ਜਗਰਾਉਂ ( ਵਿਕਾਸ ਮਠਾੜੂ ) : ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ 40 ਦਿਨਾਂ ਦੀ ਮੁੜ ਪੈਰੋਲ ਮਿਲਣ ਦਾ ਤਕੜਾ ਵਿਰੋਧ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਹਕੀਕਤ ਵਿਚ ਹੀ ਇਸ ਦੇਸ਼ ਵਿਚ ਸਿੱਖਾਂ ਲਈ ਕਾਨੂੰਨ ਵੱਖਰਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਸਿੱਖਾਂ ਨੇ ਚਾਹੇ ਆਜ਼ਾਦ ਕਰਵਾਇਆ ਪਰ ਸਿੱਖਾਂ ਲਈ ਵੱਖਰਾ ਕਾਨੂੰਨ ਉਨ੍ਹਾਂ ਨੂੰ ਤੰਗ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਵੱਡੀ ਸ਼ਰਮਨਾਕ ਗੱਲ ਕੀ ਹੋਵੇਗੀ ਕਿ ਜਬਰ ਜਨਾਹ ਅਤੇ ਕਤਲ ਦੇ ਸਜ਼ਾ ਜ਼ਾਬਤਾ ਰਾਮ ਰਹੀਮ ਨੂੰ ਸਾਲ ਵਿਚ ਚੌਥੀ ਵਾਰ ਪੈਰੋਲ ਦਿੱਤੀ ਜਾ ਰਹੀ ਹੈ ਜਿਸ ਤੋਂ ਸਾਫ਼ ਹੈ ਕਿ ਦੇਸ਼ ਦੀ ਸਰਕਾਰ ਵੋਟ ਬੈਂਕ ਦੀ ਰਾਜਨੀਤੀ ਦੇ ਚੱਲਦਿਆਂ ਦੇਸ਼ ਦੀ ਅਦਾਲਤ ਦਾ ਵੀ ਸਨਮਾਨ ਕਰਨਾ ਭੁੱਲ ਗਈ ਹੈ। ਉਨ੍ਹਾਂ ਕਿਹਾ ਕਿ ਵੋਟ ਬੈਂਕ ਦੀ ਰਾਜਨੀਤੀ ਦੇ ਚੱਲਦਿਆਂ ਬੀਜੇਪੀ ਡੇਰਾ ਮੁਖੀ ਦੇ ਪ੍ਰਭਾਵ ਹੇਠ ਉਸ ਦੇ ਇਸ਼ਾਰਿਆਂ ’ਤੇ ਨੱਚ ਰਹੀ ਹੈ। ਦੂਜੇ ਪਾਸੇ ਬੰਦੀ ਸਿੰਘਾਂ ਦੀ ਗੱਲ ਕਰੀਏ ਤਾਂ 27 ਸਾਲਾਂ ਵਿਚ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸਿਰਫ 1 ਘੰਟੇ ਦੀ ਪੈਰੋਲ ਮਿਲੀ ਉਹ ਵੀ ਆਪਣੇ ਪਿਤਾ ਦੇ ਭੋਗ ਲਈ, ਜਦ ਕਿ ਅੰਤਿਮ ਸੰਸਕਾਰ ਲਈ ਵੀ ਉਨ੍ਹਾਂ ਨੂੰ ਪੈਰੋਲ ਨਹੀਂ ਦਿੱਤੀ ਗਈ। ਦੇਸ਼ ਦੀ ਸਰਕਾਰ ਦੇ ਅਜਿਹੇ ਦੋਹਰੇ ਮਾਪਦੰਡਾਂ ਕਰਕੇ ਅੱਜ ਦੇਸ਼ ਹੀ ਨਹੀਂ ਵਿਦੇਸ਼ਾਂ ਵਿਚ ਬੈਠੇ ਸਿੱਖਾਂ ਦੇ ਮਨਾਂ ਵਿਚ ਡਾਹਢਾ ਰੋਸ ਹੈ। ਦੇਸ਼ ਦੀਆਂ ਜੇਲ੍ਹਾਂ ਵਿਚ ਬੰਦ ਬੰਦੀ ਸਿੰਘਾਂ ਦੀ ਰਿਹਾਈ ’ਤੇ ਸਰਕਾਰ ਵੱਲੋਂ ਸਿੱਖਾਂ ਤੋਂ ਖਤਰੇ ਦੀ ਗੱਲ ਕੀਤੀ ਜਾਂਦੀ ਹੈ ਪਰ ਖਤਰਨਾਕ ਅਪਰਾਧੀ ਨੂੰ ਪੈਰੋਲ ਦਿਵਾਉਣਾ ਸਰਕਾਰ ਆਪਣਾ ਮੁੱਢਲਾ ਫ਼ਰਜ਼ ਸਮਝਦੀ ਹੈ। ਇਹ ਦੇਸ਼ ਨਾਲ ਜਿਥੇ ਵੱਡਾ ਧੋਖਾ ਹੈ, ਉਥੇ ਇਸ ਨਾਲ ਸਮਾਜ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਇਸ ਨੂੰ ਦੇਸ਼ ਦੀ ਏਕਤਾ, ਅਖੰਡਤਾ ’ਤੇ ਹਮਲਾ ਕਰਾਰ ਦਿੱਤਾ ਜਾਵੇ ਤਾਂ ਕੋਈ ਝੂਠ ਨਹੀਂ ਹੋਵੇਗਾ।