ਸੂਰਮਿਆਂ ਦੀਆਂ ਵਾਰਾਂ ਸੂਰਮੇ ਹੀ ਲਿਖਦੇ ਨੇ। ਰਾਏ ਅਹਿਮਦ ਖਾਂ ਖਰਲ ਦੀ ਸੂਰਮਗਤੀ ਦੀ ਬਾਤ ਪਾ ਕੇ ਧਰਮ ਸਿੰਘ ਗੋਰਾਇਆ ਜੀ ਨੇ ਸੂਰਮਿਆਂ ਵਾਲਾ ਕਾਰਜ ਕੀਤਾ ਹੈ। ਧਰਤੀ ਦੀ ਮਰਯਾਦਾ ਤੇ ਅਣਖ਼ੀਲੀ ਵਿਰਾਸਤ ਦੀਆਂ ਸੋਨ-ਕਣੀਆਂ ਪਛਾਨਣ, ਲੱਭਣ ਤੇ ਬਣਾ ਸੰਵਾਰ ਕੇ ਪੇਸ਼ ਕਰਨ ਵਿੱਚ ਅਮਰੀਕਾ ਦੇ ਮੈਰੀਲੈਂਡ ਸੂਬੇ ਚ ਵੱਸਦੇ ਮੇਰੇ ਸਨੇਹੀ ਤੇ ਖੋਜੀ ਵਿਦਵਾਨ ਧਰਮ ਸਿੰਘ ਗੋਰਾਇਆ ਦਾ ਕੋਈ ਮੁਕਾਬਲਾ ਨਹੀਂ।
ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਕਲਾਨੌਰ ਨੇੜਲੇ ਪਿੰਡ ਰਸੀਂਹ ਕੇ ਮੀਰਾਂ ਦੇ ਜੰਮਪਲ ਧਰਮ ਸਿੰਘ ਗੋਰਾਇਆ ਨੂੰ ਵੱਡੇ ਵੀਰ ਤੇ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਅਰਥ ਸ਼ਾਸਤਰੀ ਸ੍ਵ. ਡਾ ਨਿਰਮਲ ਆਜ਼ਾਦ ਦੀ ਅਜਿਹੀ ਸੰਗਤ ਤੇ ਗੁੜ੍ਹਤੀ ਮਿਲੀ ਕਿ ਉਸਨੇ ਧਰਤੀ ਦੇ ਗੁਆਚੇ ਨਾਇਕਾਂ ਦੇ ਚਿਹਰਿਆਂ ਤੋਂ ਧੁੰਦ ਤੇ ਧੂੜ ਹਟਾਉਣ ਦਾ ਸ਼ੁਭ ਕਾਰਜ ਆਰੰਭਿਆ।
ਇਹ ਨਾਇਕ ਸਿਰਫ਼ ਸਾਂਝੇ ਪੰਜਾਬ ਦੇ ਹੀ ਨਹੀਂ ਸਗੋਂ ਅੰਤਰ ਰਾਸ਼ਟਰੀ ਪਛਾਣ ਵਾਲੇ “ਚੀ ਗੁਏਰਾ” ਵਰਗੇ ਗੁਰੀਲਾ ਯੁੱਧ ਦੇ ਮੋਢੀ ਸੂਰਮੇ ਵੀ ਹਨ। “ਅਣਖ਼ੀਲਾ ਧਰਤੀ ਪੁੱਤਰ “ਦੁੱਲਾ ਭੱਟੀ ਹੋਵੇ ਜਾਂ “ਰਾਵੀ ਦਾ ਰਾਠ”ਰਾਏ ਅਹਿਮਦ ਖਾਂ ਖ਼ਰਲ, ਜੱਗਾ ਸੂਰਮਾ ਹੋਵੇ ਜਾਂ ਕਾਮਰੇਡ ਤੇਜਾ ਸਿੰਘ ਸੁਤੰਤਰ, ਸਭ ਉਸਨੂੰ ਆਪਣੇ ਘਰ ਦੇ ਹੀ ਜੀਅ ਲੱਗਦੇ ਹਨ।
ਅਮਰੀਕਾ ਵੱਸਣ ਦੇ ਬਾਵਜੂਦ ਉਸ ਨੂੰ ਭਾਰਤ – ਪਾਕਿਸਤਾਨ ਦੀ ਸਰਬ ਸਾਂਝੀ ਇਨਕਲਾਬੀ ਵਿਰਾਸਤ ਦਾ ਕਣ ਕਣ ਸਾਂਭਣ ਯੋਗ ਜਾਪਦਾ ਹੈ। ਰਾਏ ਅਹਿਮਦ ਖ਼ਾਂ ਖਰਲ ਬਾਰੇ
