ਮਿਥ ਕੇ ਕਤਲ ਕਰਨ ਦੀਆਂ ਸੰਭਾਵੀ ਘਟਨਾਵਾਂ ਨੂੰ ਟਾਲਿਆ
ਅੰਮ੍ਰਿਤਸਰ, 18 ਜੁਲਾਈ ( ਰਾਜੇਸ਼ ਜੈਨ, ਭਗਵਾਨ ਭੰਗੂ)-ਪੰਜਾਬ ਪੁਲਿਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਦੇ ਸਮਰਥਕ ਅੱਤਵਾਦੀ ਮਾਡਿਊਲ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕਰਕੇ ਮਿਥ ਕੇ ਕਤਲ ਕਰਨ ਦੀਆਂ ਸੰਭਾਵੀ ਘਟਨਾਵਾਂ ਨੂੰ ਟਾਲ ਦਿੱਤਾ ਹੈ। ਦੱਸਣਯੋਗ ਹੈ ਕਿ ਇਹ ਮਾਡਿਊਲ ਅਮਰੀਕਾ ਅਧਾਰਤ ਲੋੜੀਂਦੇ ਅੱਤਵਾਦੀ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਅਨ, ਜੋ ਹਰਵਿੰਦਰ ਸਿੰਘ ਉਰਫ ਰਿੰਦਾ ਦਾ ਨਜ਼ਦੀਕੀ ਸਹਿਯੋਗੀ ਹੈ, ਆਪਣੇ ਇਟਲੀ ਅਧਾਰਤ ਸਾਥੀ ਰੇਸ਼ਮ ਸਿੰਘ ਨਾਲ ਮਿਲ ਕੇ ਚਲਾ ਰਿਹਾ ਹੈ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਵਿਕਰਮਜੀਤ ਸਿੰਘ ਵਾਸੀ ਘਣੀਏ ਕੇ ਬਾਂਗਰ, ਬਟਾਲਾ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਸਦੇ ਕਬਜ਼ੇ ‘ਚੋਂ ਇੱਕ .32 ਬੋਰ ਦਾ ਪਿਸਤੌਲ ਸਮੇਤ ਦੋ ਮੈਗਜ਼ੀਨਾਂ, 9 ਜਿੰਦਾ ਕਾਰਤੂਸ ਅਤੇ ਇੱਕ ਗੋਲੀ ਦਾ ਖਾਲੀ ਖੋਲ ਬਰਾਮਦ ਕਰਨ ਤੋਂ ਇਲਾਵਾ ਉਸਦਾ ਰਾਇਲ ਐਨਫੀਲਡ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਅੰਮ੍ਰਿਤਸਰ ਨੂੰ ਭਰੋਸੇਯੋਗ ਜਾਣਕਾਰੀ ਮਿਲੀ ਸੀ ਕਿ ਹੈਪੀ ਪਾਸੀਅਨ ਆਪਣੇ ਸਾਥੀ ਰੇਸ਼ਮ ਸਿੰਘ ਨਾਲ ਮਿਲ ਕੇ ਪੰਜਾਬ ਵਿੱਚ ਵੱਡੀ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਹੈ ਅਤੇ ਇਸ ਮੰਤਵ ਲਈ ਉਨ੍ਹਾਂ ਨੇ ਆਪਣੇ ਪਿਆਦੇ ਵਿਕਰਮਜੀਤ ਸਿੰਘ, ਜੋ ਆਪਣੇ ਬੁਲੇਟ ਮੋਟਰਸਾਈਕਲ ‘ਤੇ ਚਮਰੰਗ ਰੋਡ, ਅੰਮ੍ਰਿਤਸਰ ਵੱਲ ਜਾ ਰਿਹਾ ਹੈ, ਨੂੰ ਇਹ ਕੰਮ ਸੌਂਪਿਆ ਸੀ।
