇ ਭਾਰਤ ਰੇਲਗੱਡੀ ਦੇ ਚੱਲਣ ਨਾਲ ਅੰਮ੍ਰਿਤਸਰ ਅਤੇ ਦਿੱਲੀ ਵਿਚਕਾਰ ਆਵਾਜਾਈ ਵਿਚ ਹੋਰ ਆਸਾਨੀ ਹੋਵੇਗੀ ਅਤੇ ਯਾਤਰੀਆਂ ਨੂੰ ਅਤਿ-ਆਧੁਨਿਕ ਸਹੂਲਤਾਂ ਵੀ ਮਿਲਣਗੀਆਂ।ਅੰਮ੍ਰਿਤਸਰ ਤੋਂ ਦਿੱਲੀ ਵਾਇਆ ਜਲੰਧਰ ਅਤੇ ਲੁਧਿਆਣਾ ਵਿਚਕਾਰ 450 ਕਿਲੋਮੀਟਰ ਦਾ ਸਫਰ ਸਿਰਫ 5 ਘੰਟਿਆਂ ਵਿੱਚ ਪੂਰਾ ਕੀਤਾ ਜਾਵੇਗਾ।ਚੁੱਘ ਨੇ ਕਿਹਾ ਕਿ ਅੰਮ੍ਰਿਤਸਰ ਲਈ ਟਰਾਂਸਪੋਰਟ ਸੰਪਰਕ ਵਧਣ ਨਾਲ ਦੇਸ਼ ਭਰ ਤੋਂ ਆਉਣ ਵਾਲੇ ਯਾਤਰੀਆਂ ਨੂੰ ਸ੍ਰੀ ਹਰਮਿੰਦਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਤੀਰਥ, ਸ੍ਰੀ ਰਾਮ ਤੀਰਥ, ਅਟਾਰੀ ਬਾਰਡਰ ਸਮੇਤ ਜਲ੍ਹਿਆਂਵਾਲਾ ਬਾਗ ਅਤੇ ਹੋਰ ਕਈ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਦਿੱਲੀ ਨਾਲ ਸੈਰ-ਸਪਾਟੇ ਸਮੇਤ ਆਰਥਿਕ ਅਤੇ ਭੌਤਿਕ ਸੰਪਰਕ ਹੋਰ ਵਧੇਗਾ, ਇਸ ਨਾਲ ਆਰਥਿਕਤਾ ਨੂੰ ਵੀ ਹੁਲਾਰਾ ਮਿਲੇਗਾ।ਚੁੱਘ ਨੇ ਕਿਹਾ ਕਿ ਕੇਂਦਰ ਸਰਕਾਰ ਅੰਮ੍ਰਿਤਸਰ ਸਮੇਤ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਬਹੁਤ ਸਾਰੀਆਂ ਸਕੀਮਾਂ ਅਤੇ ਭਲਾਈ ਦੇ ਕੰਮ ਕਰ ਰਹੀ ਹੈ।ਰੇਲਵੇ ਮੰਤਰਾਲੇ ਵੱਲੋਂ ਅੰਮ੍ਰਿਤਸਰ ਸਣੇ ਪੰਜਾਬ ਦੇ 22 ਰੇਲਵੇ ਸਟੇਸ਼ਨਾਂ ਦੀ 1100 ਕਰੋੜ ਦੀ ਰਾਸ਼ੀ ਨਾਲ ਵਿਕਾਸ ਦੀ ਸ਼ੁਰੂਆਤ ਕੀਤੀ ਹੈ। ਜਿਸ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ।