ਕਾਂਗਰਸ ਪਾਰਟੀ ਦੇਸ਼ ਦੀ ਸਭ ਤੋਂ ਪੁਰਾਣੀ ਰਾਜਨੀਤਿਕ ਪਾਰਟੀ ਹੋਣ ਦੇ ਨਾਲ-ਨਾਲ ਦੇਸ਼ ’ਤੇ ਸਭ ਤੋਂ ਜ਼ਿਆਦਾ ਸਮਾਂ ਰਾਜ ਕਰਨ ਵਾਲੀ ਪਾਰਟੀ ਹੈ ਅਤੇ ਜ਼ਿਆਦਾਤਰ ਸੂਬਿਆਂ ’ਚ ਵੀ ਕਾਂਗਰਸ ਨੇ ਸਭ ਤੋਂ ਵਧੇਰੇ ਸਮਾਂ ਰਾਜ ਕੀਤਾ। ੁਇਸ ਸਮੇਂ ਕਾਂਗਰਸ ਪਾਰਟੀ ਸਮੁੱਚੇ ਦੇਸ਼ ਵਿਚ ਹੀ ਬੈਕਫੁੱਟ ਤੇ ਨਜ਼ਰ ਆ ਰਹੀ ਹੈ। ਪੂਰੇ ਦੇਸ਼ ਵਿਚ ਰਾਜ ਦੀ ਥਾਂ ਤੇ ਕੁਝ ਸੂਬਿਆਂ ਤੱਕ ਸੀਮਤ ਹੋ ਕੇ ਰਹਿ ਗਈ ਹੈ। ਕਮਜੋਰ ਕੇਂਦਰੀ ਲੀਡਰਸ਼ਿਪ ਕਾਰਨ ਪਾਰਟੀ ਦੇ ਸਾਰੇ ਦਿੱਗਜ ਆਗੂ ਆਪਣੇ ਆਪ ਨੂੰ ਪਾਰਟੀ ਦਾ ਕਰਤਾ ਧਰਤਾ ਸਮਝਦੇ ਰਹੇ ਅਤੇ ਸਮੇਂ-ਸਮੇਂ ਉਨ੍ਹਾਂ ਵਲੋਂ ਸਿੋਚੇ ਸਮਝੇ ਕੀਤੀ ਗਈ ਬਿਆਨਬਾਜ਼ੀ ਪਾਰਟੀ ਲਈ ਨਮੋਸ਼ੀ ਦਾ ਕਾਰਨ ਬਣਦੀ ਰਹੀ ਹੈ। ਜਿਸ ਕਾਰਨ ਪਾਰਟੀ ਨੂੰ ਸਮੇਂ-ਸਮੇਂ ’ਤੇ ਨੁਕਸਾਨ ਝੱਲਣਾ ਪਿਆ। ਇਸੇ ਗਲਤ ਬਿਆਨਬਾਜੀ ਕਾਰਨ ਪਾਰਟੀ ਵਿਚ ਕਈ ਫਰੰਟ ਇਕ ਦੂਜੇ ਦੇ ਖਿਲਾਫ ਹੀ ਖੜੇ ਹੁੰਦੇ ਰਹੇ ਅਤੇ ਪਾਰਟੀ ਦੇ ਕਈ ਵੱਡੇ ਆਗੂ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਚਲੇ ਗਏ। ਪੰਜਾਬ ਵਿੱਚ ਕਾਂਗਰਸ ਦੀ ਹਾਲਤ ਪਿਛਲੇ 5 ਸਾਲਾਂ ਤੋਂ ਬਹੁਤੀ ਵਧੀਆ ਨਹੀਂ ਹੈ। ਇਥੇ ਦੀ ਲੀਡਰਸ਼ਿਪ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਕਾਰਨ ਵਿਰੋਧੀਆਂ ਦੀਆਂ ਚੁਟਕੀਆਂ ਦਾ ਕਾਰਨ ਬਣੀ ਹੋਈ ਹੈ। ਇਸੇ ਕਾਰਨ ਹੀ ਪਾਰਟੀ ਇਸ ਵਾਰ ਚੋਣ ਪੂਰੀ ਤਰ੍ਹਾਂ ਹਾਰ ਗਈ ਅਤੇ ਪਾਰਟੀ ਦੇ ਵੱਡੇ ਆਗੂ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ। ਹਾਲ ਹੀ ਵਿਚ ਪਾਰਟੀ ਦੇ ਕੇਂਦਰੀ ਆਗੂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਭਾਵੇਂ ਸਮੁੱਚੇ ਪੰਜਾਬ ਅੰਦਰ ਹੀ ਕਾਂਗਰਸ ਪਾਰਟੀ ਇਕ ਵਾਰ ਰਾਹੁਲ ਗਾਂਧੀ ਦੇ ਸਾਹਮਣੇ ਇਕਜੁੱਟ ਦਿਖਾਈ ਦਿੱਤੀ ਪਰ ਦੂਜੇ ਪਾਸੇ ਨੇਤਾਵਾਂ ਦੀ ਬਿਆਨਬਾਜ਼ੀ ਨੇ ਇਕ ਵਾਰ ਫਿਰ ਨਵਾਂ ਸੰਕਟ ਖੜ੍ਹਾ ਕਰ ਦਿੱਤਾ। ਜਿਸ ਵਿਚ ਪਾਰਟੀ ਦੇ ਸੀਨੀਅਰ ਆਗੂ ਅਤੇ ਸਦਨ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਰਾਹੁਲ ਗਾਂਧੀ ਦੀ ਸਟੇਜ ’ਤੇ ਬੋਲਦਿਆਂ ਕਿਹਾ ਕਿ ਇਸ ਵਾਰ ਅਸੀਂ ਸਿਰਫ਼ ਤੁਹਾਨੂੰ ਹੀ ਪ੍ਰਧਾਨ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਾਂ, ਪਹਿਲਾਂ ਵਾਂਗ ਕਿਸੇ ਹੋਰ ਐਰੇ ਗੈਰੇ ਨੂੰ ਬਰਦਾਸ਼ਤ ਨਹੀਂ ਕਰਾਂਗੇ। ਬਾਜਵਾ ਦਾ ਇਹ ਬਿਆਨ ਪਾਰਟੀ ਲਈ ਗਲੇ ਦੀ ਹੱਡੀ ਬਣ ਗਿਆ। ਇਸ ਬਿਆਨ ਨੂੰ ਲੈ ਕੇ ਵਿਰੋਧੀਆਂ ਵੱਲੋਂ ਵਿਅੰਗ ਕੱਸਿਆ ਜਾ ਰਿਹਾ ਹੈ। ਇੱਥੋਂ ਤੱਕ ਕਿ ਕਾਂਗਰਸ ਲੀਡਰਸ਼ਿਪ ਨੂੰ ਵੀ ਇਹ ਬਿਆਨ ਪਸੰਦ ਨਹੀਂ ਆਇਆ ਕਿਉਂਕਿ ਇਸ ਤੋਂ ਪਹਿਲਾਂ ਸੋਨੀਆ ਦੀ ਅਗਵਾਈ ਵਿੱਚ ਦੇਸ਼ ਦੇ ਦੋ ਪ੍ਰਧਾਨ ਮੰਤਰੀ ਚੁਣੇ ਗਏ ਸਨ। ਜਿਨ੍ਹਾਂ ਵਿੱਚੋਂ ਇੱਕ ਪੀ.