ਜਗਰਾਉਂ, 15 ਨਵੰਬਰ ( ਸਤੀਸ਼ ਕੋਹਲੀ, ਜੱਸੀ ਢਿੱਲੋਂ)-ਬਲੌਜ਼ਮਜ਼ ਕਾਨਵੈਂਟ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਦ੍ਰਿੜ ਇਰਾਦੇ ਰੱਖਣ ਵਾਲਾ ਪ੍ਰਿਆਂਸ਼ਪ੍ਰੀਤ ਸਿੰਘ ਨੇ ਆਪਣੀ ਅਣਥੱਕ ਮਿਹਨਤ ਸਦਕਾ ਪਿਛਲੇ ਕਈ ਸਾਲਾਂ ਤੋਂ ਆਪਣੀ ਰੋਇੰਗ ਦੀ ਖੇਡ ਵਿਚ ਸੋਨ ਤਗਮੇ ਜਿੱਤ ਕੇ ਆਪਣੀ ਇੱਕ ਅਲੱਗ ਪਹਿਚਾਣ ਬਣਾਈ ਹੋਈ ਹੈ। ਉੱਥੇ ਹੀ ਉਸਨੇ ਪਿਛਲੇ ਦਿਨੀਂ ਨੈਸ਼ਨਲ ਪੱਧਰ ਦੀ ਪ੍ਰਤੀਯੋਗਤਾ ਜੋ ਚੰਡੀਗੜ੍ਹ ਵਿਖੇ ਹੋਈ ਵਿਚ ਦੂਜਾ ਸਥਾਨ ਪ੍ਰਾਪਤ ਕਰਕੇ ਨੈਸ਼ਨਲ ਸਿਲਵਰ ਮੈਡਲਿਸਟ ਦਾ ਖਿਤਾਬ ਆਪਣੇ ਨਾਮ ਕਰਵਾਇਆ ਅਤੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ। ਬੱਚੇ ਦੀ ਵੱਖਰੀ ਖੇਡ ਵਿਚ ਦਿਲਚਸਪੀ ਅਤੇ ਹਮੇਸ਼ਾ ਤੋਂ ਅੱਗੇ ਵੱਧਣ ਲਈ ਕੀਤੀ ਮਿਹਨਤ ਦੀ ਹਰ ਪਾਸੇ ਵਾਹ-ਵਾਹ ਹੋ ਰਹੀ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਬੱਚੇ ਦੇ ਪਿਤਾ ਸ:ਸੁਰਜੀਤ ਸਿੰਘ (ਪੁਲਿਸ ਅਫ਼ਸਰ) ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਹਰ ਇੱਕ ਮਾਪਾ ਇੱਕ ਹੋਣਹਾਰ ਬੱਚੇ ਦੀ ਕਾਮਨਾ ਕਰਦਾ ਹੈ ਤੁਸੀਂ ਆਪਣੇ ਬੱਚੇ ਨੂੰ ਦਿੱਤੇ ਗੁਣਾਂ ਦੀ ਮਿਹਨਤੀ ਮਹਿਕ ਇਸਦੀ ਸਫ਼ਲਤਾ ਦੇ ਰਸਤਿਆਂ ਵਿਚੋਂ ਖਾਸ ਝਲਕ ਦੇ ਕੇ ਇਸਨੂੰ ਬੁਲੰਦ ਉਚਾਈਆਂ ਤੇ ਪਹੁੰਚਾ ਰਹੀ ਹੈ। ਇਹ ਬੱਚਾ ਸਾਡੇ ਸਕੂਲ ਲਈ ਖੇਡ-ਜਗਤ ਦਾ ਚਮਕਦਾ ਸਿਤਾਰਾ ਹੈ। ਜਿਸਨੇ ਹਰ ਵਾਰ ਆਪਣੇ ਗਲੇ ਵਿਚ ਤਗਮੇ ਪਾ ਕੇ ਨਾਮ ਰੌਸ਼ਨ ਕੀਤਾ ਹੈ। ਉਹਨਾਂ ਬਾਕੀ ਵਿਦਿਆਰਥੀਆਂ ਨੁੰ ਪ੍ਰਿਆਂਸ਼ਪ੍ਰੀਤ ਤੋਂ ਪ੍ਰੇਰਿਤ ਹੋ ਕੇ ਨਾਮਨਾ ਖੱਟਣ ਦੀ ਤਾਗੀਦ ਕੀਤੀ ਤੇ ਨਾਲ ਬੱਚੇ ਲਈ ਸ਼ੁੱਭ-ਇੱਛਾਵਾਂ ਦਿੱਤੀਆਂ ਕਿ ਅਸੀਂ ਉਸ ਦਿਨ ਦੀ ਉਡੀਕ ਵਿਚ ਹਾਂ ਕਿ ਇਹ ਵਿਦਿਆਰਥੀ ਹੋਰ ਅੱਗੇ ਵੱਧਦਾ ਹੋਇਆ ਅੰਤਰ-ਰਾਸ਼ਟਰੀ ਪੱਧਰ ਦੀਆਂ ਖੇਡਾਂ ਵਿਚ ਗੋਲਡ ਮੈਡਲ ਲੈ ਕੇ ਸਾਡੇ ਸਾਹਮਣੇ ਆਵੇ ਤੇ ਆਪਣੇ ਜੀਵਨ ਦੇ ਮਿੱਥੇ ਟੀਚੇ ਨੂੰ ਫ਼ਤਹਿ ਕਰਕੇ ਸਾਡੇ ਪੰਜਾਬ ਅਤੇ ਭਾਰਤ ਦੇਸ਼ ਦਾ ਨਾਮ ਰੌਸ਼ਨ ਕਰੇ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਅਜਮੇਰ ਸਿੰਘ ਰੱਤੀਆਂ ਅਤੇ ਸਤਵੀਰ ਸਿੰਘ ਨੇ ਵੀ ਪ੍ਰਿਆਂਸ਼ਪ੍ਰੀਤ ਸਿੰਘ ਨੁੰ ਵਧਾਈ ਦਿੱਤੀ।
