ਅਮਲੋਹ (ਅਸਵਨੀ) 2010 ਤੋਂ ਕੈਨੇਡਾ ਰਹਿ ਰਹੇ ਪਿੰਡ ਭਰਭੂਰਗੜ੍ਹ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਪਿੰਡ ਭਰਭੂਰਗੜ੍ਹ ਤੋਂ ਪਿਤਾ ਸਵਰਨ ਸਿੰਘ ਤੇ ਮਾਤਾ ਅਮਰਜੀਤ ਕੌਰ ਨੇ ਦੱਸਿਆ ਕਿ ਸੁਖਜਿੰਦਰ ਸਿੰਘ ਗਿੱਲ ਕੈਨੇਡਾ ਦੇ ਐਡਮਿੰਟਨ ਸ਼ਹਿਰ ’ਚ ਰਹਿੰਦਾ ਸੀ ਤੇ ਟਰੱਕ ਚਲਾਉਂਦਾ ਸੀ। ਇਸ ਦੌਰਾਨ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਮੌਕੇ ਟਰੱਕ ਵਿਚ ਧਮਾਕਾ ਹੋਣ ਨਾਲ ਉਸ ਦਾ ਸਰੀਰ ਵੀ ਬੁਰੀ ਤਰ੍ਹਾਂ ਸੜ ਕੇ ਰਾਖ ਬਣ ਗਿਆ ਸੀ। ਜਿਸ ਦੀ ਹਾਦਸੇ ਤੋਂ ਬਾਅਦ ਮ੍ਰਿਤਕ ਦੇਹ ਵੀ ਨਹੀਂ ਮਿਲੀ। ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਸੁਖਜਿੰਦਰ ਸਿੰਘ ਗਿੱਲ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ ਤੇ ਦੋ ਛੋਟੇ ਬੱਚੇ ਛੱਡ ਗਿਆ ਹੈ। ਇਸ ਮੌਕੇ ਡਾ. ਗੁਰਮੇਲ ਸਿੰਘ, ਸਾਬਕਾ ਸਰਪੰਚ ਅਮਰ ਸਿੰਘ ਚੀਮਾ, ਮੰਗਾ ਸਿੰਘ, ਜਗਦੀਸ਼ ਸਿੰਘ, ਸਤਨਾਮ ਸਿੰਘ ਤੇ ਹੋਰ ਵੱਲੋਂ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।