ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਕੇ ਵਾਤਾਵਰਨ ਬਚਾਉਣ ਦੀ ਕੀਤੀ ਅਪੀਲ
ਜਗਰਾਉ (ਰਾਜੇਸ ਜੈਨ-ਭਗਵਾਨ ਭੰਗੂ) ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਅੱਜ ਰੁੱਖ ਲਗਾਕੇ ਵਣ-ਮਹਾਂਉਤਸਵ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਉਹਨਾਂ ਵੱਲੋਂ ਵਣ-ਵਿਭਾਗ ਜਗਰਾਉਂ ਦੇ ਕਰਮਚਾਰੀਆਂ ਨਾਲ ਜਗਰਾਉਂ ਦੇ ਸੂਆ ਰੋਡ ਉਪਰ ਅੰਬ ਅਤੇ ਜਾਮਣ ਦੇ ਦਰਖਤ ਲਗਾਏ ਗਏ ਅਤੇ ਦਰਖਤਾਂ ਦੀ ਸਾਂਭ-ਸੰਭਾਲ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਉਹਨਾਂ ਦੇ ਨਾਲ ਪ੍ਰੋਫੈਸਰ ਸੁਖਵਿੰਦਰ ਸਿੰਘ ਵੀ ਵਿਸ਼ੇਸ਼ ਤੌਰਤੇ ਹਾਜ਼ਰ ਸਨ। ਵਿਧਾਇਕਾ ਮਾਣੂੰਕੇ ਨੇ ਦੱਸਿਆ ਕਿ ਵਣ ਵਿਭਾਗ ਰਾਹੀਂ ਅੱਜ ਵਣ-ਮਹਾਂਉਤਸਵ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਸ਼ਹਿਰ ਤੇ ਇਲਾਕੇ ਦੇ ਬਾਕੀ ਹਿੱਸਿਆਂ ਵਿੱਚ ਵੀ ਫਲ-ਦਾਰ ਅਤੇ ਛਾਂ-ਦਾਰ ਦਰਖਤ ਲਗਾਏ ਜਾਣਗੇ। ਉਹਨਾਂ ਆਖਿਆ ਕਿ ਭਾਵੇਂ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਆਪਣੇ ਪੱਧਰ ਤੇ ਉਪਰਾਲੇ ਕਰਕੇ ਦਰਖਤ ਲਗਾ ਰਹੇ ਹਨ ਅਤੇ ਉਹਨਾਂ ਦੀ ਸਾਂਭ ਸੰਭਾਲ ਦੀ ਵੀ ਜ਼ਿੰਮੇਵਾਰੀ ਚੱਕ ਰਹੇ ਹਨ, ਜੋ ਕਿ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਪਰੰਤੂ ਅੱਜ ਅਸੀਂ ਅਜਿਹੇ ਦੌਰ ਵਿੱਚੋਂ ਗੁਜ਼ਰ ਰਹੇ ਹਾਂ ਕਿ ਦਰਖਤਾਂ ਦੀ ਘਾਟ ਕਾਰਨ ਧਰਤੀ ਹੇਠਲਾ ਪਾਣੀ ਲਗਾਤਾਰ ਨੀਵੇਂ ਪੱਧਰ ਵੱਲ ਨੂੰ ਜਾ ਰਿਹਾ ਹੈ ਤੇ ਹਵਾ-ਪਾਣੀ ਦੂਸ਼ਿਤ ਹੋ ਰਿਹਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਆਖਿਆ ਕਿ ਹਰ ਇੱਕ ਮਨੁੱਖ ਨੂੰ ਵੱਧ ਤੋਂ ਵੱਧ ਦਰਖਤ ਲਗਾਕੇ ਵਾਤਾਵਰਨ ਦੀ ਸ਼ੁੱਧਤਾ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ, ਨਹੀਂ ਤਾਂ ਆਉਣ ਵਾਲੀਆਂ ਸਾਡੀਆਂ ਪੀੜੀਆਂ ਸਾਨੂੰ ਕਦੇ ਵੀ ਮੁਆਫ਼ ਨਹੀਂ ਕਰਗੀਆਂ। ਉਹਨਾਂ ਸ਼ਹਿਰ ਦੇ ਸਕੂਲਾਂ, ਕਾਲਜਾਂ ਅਤੇ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਵਾਤਾਵਰਨ ਬਚਾਉਣ ਲਈ ਇਸ ਵਾਰ ਵੱਧ ਤੋਂ ਵੱਧ ਫਲ-ਦਾਰ ਤੇ ਛਾਂ-ਦਾਰ ਦਰੱਖਤ ਲਗਾਉਣ ਲਈ ਉਪਰਾਲੇ ਕਰਨ। ਇਸ ਮੌਕੇ ਉਹਨਾਂ ਦੇ ਨਾਲ ਡਾ.ਮਨਦੀਪ ਸਿੰਘ ਸਰਾਂ, ਕਾਕਾ ਕੋਠੇ ਅੱਠ ਚੱਕ, ਵਣ ਵਿਭਾਗ ਤੋਂ ਮੈਡਮ ਪੂਨਮ ਦੇਵੀ, ਸਵਰਨ ਸਿੰਘ, ਨੀਰਜ ਕੁਮਾਰ, ਹਰਦਿਆਲ ਸਿੰਘ, ਜੱਗਾ ਸਿੰਘ ਅਤੇ ਮਲਕੀਤ ਸਿੰਘ ਆਦਿ ਵੀ ਹਾਜ਼ਰ ਸਨ।