ਵੀ. ਨਰਸਿਮਹਾ ਰਾਓ ਅਤੇ ਦੂਜੇ ਡਾ: ਮਨਮੋਹਨ ਸਨ। ਪੀ ਵੀ ਨਰਸਿਮਾਂ ਰਾਓ ਦੇਸ਼ ਵਿਚ ਆਰਥਿਕ ਸੁਧਾਰ ਨੂੰ ਲੈ ਕੇ ਵੱਡੇ ਨੇਤਾ ਵਜੋਂ ਦੁਨੀਆਂ ਭਰ ਵਿਚ ਉੱਭਰ ਕੇ ਸਾਹਮਣੇ ਆਏ ਅਤੇ ਡਾ ਮਨਮੋਹਣ ਸਿੰਘ ਗਰੀਬਾਂ ਅਤੇ ਲੋੜਵੰਦਾਂ ਲਈ ਮਸੀਹਾ ਬਣ ਕੇ ਸਾਹਮਣੇ ਆਏ ਅਤੇ ਇਹ ਦੋਵੇਂ ਕਾਂਗਰਸ ਲਈ ਮਾਰਗਦਰਸ਼ਕ ਰਹੇ ਹਨ। ਬਾਜਵਾ ਦੇ ਇਸ ਬਿਆਨ ’ਤੇ ਵਿਰੋਧੀ ਪੁੱਛ ਰਹੇ ਹਨ ਕਿ ਉਹ ਐਰੇ ਗੈਰੇ ਪ੍ਰਧਾਨ ਮੰਤਰੀ ਕੌਣ ਰਹੇ ਹਨ। ਇਹ ਸਪਸ਼੍ਰਟ ਕੀਤਾ ਜਾਵੇ। ਦੂਸਰਾ ਸੰਕਟ ਪੰਜਾਬ ਕਾਂਗਰਸ ਲਈ ਰਾਹੁਲ ਗਾਂਧੀ ਖੁਦ ਪੈਦਾ ਕਰ ਗਏ। ਉਨ੍ਹਾਂ ਇਹ ਇਸ਼ਾਰਾ ਕੀਤਾ ਕਿ ਜੇਲ ਵਿਚ ਨਜ਼ਰਬੰਦ ਨਵਜੋਤ ਸਿੰਘ ਸਿੱਧੂ ਨੂੰ ਰਿਹਾਅ ਹੋਣ ਤੇ ਵੱਡੀ ਜਿੰਮੇਵਾਰੀ ਸੌਂਪੀ ਜਾਵੇਗੀ। ਰਾਹੁਲ ਗਾਂਧੀ ਦਾ ਇਹ ਇਸ਼ਾਰਾ ਸਥਾਨਕ ਕਾਂਗਰਸੀ ਲੀਡਰਸ਼ਿਪ ਨੂੰ ਰਾਸ ਨਹੀਂ ਆ ਰਿਹਾ। ਖਾਸ ਕਰਕੇ ਉਸ ਸਮੇਂ ਜਦੋਂ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ। ਜਿਸ ਕਾਰਨ ਮਨਪ੍ਰੀਤ ਬਾਦਲ ਮਾਮਲੇ ਨੇ ਇਸ ਰਾਹੁਲ ਗਾਂਧੀ ਦੇ ਇਸ ਬਿਆਨ ਤੇ ਅੱਗ ’ਤੇ ਘਿਓ ਦਾ ਕੰਮ ਕੀਤਾ। ਜਿਸ ’ਚ ਪੰਜਾਬ ਦੀ ਕਾਂਗਰਸੀ ਲੀਡਰਸ਼ਿਪ ਨੇ ਸਿੱਧਏ ਤੌਰ ਤੇ ਕਹਿ ਦਿਤਾ ਕਿ ਰਾਂਗਰਸ ਵਿਚ ਹੋਰਨਾਂ ਪਾਰਟੀਆਂ ਤੋਂ ਆਏ ਹੋਏ ਨੇਤਾਵਾਂ ਨੂੰ ਬਹੁਤੀ ਮਹਤੱਤ ਨਾ ਦਿਤੀ ਜਾਵੇ ਬਲਕਿ ਟਕਸਾਲੀ ਕਾਂਗਰਸੀਆਂ ਨੂੰ ਹੀ ਅੱਗੇ ਲਿਆੰਦਾ ਜਾਵੇ। ਉਨ੍ਹਾਂ ਦਾ ਸਿੱਧਾ ਇਸ਼ਾਰਾ ਨਵਜੋਤ ਸਿੰਘ ਸਿੱਧੂ ਹੀ ਸੀ। ਮਨਪ੍ਰੀਤ ਬਾਦਲ ਦੇ ਪਾਰਟੀ ਨੂੰ ਛੱਡਣ ਤੋਂ ਬਾਅਦ ਹੁਣ ਸਥਾਨਕ ਕਾਂਗਰਸ ਲੀਡਰਸ਼ਿਪ ਨਹੀਂ ਕਿ ਨਵਜੋਤ ਸਿੰਘ ਸਿੱਧੂ ਨੂੰ ਰਿਹਾਅ ਹੋਣ ਤੋਂ ਬਾਅਦ ਕੋਈ ਵੱਡਾ ਅਹੁਦਾ ਦਿਤਾ ਜਾਵੇ। ਹੁਣ ਇਥੇ ਫਿਰ ਕਾਂਗਰਸ ਲਈ ਆਉਣ ਵਾਲਾ ਸਮਾਂ ਪੇਚੀਦਾ ਹੋਣ ਵਾਲਾ ਹੈ। ਜੇਕਰ ਕਾਂਗਰਸ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਨੂੰ ਰਿਹਾਅ ਹੋਣ ਤੋਂ ਬਾਅਦ ਕੋਈ ਵੱਡਾ ਅਹੁਦਾ ਦਿੰਦੀ ਹੈ ਤਾਂ ਸਥਾਨਮਕ ਲੀਡਰਸ਼ਿਪ ਬਗਾਵਤ ਤੇ ਉੱਤਰ ਆਏਗੀ ਅਤੇ ਜੇਕਰ ਸਿੱਧੂ ਨੂੰ ਵੱਡੀ ਜਿੰਮੇਵਾਰੀ ਨਾ ਦਿਤੀ ਗਈ ਤਾਂ ਉਹ ਬਗਾਵਤ ਤੇ ਉੱਤਰ ਆਉਣਗੇ। ਅਜਿਹੀ ਸਥਿਤੀ ’ਚ ਸਾਲ 2024 ਵਿੱਚ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦਾ ਮੈਦਾਨ ਵਿੱਚ ਮਜਬੂਤੀ ਨਾਲ ਉਤਰਨਾ ਸੰਭਵ ਨਹੀਂ ਹੋ ਸਕੇਗਾ। ਇਸ ਲਈ ਅਜਿਗੀ ਸਥਿਤੀ ਆਉਣ ਤੋਂ ਪਹਿਲਾਂ ਹੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਅਤੇ ਕਾਂਗਰਸ ਪ੍ਰਧਾਨ ਮੱਲਕਾਰਜੁਨ ਖੜਗੇ ਨੂੰ ਪੰਜਾਬ ਵਿਚ ਕਾਂਗਰਸ ਦੇ ਤੇਜੀ ਨਾਲ ਡਿੱਗ ਰਹੇ ਗ੍ਰਾਫ ਅਤੇ ਪਾਰਟੀ ਵਿਚ ਪੈਦਾ ਹੋਣ ਵਾਲੀ ਸੰਭਾਵਤ ਬਗਾਵਤ ਨੂੰ ਥੰਮਣ ਲਈ ਕਦਮ ਉਠਾਉਣੇ ਚਾਹੀਦੇ ਹਨ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਪਾਰਟੀ ਅੱਜ ਜਿਸ ਮੁਕਾਮ ’ਤੇ ਹੈ ਉਹ ਮੁਕਾਮ ਵੀ ਦੁਬਾਰਾ ਹਾਸਿਲ ਨਹੀਂ ਕਰ ਸਕੇਗੀ।
ਹਰਵਿੰਦਰ ਸਿੰਘ ਸੱਗੂ ।