“ਰਾਵੀ ਦਾ ਰਾਠ” ਪੁਸਤਕ ਲਿਖ ਕੇ ਉਸ ਨੇ ਸਾਬਤ ਕਰ ਦਿੱਤਾ ਹੈ ਕਿ ਸਤਰੰਗੀ ਪੀਂਘ ਦੇ ਅੰਬਰ ਚ ਗੁਲੇਲ ਵਾਂਗ ਤਣੇ ਸੱਤ ਰੰਗ ਜੇ ਸਹਿ ਹੋਂਦ ਨਾਲ ਸਾਨੂੰ ਆਪਣੇ ਦਰਸ਼ਨਾਂ ਨਾਲ ਸਰਸ਼ਾਰ ਕਰ ਸਕਦੇ ਹਨ ਤਾਂ ਅਸੀਂ ਕਿਉਂ ਨਹੀਂ ਅਣਖ਼ਾਂ ਮੱਤੀ ਵਿਰਾਸਤੀ ਯਾਤਰਾ ਵਿੱਚ ਸਹਿਯਾਤਰੀ ਬਣ ਸਕਦੇ।
ਧਰਮ ਸਿੰਘ ਗੋਰਾਇਆ ਦੀਆਂ ਦੋ ਪੁਸਤਕਾਂ “ਅਣਖ਼ੀਲਾ ਧਰਤੀ ਪੁੱਤਰ” ਦੁੱਲਾ ਭੱਟੀ ਤੇ “ਰਾਵੀ ਦਾ ਰਾਠ” ਰਾਏ ਅਹਿਮਦ ਖ਼ਾਂ ਖਰਲ ਸਿਰਫ਼ ਗੁਰਮੁਖੀ ਵਿੱਚ ਹੀ ਨਹੀਂ ਸਗੋਂ ਮੁਹੰਮਦ ਆਸਿਫ਼ ਰਜ਼ਾ ਵੱਲੋਂ ਲਿਪੀਅੰਤਰ ਹੋ ਕੇ ਪਾਕਿਸਤਾਨ ਅੰਦਰ ਸ਼ਾਹਮੁਖੀ ਸਰੂਪ ਵਿੱਚ ਵੀ ਛਪੀ ਹੈ। ਇਹ ਵਧੀਆ ਯਤਨ ਹੈ।
1857 ਦੇ ਗਦਰ ਵਿੱਚ ਉੱਘਾ ਯੋਗਦਾਨ ਪਾਉਣ ਵਾਲੇ ਪੰਜਾਬੀ ਸੂਰਮੇ ਰਾਏ ਅਹਿਮਦ ਖ਼ਾਂ ਖਰਲ ਬਾਰੇ ਇਹ ਪੁਸਤਕ ਸਾਨੂੰ ਪੰਜਾਬੀ ਮਿੱਟੀ ਦੇ ਲੱਜਪਾਲ ਵਿਰਸੇ ਦੇ ਸਨਮੁਖ ਖੜ੍ਹਾ ਕਰਦੀ ਹੈ। ਇਹ ਪੁਸਤਕ ਇਸ ਸੂਰਮੇ ਬਾਰੇ ਹੋਰ ਵੱਧ ਜਾਨਣ ਲਈ ਆਧਾਰ ਪੁਸਤਕ ਬਣੇਗੀ, ਇਹ ਮੇਰਾ ਵਿਸ਼ਵਾਸ ਹੈ। ਮੈਨੂੰ ਮਾਣ ਹੈ ਕਿ ਇਸ ਪੁਸਤਕ ਨੂੰ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਨੇ ਪ੍ਰਕਾਸ਼ਿਤ ਕੀਤਾ ਹੈ। ਸਿਰੜੀ ਖੋਜਕਾਰ ਧਰਮ ਸਿੰਘ ਗੋਰਾਇਆ ਦੇ ਇਸ ਯਤਨ ਨੂੰ ਸਾਰਥਕ ਹੁੰਗਾਰਾ ਮਿਲੇਗਾ, ਇਸ ਗੱਲ ਦਾ ਮੈਨੂੰ ਸੰਪੂਰਨ ਵਿਸ਼ਵਾਸ ਹੈ।
ਗੁਰਭਜਨ ਸਿੰਘ ਗਿੱਲ(ਪ੍ਰੋ.)
ਚੇਅਰਮੈਨ,
ਪੰਜਾਬੀ ਲੋਕ ਵਿਰਾਸਤ ਅਕਾਡਮੀ,
ਲੁਧਿਆਣਾ।