ਆਈਜੀ ਕੌਸਤੁਭ ਸ਼ਰਮਾ ਨੇ ਐਸਐਸਪੀ ਨਾਲ ਲਿਆ ਜਾਇਜਾ
ਜਗਰਾਉਂ, 21 ਜਨਵਰੀ ( ਰਾਜੇਸ਼ ਜੈਨ, ਰੋਹਿਤ ਗੋਇਲ )-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਇੰਚਾਰਜ ਐਸ.ਐਸ.ਪੀ ਹਰਜੀਤ ਸਿੰਘ ਦੀਆਂ ਹਦਾਇਤਾਂ ’ਤੇ ਅਪਰਾਧਿਕ ਸੋਚ ਵਾਲੇ ਲੋਕਾਂ ’ਚ ਡਰ ਪੈਦਾ ਕਰਨ ਅਤੇ ਆਮ ਪਬਲਿਕ ਵਿਚ ਸੁਰਖਿਆ ਦੀ ਭਾਵਨਾ ਨੂੰ ਕਾਇਮ ਰੱਖਣ ਲਈ ਸ਼ਨੀਵਾਰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਵਿਸ਼ੇਸ਼ ਸਰਚ ਅਭਿਆਨ ਚਲਾਇਆ ਗਿਆ। ਜਿਸ ਤਹਿਤ ਜ਼ਿਲ੍ਹੇ ਦੇ ਆਈਜੀ ਕੌਸਤਵ ਸ਼ਰਮਾ ਅਤੇ ਐਸ.ਐਸ.ਪੀ ਹਰਜੀਤ ਸਿੰਘ ਨੇ ਖੁਦ ਵੱਖ-ਵੱਖ ਥਾਵਾਂ ’ਤੇ ਜਾ ਕੇ ਤਲਾਸ਼ੀ ਮੁਹਿੰਮ ਦਾ ਜਾਇਜ਼ਾ ਲਿਆ। ਡੀਐਸਪੀ ਸਤਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਇਸ ਵਿਸ਼ੇਸ਼ ਸਰਚ ਅਭਿਆਨ ਤਹਿਤ ਸ਼ਹਿਰ ਦੇ ਰੇਲਵੇ ਸਟੇਸ਼ਨ, ਕੋਰਟ ਕੰਪਲੈਕਸ, ਬੱਸ ਸਟੈਂਡ, ਢਾਬੇ, ਹੋਟਲ, ਸਰਾਵਾਂ ਅਤੇ ਵੱਖ-ਵੱਖ ਝੁੱਗੀਆਂ ਵਿੱਚ ਭਾਰੀ ਪੁਲੀਸ ਫੋਰਸ ਨਾਲ ਚੈਕਿੰਗ ਕੀਤੀ ਗਈ। ਜਿਸ ਵਿੱਚ ਡਾਗ ਸਕੁਐਡ ਅਤੇ ਬੰਬ ਨਿਰੋਧਕ ਦਸਤਾ ਵੀ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਅਜਿਹੀ ਮੁਹਿੰਮ ਨਾਲ ਜਿੱਥੇ ਆਮ ਲੋਕਾਂ ਵਿਚ ਸੁਰਖਿਆ ਦਾ ਭਰੋਸਾ ਬਰਕਾਰ ਰਹਿੰਦਾ ਹੈ ਉਥੇ ਹੀ ਅਪਰਾਧਿਕ ਕਿਸਮ ਦੇ ਲੋਕਾਂ ਵਿੱਚ ਡਰ ਵੀ ਪੈਦਾ ਹੁੰਦਾ ਹੈ। ਇਹ ਮੁਹਿੰਮ 26 ਜਨਵਰੀ ਦੇ ਸਬੰਧ ਵਿੱਚ ਵੀ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਰਚ ਆਪਰੇਸ਼ਨ ਸਮੇਂ-ਸਮੇਂ ’ਤੇ ਕੀਤੇ ਜਾਂਦੇ ਹਨ। ਜੋ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਅੱਜ ਦੇ ਸਰਚ ਅਭਿਆਨ ’ਚ 10 ਦੇ ਕਰੀਬ ਸ਼ੱਕੀ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ’ਤੇ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮੌਕੇ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਇੰਦਰਜੀਤ ਸਿੰਘ, ਬੱਸ ਅੱਡਾ ਪੁਲੀਸ ਚੌਂਕੀ ਦੇ ਇੰਚਾਰਜ ਏ.ਐਸ.ਆਈ ਗੁਰਸੇਵਕ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਹਾਜ਼ਰ ਸਨ।