ਸਿਰਫ਼ ਰਿਟਾਇਰਡ ਪਟਵਾਰੀ/ਕਾਨੂੰਗੋਆਂ ਰਾਹੀਂ ਭਰੀਆਂ ਜਾਣਗੀਆਂ ਇਹ ਆਸਾਮੀਆਂ-ਡਿਪਟੀ ਕਮਿਸ਼ਨਰ
ਮੋਗਾ, 18 ਨਵੰਬਰ: ( ਕੁਲਵਿੰਦਰ ਸਿੰਘ) -ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਮਾਲ ਤੇ ਪੁਨਰਵਾਸ ਵਿਭਾਗ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਮੋਗਾ ਵਿੱਚ ਪਟਵਾਰੀਆਂ ਦੀਆਂ ਖਾਲੀ ਪਈਆਂ ਆਸਾਮੀਆਂ ਰਿਟਾਇਰਡ ਪਟਵਾਰੀਆਂ/ਕਾਨੂੰਗੋਆਂ ਰਾਹੀਂ ਭਰੀਆਂ ਜਾਣੀਆਂ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਆਸਾਮੀਆਂ ਨੂੰ 31/7/2023 ਤੱਕ ਜਾਂ ਇਨ੍ਹਾਂ ਅਸਾਮੀਆਂ ‘ਤੇ ਰੇਗੂਲਰ ਭਰਤੀ ਹੋਣ ਤੱਕ, ਜ਼ੋ ਵੀ ਪਹਿਲਾਂ ਵਾਪਰੇ, ਠੇਕੇ ਦੇ ਆਧਾਰ ‘ਤੇ ਭਰਿਆ ਜਾਣਾ ਹੈ। ਇਨ੍ਹਾਂ ਆਸਾਮੀਆਂ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਪੱਤਰ ਵਿੱਚ ਦਰਜ ਸ਼ਰਤਾਂ ਦੇ ਆਧਾਰ ਤੇ ਹੀ ਭਰਿਆ ਜਾਣਾ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਆਸਾਮੀਆਂ ਉੱਪਰ ਕੰਮ ਕਰਨ ਦੇ ਚਾਹਵਾਨ ਰਿਟਾਇਰਡ ਪਟਵਾਰੀ ਅਤੇ ਕਾਨੂੰਗੋ ਆਪਣੀਆਂ ਦਰਖਾਸਤਾਂ ਮਿਤੀ 25 ਨਵੰਬਰ, 2022 ਸ਼ਾਮ 5 ਵਜੇ ਤੱਕ ਜ਼ਿਲ੍ਹਾ ਮੋਗਾ ਦੀ ਸਦਰ ਕਾਨੂੰਗੋ ਸ਼ਾਖਾ, ਪਹਿਲੀ ਮੰਜ਼ਿਲ, ਬਲਾਕ-ਏ, ਕਮਰਾ ਨੰਬਰ 109, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਵਿਖੇ ਜਮ੍ਹਾਂ ਕਰਵਾ ਸਕਦੇ ਹਨ।ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿ ਠੇਕੇ ਦੇ ਆਧਾਰ ਤੇ ਭਰਤੀ ਲਈ ਪਟਵਾਰੀ ਦੀ ਉਮਰ ਹੱਦ 65 ਸਾਲ ਤੋਂ ਵਧਾਕੇ 67 ਸਾਲ ਕਰ ਦਿੱਤੀ ਗਈ ਹੈ। ਭਰਤੀ ਹੋਣ ਵਾਲੇ ਪਟਵਾਰੀ ਦੀ ਤਨਖਾਹ 25000 ਤੋਂ ਰੁਪਏ ਤੋਂ ਵਧਾ ਕੇ 35000 ਰੁਪਏ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਭਰਤੀ ਲਈ ਅਰਜੀ ਦੇਣ ਵਾਲੇ ਰਿਟਾਰਿਡ ਪਟਵਾਰੀ/ਕਾਨੂੰਗੋ ਵਿਰੁੱਧ ਕੋਈ ਵੀ ਅਪਰਾਧਿਕ ਕੇਸ ਜਾਂ ਵਿਭਾਗੀ ਪੜਤਾਲ ਪੈਡਿੰਗ ਨਾ ਹੋਵੇ ਅਤੇ ਉਸਦਾ ਸੇਵਾ ਰਿਕਾਰਡ ਸਾਫ਼ ਸੁਥਰਾ ਹੋਵੇ।