ਉਨ੍ਹਾਂ ਦੱਸਿਆ ਕਿ ਇਸ ਸੂਚਨਾ ‘ਤੇ ਤੁਰੰਤ ਕਾਰਵਾਈ ਕਰਦਿਆਂ ਐਸਐਸਓਸੀ ਅੰਮ੍ਰਿਤਸਰ ਦੀ ਟੀਮ ਨੇ ਇਸ ਖੇਤਰ ਦੀ ਘੇਰਾਬੰਦੀ ਕਰਕੇ ਮੁਲਜ਼ਮ ਵਿਕਰਮਜੀਤ ਸਿੰਘ ਨੂੰ ਕਾਬੂ ਕਰ ਲਿਆ ਅਤੇ ਤਲਾਸ਼ੀ ਦੌਰਾਨ ਪੁਲੀਸ ਟੀਮਾਂ ਨੇ ਉਸ ਦੇ ਕਬਜ਼ੇ ਵਿੱਚੋਂ ਪਿਸਤੌਲ ਸਮੇਤ ਗੋਲੀ-ਸਿੱਕਾ ਬਰਾਮਦ ਕੀਤਾ ਹੈ।
ਡੀਜੀਪੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਆਪਣੇ ਵਿਦੇਸ਼ੀ ਸੰਚਾਲਕਾਂ ਦੇ ਨਿਰਦੇਸ਼ਾਂ ‘ਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਏ.ਆਈ.ਜੀ. ਐਸ.ਐਸ.ਓ.ਸੀ ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਇਹ ਪਤਾ ਲੱਗਾ ਹੈ ਕਿ ਦੋਸ਼ੀ ਵਿਕਰਮਜੀਤ ਪਿਛਲੇ 5-6 ਸਾਲਾਂ ਤੋਂ ਰੇਸ਼ਮ ਸਿੰਘ ਦੇ ਸੰਪਰਕ ਵਿਚ ਸੀ ਅਤੇ ਕੁਝ ਮਹੀਨੇ ਪਹਿਲਾਂ ਰੇਸ਼ਮ ਸਿੰਘ ਨੇ ਉਸ ਨੂੰ ਹੈਪੀ ਪਾਸੀਅਨ ਨਾਲ ਮਿਲ ਕੇ ਅਪਰਾਧਕ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਕਿਹਾ ਸੀ। ਉਹਨਾਂ ਅੱਗੇ ਨੇ ਦੱਸਿਆ ਕਿ ਹੈਪੀ ਪਾਸੀਅਨ ਆਪਣੇ ਗੈਂਗ ਮੈਂਬਰਾਂ ਨੂੰ ਹਥਿਆਰਾਂ ਅਤੇ ਗੋਲੀ-ਸਿੱਕਾ ਸਪਲਾਈ ਕਰਨ ਦਾ ਪ੍ਰਬੰਧ ਕਰਦਾ ਰਿਹਾ ਹੈ ਅਤੇ ਇਸੇ ਤਹਿਤ ਮੁਲਜ਼ਮ ਵਿਕਰਮਜੀਤ ਸਿੰਘ ਨੇ ਹਾਲ ਹੀ ਵਿੱਚ ਹੈਪੀ ਪਾਸੀਅਨ ਦੀਆਂ ਅਪਰਾਧਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਇੱਕ ਖੇਪ ਪ੍ਰਾਪਤ ਕੀਤੀ ਸੀ।
ਇਸ ਸਬੰਧੀ ਐਫ.ਆਈ.ਆਰ. ਨੰਬਰ 43 ਮਿਤੀ 16.07.2024 ਨੂੰ ਥਾਣਾ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਵਿਖੇ ਅਸਲਾ ਐਕਟ ਦੀ ਧਾਰਾ 25 ਅਤੇ ਭਾਰਤੀ ਨਿਆ ਸੰਹਿਤਾ (ਬੀ.ਐਨ.ਐਸ.) ਐਕਟ ਦੀ ਧਾਰਾ 61 (2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।