ਜੋਧਾਂ, 30 ਸਤੰਬਰ ( ਬੌਬੀ ਸਹਿਜਲ, ਧਰਮਿੰਦਰ )- ਵਿਆਜ ’ਤੇ ਦਿੱਤੇ ਪੈਸੇ ਵਾਪਸ ਕਰਨ ਲਈ ਦਬਾਅ ਪਾ ਕੇ ਪ੍ਰੇਸ਼ਾਨ ਕਰਨ ਤੇ ਇਕ ਔਰਤ ਵੱਲੋਂ ਘਰ ’ਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲੈਣ ’ਤੇ ਪਤੀ-ਪਤਨੀ ਸਮੇਤ ਤਿੰਨ ਵਿਅਕਤੀਆਂ ਖਿਲਾਫ ਥਾਣਾ ਜੋਧਾਂ ਵਿਖੇ ਧਾਰਾ 306 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਏ.ਐਸ.ਆਈ ਬਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਅਮਰੀਕ ਸਿੰਘ ਵਾਸੀ ਪਿੰਡ ਸਰਾਭਾ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਾਇਆ ਕਿ ਅਗਸਤ ਮਹੀਨੇ ਦੇ ਅਖੀਰਲੇ ਦਿਨਾਂ ਵਿੱਚ ਉਸ ਦੀ ਲੜਕੀ ਮਨਦੀਪ ਕੌਰ ਨੂੰ ਕਮਲ ਨਿਵਾਸੀ ਖੰਡੂਰ ਜੋ ਕਿ ਚਮਿੰਡਾ ਵਿਖੇ ਵਿਆਹੀ ਹੋਈ ਹੈ ਨੇ ਆਪਣੇ ਰਿਸ਼ਤੇਦਾਰ ਹਰਪ੍ਰੀਤ ਸਿੰਘ ਅਤੇ ਉਸਦੀ ਪਤਨੀ ਮਨਰੀਤ ਕੌਰ ਵਾਸੀ ਪਿੰਡ ਦੌਧਰ ਮੋਗਾ ਤੋਂ 10 ਫੀਸਦੀ ਵਿਆਜ ’ਤੇ 80 ਹਜ਼ਾਰ ਰੁਪਏ ਲੈ ਕੇ ਦਿੱਤੇ ਸਨ। ਮੇਰੀ ਲੜਕੀ ਮਨਦੀਪ ਕੌਰ ਨੇ 2 ਮਹੀਨਿਆਂ ਬਾਅਦ ਇਕ ਲੱਖ ਰੁਪਏ ਵਾਪਸ ਕਰਨ ਦਾ ਵਾਅਦਾ ਕੀਤਾ ਸੀ। ਪਰ ਹੁਣ ਕਮਲ ਕੌਰ ਸਮੇਤ ਹਰਪ੍ਰੀਤ ਅਤੇ ਉਸ ਦੀ ਪਤਨੀ ਮਨਰੀਤ ਕੌਰ ਵਾਸੀ ਪਿੰਡ ਦੌਧਰ ਮੇਰੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਸਨ ਕਿ ਤੂੰ ਸਾਨੂੰ 28 ਸਤੰਬਰ ਨੂੰ ਹੀ 80 ਹਜ਼ਾਰ ਵਾਪਸ ਕਰ ਦੇਵੇ। ਇਹ ਸਾਰੇ 28 ਸਤੰਬਰ ਨੂੰ ਸਵੇਰੇ 6 ਵਜੇ ਮੇਰੀ ਲੜਕੀ ਮਨਦੀਪ ਕੌਰ ਦੇ ਘਰ ਖੰਡੂਰ ਵਿਖੇ ਗਏ ਅਤੇ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਹੋਏ ਕਿਹਾ ਕਿ ਸਾਨੂੰ ਹੁਣੇ ਹੀ 80 ਹਜ਼ਾਰ ਰੁਪਏ ਦੇਵੇ। ਅਮਰੀਕ ਸਿੰਘ ਨੇ ਦੱਸਿਆ ਕਿ ਮਨਦੀਪ ਕੌਰ ਨੇ ਉਸ ਨੂੰ ਇਹ ਸਾਰੀ ਗੱਲ ਉਸਨੂੰ ਫੋਨ ’ਤੇ ਦੱਸੀ। ਜਿਸ ਤੋਂ ਬਾਅਦ ਮੇਰੀ ਪਤਨੀ ਸਰਬਜੀਤ ਕੌਰ ਉਸੇ ਸਮੇਂ ਮੇਰੀ ਲੜਕੀ ਕੋਲ ਖੰਡੂਰ ਚਲੀ ਗਈ ਅਤੇ ਉੱਥੇ ਉਸ ਨੇ ਕਮਲ, ਹਰਪ੍ਰੀਤ ਅਤੇ ਉਸ ਦੀ ਪਤਨੀ ਮਨਰੀਤ ਕੌਰ ਨਾਲ ਗੱਲ ਕੀਤੀ ਅਤੇ ਕਿਹਾ ਕਿ ਸਾਨੂੰ 2 ਦਿਨ ਦਾ ਸਮਾਂ ਹੋਰ ਦਿਓ, ਅਸੀਂ ਤੁਹਾਡੇ ਪੈਸੇ ਆਪ ਵਾਪਸ ਕਰ ਦੇਵਾਂਗੇ। ਪਰ ਉਹ ਨਹੀਂ ਮੰਨੇ ੍ਟ ਅਤੇ ਉਹ ਸਾਰੇ ਮੇਰੀ ਧੀ ਨਾਲ ਝਗੜਾ ਕਰਕੇ ਚਲੇ ਗਏ। ਰਾਤ 8 ਵਜੇ ਮੈਨੂੰ ਪਿੰਡ ਖੰਡੂਰ ਤੋਂ ਫੋਨ ਆਇਆ ਕਿ ਮਨਦੀਪ ਕੌਰ ਨੇ ਆਪਣੇ ਕਮਰੇ ’ਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਅਮਰੀਕ ਸਿੰਘ ਦੇ ਬਿਆਨਾਂ ’ਤੇ ਕਮਲ ਕੌਰ ਵਾਸੀ ਖੰਡੂਰ, ਮੌਜੂਦਾ ਵਾਸੀ ਚਮਿੰਡਾ, ਹਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਮਨਰੀਤ ਕੌਰ ਵਾਸੀ ਪਿੰਡ ਦੌਧਰ, ਜ਼ਿਲ੍ਹਾ ਮੋਗਾ ਖ਼ਿਲਾਫ਼ ਧਾਰਾ 306 ਤਹਿਤ ਕੇਸ ਦਰਜ ਕੀਤਾ ਗਿਆ ਹੈ।