ਲੁਟੇਰੇ ਹੋਏ ਹਾਈ ਫਾਈ, ਹੁਣ ਲੁੱਟ ਦੀ ਨਵੀਂ ਤਕਨੀਕ ਅਪਣਾਈ
ਜਗਰਾਉਂ, 4 ਮਾਰਚ ( ਰਾਜੇਸ਼ ਜੈਨ, ਭਗਵਾਨ ਭੰਗੂ )- ਲੁਟੇਰਿਆਂ ਨੇ ਹੁਣ ਲੁੱਟ ਦਾ ਨਵਾਂ ਢੰਗ ਅਪਣਾ ਲਿਆ ਹੈ। ਜਿਸਦੀ ਮਿਸਾਲ ਅੱਜ ਸ਼ੇਰਪੁਰ ਰੋਡ ’ਤੇ ਨਵੀਂ ਦਾਣਾ ਮੰਡੀ ਨੇੜੇ ਦੇਖਣ ਨੂੰ ਮਿਲੀ। ਜਿਸ ਵਿੱਚ ਲੁਟੇਰਿਆਂ ਨੇ ਰਾਹ ਪੁੱਛਣ ਦੇ ਬਹਾਨੇ ਇੱਕ ਐਨਆਰਆਈ ਦੇ ਹੱਥੋਂ ਮੁੰਦਰੀ ਲਾਹ ਲਈ। ਐਨਆਰਆਈ ਜਰਨੈਲ ਸਿੰਘ ਵਾਸੀ ਸ਼ੇਰਪੁਰ ਰੋਡ ਜਗਰਾਉਂ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਦੁਪਹਿਰ ਵੇਲੇ ਆਪਣੀ ਐਕਟਿਵਾ ਸਕੂਟੀ ’ਤੇ ਸ਼ੇਰਪੁਰ ਰੋਡ ਤੋਂ ਨਵੀਂ ਦਾਣਾ ਮੰਡੀ ਵੱਲ ਜਾ ਰਿਹਾ ਸੀ। ਜਦੋਂ ਉਹ ਗੁਰਦੁਆਰਾ ਕਲਗੀਧਰ ਨੇੜੇ ਪਹੁੰਚਿਆ ਤਾਂ ਉਸ ਦੇ ਪਿੱਛੇ ਮੋਟਰਸਾਈਕਲ ’ਤੇ ਤਿੰਨ ਵਿਅਕਤੀ ਆਏ, ਉਨ੍ਹਾਂ ਅੱਗ ਹੋ ਕੇ ਮੈਨੂੰ ਰੋਕ ਲਿਆ ਅਤੇ ਪੁੱਛਣ ਲੱਗੇ ਕਿ ਉਨ੍ਹਾਂ ਨੇ ਸੁਲਤਾਨਪੁਰ ਲੋਧੀ ਜਾਣਾ ਹੈ। ਕਿਸ ਰਾਹ ਜਾਣਾ ਹੈ? ਮੈਂ ਉਨ੍ਹਾਂ ਨੂੰ ਰਸਤਾ ਦੱਸ ਰਿਹਾ ਸੀ ਕਿ ਦੋ ਹੋਰ ਅਣਪਛਾਤੇ ਵਿਅਕਤੀ ਮੋਟਰਸਾਈਕਲ ’ਤੇ ਆਏ। ਉਨ੍ਹਾਂ ਕਿਹਾ ਕਿ ਅਸੀਂ ਸਿੱਧਵਾਂਬੇਟ ਜਾਣਾ ਹੈ। ਜਿਸ ’ਤੇ ਉਸ ਨੇ ਉਨ੍ਹਾਂ ਨੂੰ ਸਿੱਧਵਾਂਬੇਟ ਦਾ ਰਸਤਾ ਦੱਸਿਆ। ਮੋਟਰਸਾਈਕਲ ਸਵਾਰ ਨੇ ਧੰਨਵਾਦ ਕਹਿ ਕੇ ਉਸ ਨਾਲ ਹੱਥ ਮਿਲਾਇਆ ਅਤੇ ਉਸ ਦੇ ਹੱਥ ਵਿਚ ਪਈ 11 ਗ੍ਰਾਮ ਦੀ ਸੋਨੇ ਦੀ ਮੁੰਦਰੀ ਲਾਹ ਕੇ ਆਪਣੇ ਮੋਟਰਸਾਈਕਲ ’ਤੇ ਫ਼ਰਾਰ ਹੋ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਲੁਟੇਰਿਆਂ ਦਾ ਪਿੱਛਾ ਵੀ ਕੀਤਾ ਪਰ ਉਹ ਫੜ ਨਹੀਂ ਸਕਿਆ। ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕਰਨ ’ਤੇ ਉਹ ਲੁਟੇਰੇ ਨਜ਼ਰ ਆ ਰਹੇ ਹਨ।

