ਜਗਰਾਓਂ, 21 ਜਨਵਰੀ ( ਰਾਜਨ ਜੈਨ, ਅਸ਼ਵਨੀ )-ਪੰਜਾਬ ਸਰਕਾਰ ਵੱਲੋਂ ਜਗਰਾਓਂ ਦੀ ਅਨਾਜ ਮੰਡੀ ਵਿੱਚ ਫੜ੍ਹ ਪੱਕੇ ਕਰਨ ਲਈ ਜਾਰੀ ਕੀਤੀ 4 ਕਰੋੜ 17 ਲੱਖ ਰੁਪਏ ਦੀ ਰਾਸ਼ੀ ਨਾਲ ਬਣੇ ਫੜ੍ਹਾਂ ਵਿੱਚ ਭਾਰੀ ਬੇਨਿਯਮੀਆਂ ਹੋਣ ਕਾਰਨ ਅਤੇ ਫਸਲ ਦੀ ਆਮਦ ਦਾ ਸਮਾਂ ਨੇੜੇ ਹੋਣ ਕਾਰਨ ਆੜ੍ਹਤੀਆਂ ਅਤੇ ਮਜ਼ਦੂਰਾਂ, ਕਿਸਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਆੜ੍ਹਤੀ ਐਸੋਸੀਏਸ਼ਨ ਜਗਰਾਓਂ ਦਾ ਵਫ਼ਦ ਪ੍ਰਧਾਨ ਰਾਜ ਕੁਮਾਰ ਭੱਲਾ ਅਤੇ ਸਕੱਤਰ ਪ੍ਰਹਿਲਾਦ ਸਿੰਗਲਾ ਦੀ ਅਗਵਾਈ ਹੇਠ ਸਥਾਨਕ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਮੰਡੀ ’ਚ ਬਣ ਰਹੇ ਫੜ੍ਹ ਦੀਾਆਂ ਬੇਨਿਯਮੀਆਂ ਬਾਰੇ ਜਾਣੂ ਕਰਵਾਇਆ। ਜਿਸ ’ਤੇ ਵਿਧਾਇਕ ਮਾਣੂੰਕੇ ਨੇ ਤੁਰੰਤ ਮੰਡੀ ਬੇਰਡ ਦੇ ਅਧਿਕਾਰੀ ਨਾਲ ਫੋਨ ’ਤੇ ਗੱਲ ਕਰਕੇ ਇਸ ਕੰਮ ਸਬੰਧੀ ਰਿਪੋਰਟ ਮੰਗੀ। ਸਕੱਤਰ ਪ੍ਰਹਿਲਾਦ ਸਿਗਲਾ ਨੇ ਦੱਸਿਆ ਕਿ ਉਨ੍ਹਾਂ ਨੇ ਵਿਧਾਇਕ ਨੂੰ ਮੰਡੀ ਵਿੱਚ ਝੋਨੇ ਦੀ ਫ਼ਸਲ ਦੀ ਆਮਦ ਤੋਂ ਪਹਿਲਾਂ ਅਧੂਰੇ ਫੜ੍ਹ ਦੇ ਨਿਰਮਾਣ ਕਾਰਜ ਨੂੰ ਪੂਰਾ ਕਰਨ ਲਈ ਕਿਹਾ ਹੈ। ਝੋਨੇ ਦਾ ਸੀਜ਼ਨ ਆਉਣ ਕਾਰਨ ਨਵੀਂ ਦਾਣਾ ਮੰਡੀ ਵਿੱਚ ਬਣੇ ਦੋ ਪੁਰਾਣੇ ਸ਼ੈੱਡਾਂ ਦੀ ਮੁਰੰਮਤ ਲਈ ਟੈਂਡਰ ਕੱਢੇ ਗਏ ਸਨ, ਜਿਸ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇ। ਵਿਧਾਇਕ ਮਾਣੂੰਕੇ ਨੇ ਆੜ੍ਹਤੀ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਉਨ੍ਹਾਂ ਦੀਆਂ ਮੰਗਾਂ ਜਲਦੀ ਪੂਰੀਆਂ ਕਰਨ ਦਾ ਭਰੋਸਾ ਦਿੱਤਾ।
