ਜਗਰਾਉਂ, 4 ਮਾਰਚ ( ਰਾਜੇਸ਼ ਜੈਨ )-ਸਮਾਜ ਸੇਵੀ ਤਿਲਕ ਰਾਜ ਜੈਨ ਨਮਿਤ ਰਸਮ ਪਗੜੀ ਅਤੇ ਸ਼ਰਧਾਂਜਲੀ ਸਮਾਰੋਹ ਉਨ੍ਹਾਂ ਦੇ ਹੀ ਅਨੁਵਰਤ ਪਬਲਿਕ ਸਕੂਲ ਵਿੱਚ ਕਰਵਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਜੈਨ ਪਰਿਵਾਰ ਨੂੰ ਦਿਲਾਸਾ ਦੇਣ ਲਈ ਵੱਖ-ਵੱਖ ਰਾਜਾਂ ਤੋਂ ਕਈ ਪਤਵੰਤੇ ਅਤੇ ਨਾਮਵਰ ਸ਼ਖ਼ਸੀਅਤਾਂ ਜਗਰਾਓਂ ਪੁੱਜੀਆਂ ਅਤੇ ਤਿਲਕ ਰਾਜ ਜੈਨ ਦੀ ਧਾਰਮਿਕ ਬਿਰਤੀ, ਨੇਕ ਜੀਵਨ ਸ਼ੈਲੀ, ਧਾਰਮਿਕ ਅਤੇ ਸਮਾਜਿਕ ਕਾਰਜਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਤੇਰਾਪੰਥ ਜੈਨ ਧਰਮ ਦੇ ਮੁਨੀ ਸ਼੍ਰੀ ਅਤੇ ਉੱਤਰੀ ਭਾਰਤ ਦੇ ਵੱਖ-ਵੱਖ ਖੇਤਰਾਂ ਰਾਜਸਥਾਨ, ਹਰਿਆਣਾ, ਦਿੱਲੀ, ਸਾਬਰ ਕਾਂਡਾ ਅਤੇ ਪੰਜਾਬ ਤੋਂ ਆਏ ਸਾਧੂ-ਸਾਧਵੀਆਂ ਸਮੇਤ ਵੱਖ-ਵੱਖ ਰਾਜਾਂ ਤੋਂ ਸ਼ੋਕ ਅਤੇ ਮਾਰਗਦਰਸ਼ਨ ਦੇ ਸੰਦੇਸ਼ ਆਏ। ਇਸ ਮੌਕੇ ਸਤਿੰਦਰ ਪਾਲ ਜੈਨ ਸਕੱਤਰ ਉੱਤਰੀ ਭਾਰਤ, ਯੋਗੇਸ਼ ਜੈਨ, ਰਾਧਾ ਜੈਨ, ਇਤਿਕਾ ਜੈਨ ਅਨੁਵਰਤ ਪਬਲਿਕ ਸਕੂਲ ਦੇ ਸਾਬਕਾ ਪ੍ਰਿੰਸੀਪਲ, ਵਿਸ਼ਾਲ ਜੈਨ ਡਾਇਰੈਕਟਰ ਮਹਾਪ੍ਰਗਿਆ ਸਕੂਲ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਦੇ ਅਹੁਦੇਦਾਰ, ਸਕੂਲਾਂ ਦੇ ਮੁਖੀ ਅਤੇ ਇਲਾਕੇ ਦੀਆਂ ਉੱਘੀਆਂ ਸ਼ਖ਼ਸੀਅਤਾਂ ਹਾਜ਼ਰ ਸਨ। ਸਟੇਜ ਦਾ ਸੰਚਾਲਨ ਧਰਮਪਾਲ ਜੈਨ ਆਰ.ਐਸ.ਐਸ. ਸਭਾ ਜਗਰਾਉਂ ਨੇ ਕੀਤਾ। ਅੰਤ ਵਿੱਚ ਵਿਸ਼ਾਲ ਜੈਨ (ਪੋਤਰਾ) ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਤਿਲਕ ਰਾਜ ਜੈਨ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦੀ ਆਪਣੀ ਵਚਨਬੱਧਤਾ ਦੁਹਰਾਈ।