ਜਗਰਾਉਂ, 29 ਮਾਰਚ ( ਬੌਬੀ ਸਹਿਜਲ, ਧਰਮਿੰਦਰ )-ਥਾਣਾ ਹਠੂਰ ਅਤੇ ਥਾਣਾ ਸੁਧਾਰ ਦੀ ਪੁਲਿਸ ਪਾਰਟੀਆਂ ਵਲੋਂ 4 ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰਕੇ ਉਨ੍ਹਾਂ ਪਾਸੋਂ 150 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਅਤੇ 24 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ। ਥਾਣਾ ਹਠੂਰ ਤੋਂ ਏ.ਐਸ.ਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਹਠੂਰ ਬੱਸ ਸਟੈਂਡ ਵਿਖੇ ਚੈਕਿੰਗ ਦੌਰਾਨ ਮੌਜੂਦ ਸਨ। ਉੱਥੇ ਇਤਲਾਹ ਮਿਲੀ ਕਿ ਮਹਿੰਦਰ ਸਿੰਘ ਵਾਸੀ ਪਿੰਡ ਮਾਣੂੰਕੇ ਆਪਣੇ ਦੋਸਤ ਅਮਰੀਕ ਸਿੰਘ ਉਰਫ ਵਿੱਕੀ ਵਾਸੀ ਮਹਿਲ ਖੁਰਦ ਜ਼ਿਲ੍ਹਾ ਬਰਨਾਲਾ ਅਤੇ ਲਵਪ੍ਰੀਤ ਸਿੰਘ ਵਾਸੀ ਪਿੰਡ ਡਾਲਾ ਜ਼ਿਲ੍ਹਾ ਮੋਗਾ ਨਾਲ ਮਿਲ ਕੇ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦੇ ਹਨ। ਇਹ ਤਿੰਨੋਂ ਮੋਟਰਸਾਈਕਲ ਸਪਲੈਂਡਰ ’ਤੇ ਪਿੰਡ ਚੱਕਰ ਵਾਲੇ ਪਾਸੇ ਤੋਂ ਗੋਲੀਆਂ ਸਪਲਾਈ ਕਰਨ ਲਈ ਆ ਰਹੇ ਹਨ। ਇਸ ਸੂਚਨਾ ’ਤੇ ਨਾਕਾਬੰਦੀ ਕਰਕੇ ਮੋਟਰਸਾਈਕਲ ’ਤੇ ਆ ਰਹੇ ਮਹਿੰਦਰ ਸਿੰਘ, ਅਮਰੀਕ ਸਿੰਘ ਅਤੇ ਲਵਪ੍ਰੀਤ ਸਿੰਘ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 150 ਨਸ਼ੀਲੀਆਂ ਗੋਲੀਆਂ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ। ਥਾਣਾ ਸੁਧਾਰ ਤੋਂ ਏ.ਐਸ.ਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਪਿੰਡ ਬੁਡੈਲ ਤੋਂ ਪਿੰਡ ਹਿੱਸੋਵਾਲ ਨੂੰ ਪੱਕੀ ਸੜਕ ’ਤੇ ਜਾ ਰਹੇ ਸਨ। ਜਦੋਂ ਪੁਲੀਸ ਪਾਰਟੀ ਬੁਡੈਲ ਤੋਂ ਅੱਗੇ ਪੁਲ ਡਰੇਨ ਨੇੜੇ ਪੁੱਜੀ ਤਾਂ ਖੇਤਾਂ ਕੋਲ ਇੱਕ ਵਿਅਕਤੀ ਪਲਾਸਟਿਕ ਦਾ ਭਾਰਾ ਥੈਲਾ ਲੈ ਕੇ ਬੈਠਾ ਸੀ। ਜਿਸ ਨੇ ਪੁਲੀਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਸ਼ੱਕ ਪੈਣ ’ਤੇ ਉਸ ਨੂੰ ਘੇਰ ਕੇ ਉਸ ਦੇ ਪਲਾਸਟਿਕ ਦੇ ਥੈਲੇ ਦੀ ਚੈਕਿੰਗ ਕੀਤੀ ਗਈ ਤਾਂ ਉਸ ਵਿੱਚੋਂ 24 ਬੋਤਲਾਂ ਠੇਕਾ ਦੇਸੀ ਪਾਵਰ ਸਟਾਰ ਫਾਈਨ ਵਿਸਕੀ ਦੀਆਂ ਬਰਾਮਦ ਹੋਈਆਂ। ਵਿਅਕਤੀ ਦੀ ਪਛਾਣ ਸੁਰਜੀਤ ਸਿੰਘ ਪਿੰਡ ਹਿੱਸੋਵਾਲ ਵਜੋਂ ਹੋਈ ਹੈ। ਉਸ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ ਅਤੇ ਉਸ ਵਿਰੁੱਧ ਥਾਣਾ ਸੁਧਾਰ ਵਿਖੇ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ।