ਹਾਲ ਹੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪਣੇ ਸ਼ਾਸਨ ਦੌਰਾਨ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਸੰਬੰਧੀ ਇਨਸਾਫ ਨਾ ਦੇ ਸਕਣ ਸਮੇਤ ਕਈ ਹੋਰ ਹੋਈਆਂ ਗਲਤੀਆਂ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਮਾਫੀ ਮੰਗੀ ਅਤੇ ਇਸਦੇ ਨਾਲ ਹੀ ਕਿਸੇ ਵੀ ਕਾਰਨ ਨਾਪਾਜ ਹੋ ਕੇ ਪਾਸੇ ਹੋ ਗਏ ਪਾਰਟੀ ਦੇ ਨੇਤਾਵਾਂ ਨੂੰ ਮੁੜ ਪਾਰਟੀ ਵਿਚ ਵਾਪਿਸ ਪਰਤ ਆਉਣ ਦੀ ਬੇਨਤੀ ਵੀ ਕੀਤੀ। ਭਾਵੇਂ ਕਿ ਸੁਖਬੀਰ ਬਾਦਲ ਵਲੋਂ ਮੰਗੀ ਗਈ ਇਸ ਮਾਫੀ ਤੇ ਕਈ ਤਰ੍ਹਾਂ ਦਾ ਕਿੰਤੂ ਪ੍ਰੰਤੂ ਹੋਇਆ ਅਤੇ ਇਹ ਵੀ ਕਿਹਾ ਗਿਆ ਕਿ ਜੇਕਰ ਗਲਤੀਆਂ ਦੀ ਮਾਫੀ ਮੰਗਣੀ ਹੁੰਦੀ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਸਿੰਘ ਸਹਿਬਾਨ ਪਾਸ ਅਰਜੋਈ ਕਰਦੇ ਅਤੇ ਉਸ ਅਰਜੋਈ ਤੇ ਪੰਜੇ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਵਿਚਾਰ ਕਰਦੇ ਅਤੇ ਗਲਤੀ ਅਨੁਸਾਰ ਸੁਖਬੀਰ ਬਾਦਲਨੂੰ ਤਨਖਾਹ ਲਗਾਈ ਜਾਂਦੀ। ਜਿਸ ਤਰ੍ਹਾਂ ਅਪ੍ਰੇਸ਼ਨ ਬਲੈਕ ਥੰਡਰ ਤੋ ਬਾਅਦ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੋਲੰ ਤਨਖਾਹੀਆ ਕਰਾਰ ਦਿਤਾ ਗਿਆ ਅਤੇ ਉਨ੍ਹਾਂ ਗਲ ਵਿਚ ਤਖਤੀ ਪਾ ਕੇ ਸਜਾ ਸਵਿਕਾਰ ਕੀਤੀ ਅਤੇ ਭੁਗਤ ਕੇ ਅਪਣੀ ਗਲਤੀ ਦਾ ਪਸ਼ਚਾਤਾਪ ਕੀਤਾ। ਪਰ ਇਥੇ ਅਜਿਹਾ ਕੁਝ ਵੀ ਨਹੀਂ ਹੋਇਆ। ਹਮੇਸ਼ਾ ਵਾਂਗ ਖੁਦ ਨੂੰ ਸੁਪਰੀਮੋ ਸਮਝਣ ਵਾਲੇ ਬਾਦਲ ਪਰਿਵਾਰ ਵਲੋਂ ਇਕ ਵਾਰ ਫਿਰ ਸਿੱਧੇ ਤੌਰ ਤੇ ਹੀ ਮਾਫੀ ਮੰਗਣ ਦਾ ਕੰਮ ਕਰ ਦਿਤਾ। ਖੁਦ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਮਾਈਕ ’ਤੇ ਖੜ੍ਹੇ ਹੋ ਕੇ ਮੁਆਫੀ ਮੰਗੀ ਅਤੇ ਮੀਡੀਆ ’ਤੇ ਇਸ ਦਾ ਪ੍ਰਚਾਰ ਵੀ ਕੀਤਾ ਗਿਆ। ਇਸ ਮੁਆਫੀ ਤੇ ਨਾ ਤਾਂ ਕਿਸੇ ਸਿੰਘ ਸਾਹਿਬ ਨੇ ਕਿੰਤੂ ਪ੍ਰਾਂਥਊ ਕੀਤਾ ਅਤੇ ਨਾ ਹੀ ਦਮਦਮੀ ਟਕਸਾਲ ਜਾਂ ਹੋਰ ਧਾਰਮਿਕ ਜਥੇਬੰਦੀਆਂ ਵਲੋਂ ਇਸ ਮਾਫੀ ਨਾਮੇ ਤੇ ਕੋਈ ਕਿੰਤੂ ਪ੍ਰੰਤੂ ਕਰਨ ਦੀ ਜਰੂਰਤ ਸਮਝੀ। ਜੇਕਰ ਇਸੇ ਤਰ੍ਹਾਂ ਹੀ ਕਰਨਾ ਸੀ ਤਾਂ ਉਹ ਕਿਸੇ ਸਿਆਸੀ ਮੰਚ ਤੋਂ ਵੀ ਮਾਫੀ ਇਸ ਤਰਾਂ ਮੰਗ ਸਕਦੇ ਸਨ। ਪਰ ਇਸ ਮੁਆਫੀਨਾਮੇ ਦਾ ਸਾਰਥਿਕ ਨਤੀਜਾ ਇਹ ਨਿਕਲਿਆ ਕਿ ਸੰਯੁਕਤ ਅਕਾਲੀ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਤੁਰੱਤ ਸੁਖਬੀਰ ਦੇ ਮਾਫੀਨਾਮੇ ਦੀ ਸਰਾਹਨਾ ਕੀਤੀ ਅਤੇ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸੁਰ ਮਿਲਾਉਣ ਦੇ ਸੰਕੇਤ ਦੇ ਦਿਤੇ। ਹਾਲਾਂਕਿ ਇਸ ਮੁਫੀਨਾਮੇ ਸੰਬੰਧੀ ਸਭ ਆਪਣੇ ਆਪਣੇ ਹਿਸਾਬ ਨਾਲ ਮੁਲਾਂਕਣ ਕਰ ਰਹੇ ਹਨ। ਕਿਸੇ ਨੇ ਇਸ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵਿਚਕਾਰ ਗਠਜੋੜ ਲਈ ਢੀਂਡਸਾ ਦੇ ਮੋਢਿਆ ਦੀ ਵਰਤੋਂ ਵਜੋਂ ਦੇਖਿਆ ਕਿਉਂਕਿ ਢੀਂਡਸਾ ਇਸ ਸਮੇਂ ਭਾਜਪਾ ਨਾਲ ਗਠਜੋੜ ਵਿਚ ਸ਼ਾਮਲ ਹਨ ਅਤੇ ਕੋਈ ਇਸਨੂੰ ਭਾਜਪਾ ਵਲੋਂ ਸ਼੍ਰੋਮਣੀ ਅਕਾਲੀ ਦਲ ਨਾਲ ਪੰਜਾਬ ਵਿਚ ਗਠਜੋੜ ਕਰਨ ਲਈ ਢੀਂਡਸਾ ਰਾਹੀਂ ਚਾਰਾਜੋਈ ਕਰਨ ਦਾ ਉਪਰਾਲਾ ਕਿਹਾ। ਪਰ ਇਹ ਸਿਆਸੀ ਲੋਕਾਂ ਦਾ ਆਪਸੀ ਸੋਚ ਹੈ ਇਸ ਪਾਸੇ ਅਸੀਂ ਨਹੀਂ ਜਾਣਾ ਚਾਹਾਂਗੇ। ਪਰ ਇੱਥੇ ਵੱਡੀ ਗੱਲ ਜੋ ਸਾਹਮਣੇ ਆਉਂਦੀ ਹੈ ਉਹ ਇਹ ਹੈ ਕਿ ਇਸ ਸਮੇਂ ਸੰਯੁਕਤ ਅਕਾਲੀ ਦਲ ਦਾ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਹੈ, ਅਜਿਹੇ ’ਚ ਜੇਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਵਾਪਸੀ ਕੀਤੀ ਤਾਂ ਉਨ੍ਹਾਂ ਵੱਲੋਂ ਭਾਜਪਾ ਨਾਲ ਗਠਜੋੜ ਕਰਨ ਦੀ ਗੱਲ ਅੱਗੇ ਵਧ ਸਕਦੀ ਹੈ। ਪਰ ਇੱਥੇ ਟਤਸਾਲੀ ਆਗੂ ਫਿਰ ਤੋਂ ਇਸ ਗਠਜੋੜ ਦੇ ਸਾਹਮਣੇ ਖੜੇ ਹੋਣਗੇ। ਕਿਉਂਕਿ ਪਿਛਲੇ ਦਿਨੀਂ ਸੰਸਦ ਵਿੱਚ ਭਾਈ ਬਲਵੰਤ ਸਿੰਘ ਬਾਰੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਉਠਾਏ ਗਏ ਸਵਾਲ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਕਹਿ ਕੇ ਜਵਾਬ ਦਿੱਤਾ ਹੈ ਕਿ ਜਿਸ ਵਿਅਕਤੀ ਨੂੰ ਆਪਣੇ ਕੀਤੇ ਗੁਨਾਹ ਦਾ ਅਹਿਸਾਸ ਨਹੀਂ ਹੈ ਅਤੇ ਖੁਦ ਮਾਫੀ ਨਹੀਂ ਮੰਗ ਰਿਹਾ ਤਾਂ ਉਸਨੂੰ ਮਾਫੀ ਕਿਸ ਗੱਲ ਦੀ ? ਜਿਸਦਾ ਸਿੱਧਾ ਮਤਲਬ ਇਹ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਸਬੰਧ ਵਿੱਚ ਕੇਂਦਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਾਈ ਗਈ ਅਪੀਲ ਕਿ ਭਾਈ ਰਾਜੋਆਣਾ ਦੀ ਫਾਂਸੀ ਦੀ ਸਜਾ ਨੂੰ ਉਮਰ ਕੈਦ ਵਿਚ ਤਬਦੀਲ ਕਰ ਦਿਤਾ ਜਾਵੇ ਸੰਬੰਧੀ ਰੇਂਦਰ ਸਰਕਾਰ ਉਸ ਅਪੀਲ ਤੇ ਨਰਮੀ ਦਿਖਾਉਣ ਵਾਲੀ ਨਹੀਂ ਅਤੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖ ਸਕਦੀ ਹੈ। ਇਸ ਸਥਿਤੀ ਵਿੱਚ ਜੇਕਰ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਸਮਰਥਨ ਦੇਣ ਜਾਂ ਭਾਜਪਾ ਦਾ ਸਮਰਥਨ ਲੈਣਾਂ ਸ਼ਰੋਮਣੀ ਅਕਾਲੀ ਦਲ ਲਈ ਹੋਰ ਵੱਡੀ ਖੁਦਕਸ਼ੀ ਕਰਨ ਵਾਲਾ ਕਦਮ ਸਾਬਿਤ ਹੋ ਸਕਦਾ ਹੈ। ਜੇਕਰ ਭਾਜਪਾ ਭਾਈ ਬਲਵੰਤ ਸਿੰਘ ਰਾਜੋਆਣਾ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਪੀਲ ਨੂੰ ਰੱਦ ਕਰਦੀ ਹੈ ਤਾਂ ਪੰਜਾਬ ਵਿੱਚ ਬਹੁਤ ਤਿੱਖਾ ਪ੍ਰਤੀਕਰਮ ਹੋਣ ਦੀ ਸੰਭਾਵਨਾ ਹੈ। ਅਜਿਹੇ ਵਿੱਚ ਜੇਕਰ ਕਈ ਅਕਾਲੀ ਦਲ ਢੀਂਡਸਾ ਰਾਹੀਂ ਭਾਜਪਾ ਨਾਲ ਸਮਝੌਤਾ ਕਰ ਲੈਂਦੇ ਹਨ ਤਾਂ ਇਸ ਦੇ ਨਤੀਜੇ ਉਨ੍ਹਾਂ ਨੂੰ ਬਹੁਤ ਮਹਿੰਗੇ ਭੁਗਤਣੇ ਪੈਣਗੇ। ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਪਹਿਲਾਂ ਹੀ ਬਾਦਲ ਦਲ ਹਾਸ਼ੀਏ ਤੇ ਹੈ ਅਤੇ ਇਸ ਇਕ ਹੋਰ ਗਲਤੀ ਨਾਲ ਉਹ ਹਾਸ਼ੀਆ ਵੀ ਮਿਟ ਜਾਵੇਗਾ ਅਤੇ ਪੰਜਾਬ ਵਿਚ ਸ਼ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਵੀ ਖਤਰਾ ਪੈਦਾ ਹੋ ਜਾਵੇਗਾ। ਹੁਣ ਇਹ ਤਾਂ ਸਮਾਂ ਹੀ ਦੱਸੇਗਾ ਕਿ ਭਾਈ ਰਾਜੋਆਣਾ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਢੀਂਡਸਾ ਦਲ ਕੀ ਰੁਖ ਅਖਤਿਆਰ ਕਰਨਗੇ ਅਤੇ ਇਸਤੋਂ ਇਲਾਵਾ ਜੇਕਰ ਢੀਂਡਸਾ ਬਾਦਲ ਦਲ ਵਿਚ ਸ਼ਾਮਲ ਹੁੰਦੇ ਹਨ ਤਾਂ ਸੁਖਬੀਰ ਆਪਣੀ ਪ੍ਰਧਾਨਗੀ ਦਾ ਤਿਆਗ ਕਰ ਸਕਣਗੇ।
ਹਰਵਿੰਦਰ ਸਿੰਘ ਸੱਗੂ ।